ਪਾਤੜਾਂ, (ਭੁਪਿੰਦਰਜੀਤ ਮੌਲਵੀਵਾਲਾ/ ਨਿਸ਼ਾਨ ਸਿੰਘ ਬਣਵਾਲਾ)
ਲੋਕਾਂ ਲਈ ਆਪਾ ਵਾਰਨ ਵਾਲੇ ਅਤੇ ਦੇਸ਼ ਲਈ ਜ਼ਿੰਦਗੀ ਲਾਉਣ ਵਾਲੇ ਲੋਕ ਮਹਾਨ ਲੋਕ ਹੁੰਦੇ ਹਨ | ਉਹ ਦੁਨੀਆ ਉਤੇ ਵਿਰਲੇ ਹੀ ਪੈਦਾ ਹੁੰਦੇ ਹਨ | ਅਜੋਕੇ ਸਮੇਂ ਦੌਰਾਨ ਜਦੋਂ ਦੇਸ਼ ਦੇ ਹਾਲਾਤ ਬਦਤਰ ਹੋਣ ਵੱਲ ਵਧ ਰਹੇ ਹਨ, ਉਸ ਸਮੇਂ ਅਜਿਹੇ ਮਹਾਨ ਮਨੁੱਖਾਂ ਦੇ ਵਿਚਾਰਾਂ ਤੋਂ ਸੇਧ ਲੈਣਾ ਸਮੇਂ ਦੀ ਮੁੱਖ ਲੋੜ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਨੇੜਲੇ ਪਿੰਡ ਨਿਹਾਲਗੜ੍ਹ ਵਿਖੇ ਪੈਪਸੂ ਦੀ ਮੁਜ਼ਾਰਾ ਲਹਿਰ ਦੇ ਆਗੂ ਮਹਾਨ ਦੇਸ਼ ਭਗਤ ਕਾਮਰੇਡ ਤੇਜਾ ਸਿੰਘ ਸੁਤੰਤਰ ਦੇ ਸਥਾਪਤ ਕੀਤੇ ਗਏ ਆਦਮਕੱਦ ਬੁੱਤ ਤੋਂ ਪਰਦਾ ਉਠਾਉਣ ਦੀ ਰਸਮ ਮਗਰੋਂ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ |
ਮਾਨ ਨੇ ਕਿਹਾ ਕਿ ਕਾਮਰੇਡ ਤੇਜਾ ਸਿੰਘ ਸੁਤੰਤਰ ਦੇਸ਼ ਦੇ ਮਹਾਨ ਸਪੂਤ ਸਨ | ਉਨ੍ਹਾ ਸਾਰੀ ਜ਼ਿੰਦਗੀ ਕਿਸਾਨਾਂ ਅਤੇ ਮਜ਼ਦੂਰਾਂ ਦੀ ਭਲਾਈ ਲਈ ਲੇਖੇ ਲਾ ਦਿੱਤੀ | ਉਨ੍ਹਾਂ ਦੇ ਬੁੱਤ ਲਾਉਣੇ ਹੀ ਕਾਫੀ ਨਹੀਂ ਹਨ, ਉਨ੍ਹਾਂ ਤੋਂ ਸਮੇਂ-ਸਮੇਂ ਉਤੇ ਪ੍ਰੇਰਣਾ ਲੈਣੀ ਵੀ ਜ਼ਰੂਰੀ ਹੈ | ਪਹਿਲਾਂ ਤੇਜਾ ਸਿੰਘ ਸੁਤੰਤਰ ਨੇ ਦੇਸ਼ ਦੀ ਅਜ਼ਾਦੀ ਲਈ ਲੜਾਈ ਲੜੀ, ਉਸ ਤੋਂ ਬਾਅਦ ਆਜ਼ਾਦੀ ਮਿਲਣ ਤੋਂ ਬਾਅਦ ਲੋਕਾਂ ਨੂੰ ਅਸਲ ਆਜ਼ਾਦੀ ਪ੍ਰਾਪਤ ਕਰਨ ਲਈ ਵੀ ਲੜਾਈ ਲੜਣੀ ਪਈ | ਅੰਗਰੇਜ਼ਾਂ ਦੇ ਸਮੇਂ ਰੂਪੋਸ਼ ਹੋ ਕੇ ਗੁਰੀਲਾ ਲੜਾਈ ਹਕੂਮਤ ਦੇ ਖਿਲਾਫ ਲੜੀ | ਜ਼ਮੀਨੀ ਲੜਾਈ ਲਈ ਵੱਡੇ ਜਗੀਰਦਾਰਾਂ ਤੋਂ ਮੁਜ਼ਾਰਿਆ ਦੀ ਲੜਾਈ ਲੜਦੇ ਹੋਏ ਜ਼ਮੀਨਾਂ ਵਾਹੀ ਕਰਨ ਵਾਲੇ ਲੋਕਾਂ ਦੇ ਨਾਂਅ ਕਰਵਾਈਆਂ | ਵੱਡੇ ਲੋਕਾਂ ਤੋਂ ਜ਼ਮੀਨਾਂ ਛੁਡਵਾ ਕੇ ਗਰੀਬਾਂ ਨੂੰ ਦੇਣੀਆਂ ਉਨ੍ਹਾ ਦਾ ਪਵਿੱਤਰ ਕੰਮ ਸੀ | ਇਸ ਤਰਜ਼ ਉਤੇ ਪੰਜਾਬ ਸਰਕਾਰ ਵੀ ਲੋਕਾਂ ਦੁਆਰਾ ਦੱਬੀ ਗਈ ਸਰਕਾਰੀ ਜਾਂ ਪੰਚਾਇਤੀ ਜ਼ਮੀਨ ਦੇ ਕਬਜ਼ੇ ਛੁਡਾ ਨੇ ਸਰਕਾਰ ਦੀ ਆਮਦਨ ਵਿੱਚ ਵਾਧਾ ਕਰ ਰਹੀ ਹੈ | ਉਹਨਾ ਕਿਹਾ ਕਿ ਬੇਸ਼ੱਕ ਤੇਜਾ ਸਿੰਘ ਸੁਤੰਤਰ ਗੁਰਦਾਸਪੁਰ ਵਿੱਚ ਪੈਦਾ ਹੋਏ, ਪਰ ਉਨ੍ਹਾ ਦੀ ਕਰਮ ਭੂਮੀ ਜ਼ਿਲ੍ਹਾ ਸੰਗਰੂਰ ਹੀ ਰਿਹਾ ਹੈ | ਪੜੇ੍ਹ-ਲਿਖੇ ਵਿਦਵਾਨ ਹੋਣ ਦੇ ਨਾਲ-ਨਾਲ ਉਹ ਕਈ ਵਿਦੇਸ਼ੀ ਭਾਸ਼ਾਵਾਂ ਦੇ ਗਿਆਤਾ ਵੀ ਸਨ | ਇਸ ਕਰਕੇ ਉਨ੍ਹਾ ਨੇ ਕਿਰਤੀ ਕਾਲਜ ਨਿਆਲ ਦੀ ਸਥਾਪਨਾ ਕੀਤੀ, ਜਿਸ ਨਾਲ ਹਜ਼ਾਰਾਂ ਲੋਕ ਵਿਦਿਆ ਪ੍ਰਾਪਤ ਕਰ ਰਹੇ ਹਨ |
ਸੀ ਪੀ ਆਈ ਦੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਮਰੇਡ ਸੁਤੰਤਰ ਵਰਗੇ ਮਨੁੱਖ ਇਤਿਹਾਸ ਵਿਚ ਕਦੇ-ਕਦੇ ਹੀ ਪੈਦਾ ਹੁੰਦੇ ਹਨ | ਉਨ੍ਹਾ ਨਾ ਸਿਰਫ ਮੁਜ਼ਾਰਿਆਂ ਨੂੰ ਉਨ੍ਹਾਂ ਦੇ ਜ਼ਮੀਨਾਂ ਦੇ ਹੱਕ ਲੈ ਕੇ ਦਿੱਤੇ, ਸਗੋਂ ਵਿਦਿਆ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਇਆ | ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਉਨ੍ਹਾ ਕਿਹਾ ਕਿ ਉਹ ਜ਼ਮੀਨ ਨਾਲ ਜੁੜੇ ਹੋਏ ਹਨ ਅਤੇ ਜ਼ਮੀਨ ਨਾਲ ਜੁੜੇ ਹੋਇਆਂ ਨੂੰ ਬਹੁਤੀਆਂ ਸਮੱਸਿਆਵਾਂ ਦੱਸਣ ਦੀ ਲੋੜ ਨਹੀਂ ਹੁੰਦੀ | ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਕਾਮਰੇਡ ਸੁਤੰਤਰ ਵੱਡੇ ਵਿਦਵਾਨ ਸਨ, ਜਿਹੜੇ ਆਉਣ ਵਾਲੇ ਸਮੇਂ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਤੋਂ ਭਲੀਭਾਂਤ ਜਾਣੂ ਸਨ | ਇਹੀ ਕਾਰਨ ਸੀ ਕਿ ਉਨ੍ਹਾ ਵਿਦਿਆ ਦੇ ਪਸਾਰ ਲਈ ਕਿਰਤੀ ਕਾਲਜ ਵਰਗੀ ਸੰਸਥਾ ਉਸ ਸਮੇਂ ਹੋਂਦ ਵਿੱਚ ਲਿਆਂਦੀ, ਜਦੋਂ ਲੋਕ ਵਿਦਿਆ ਤੋਂ ਬਹੁਤ ਅਣਜਾਣ ਸਨ | ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਿਹਾਲਗੜ੍ਹ ਵਾਸੀਆਂ ਵੱਲੋਂ ਕੀਤੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਿਹੇ ਇਨਕਲਾਬੀ ਕਾਰਜ ਸੰਗਰੂਰ ਹਿੱਸੇ ਹੀ ਆਏ ਹਨ | ਹੋਰਨਾਂ ਤੋਂ ਇਲਾਵਾ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ, ਵਿਧਾਇਕ ਸ਼ੁਤਰਾਣਾ ਕੁਲਵੰਤ ਸਿੰਘ, ਵਿਧਾਇਕ ਲਹਿਰਾਗਾਗਾ ਬਰਿੰਦਰ ਗੋਇਲ, ਕਿਸਾਨ ਆਗੂ ਬਲਦੇਵ ਸਿੰਘ ਨਿਹਾਲਗੜ੍ਹ, ਚੇਅਰਮੈਨ ਪੀਤੂ ਛਾਹੜ, ਸਰਪੰਚ ਨਿਹਾਲਗੜ੍ਹ ਬਘੇਲ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਬਲਕਰਨ ਸਿੰਘ ਬਰਾੜ ਤੇ ਕਿ੍ਸ਼ਨ ਚੌਹਾਨ ਆਦਿ ਹਾਜ਼ਰ ਸਨ |





