ਦੁਕਾਨਦਾਰਾਂ ਦੀ ਲੜਾਈ ‘ਚ ਗੋਲੀ ਚੱਲਣ ਨਾਲ ਇਕ ਦੀ ਮੌਤ

0
291

ਬਠਿੰਡਾ (ਪਰਵਿੰਦਰ ਜੀਤ ਸਿੰਘ)-ਸਥਾਨਕ ਮੰਡੀ ਦੀ ਸੁਪਰ ਮਾਰਕੀਟ ‘ਚ ਦੋ ਦੁਕਾਨਦਾਰਾਂ ਦੀ ਆਪਸੀ ਲੜਾਈ ਦੌਰਾਨ ਗੋਲੀਆਂ ਚੱਲਣ ਨਾਲ ਇੱਕ ਦੀ ਮੌਤ ਹੋ ਗਈ ਅਤੇ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ | ਇਨ੍ਹਾਂ ਦੋਵਾਂ ‘ਚ ਇਕ ਦਰਜੀ ਦਾ ਕੰਮ ਕਰਨ ਵਾਲਾ ਨੇੜਲੇ ਪਿੰਡ ਸੇਖੂ ਦਾ ਨੌਜਵਾਨ ਗੁਰਪ੍ਰੀਤ ਸਿੰਘ ਅਤੇ ਦੂਜਾ ਮੁਨਿਆਰੀ ਦਾ ਕੰਮ ਕਰਨ ਵਾਲਾ ਸਤੀਸ਼ ਕੁਮਾਰ ਹੈ |
ਇਹਨਾਂ ਦੋਵਾਂ ਦੀਆਂ ਦੁਕਾਨਾਂ ਨਾਲ-ਨਾਲ ਹਨ ਅਤੇ ਆਪਸ ‘ਚ ਗੁਆਂਢੀ ਵੀ ਹਨ | ਇਨ੍ਹਾਂ ਦੇ ਨੇੜਲੇ ਦੁਕਾਨਦਾਰਾਂ ਨੇ ਦੱਸਿਆ ਕਿ ਇਨ੍ਹਾਂ ਦੀ ਪਿਛਲੇ ਕਾਫੀ ਸਮੇਂ ਤੋਂ ਤਕਰਾਰ ਚੱਲੀ ਆ ਰਹੀ ਸੀ ਜਿਸ ਨੂੰ ਲੈ ਕੇ ਇਨ੍ਹਾਂ ਦਾ ਪਹਿਲਾਂ ਵੀ ਝਗੜਾ ਹੋਇਆ ਪਰ ਸਮਝੌਤਾ ਹੋ ਗਿਆ ਸੀ | ਸਵੇਰੇ ਫਿਰ ਪਾਣੀ ਦੇ ਕੈਂਪਰ ਨੂੰ ਲੈ ਕੇ ਇਨ੍ਹਾਂ ਦੋਵਾਂ ਵਿਚਾਲੇ ਝਗੜਾ ਹੋ ਗਿਆ ਤੇ ਸਤੀਸ਼ ਕੁਮਾਰ ਨੇ ਆਪਣੇ ਸਾਥੀਆਂ ਸਮੇਤ ਦਿਨ ਦਿਹਾੜੇ ਗੁਰਪ੍ਰੀਤ ਸਿੰਘ ਉੱਪਰ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਇਕ ਹੋਰ ਵਿਆਕਤੀ ਜ਼ਖ਼ਮੀ ਹੋ ਗਿਆ, ਜਿਸ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ | ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ |
ਮੰਡੀ ਦੇ ਸਮੂਹ ਦਰਜੀਆਂ ਤੇ ਪਿੰਡ ਵਾਸੀਆਂ ਨੇ ਰੋਸ ਵਜੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਮੰਡੀ ਦੇ ਗਾਂਧੀ ਚੌਂਕ ਵਿਚ ਧਰਨਾ ਲਗਾ ਦਿੱਤਾ ਤੇ ਦੋਸ਼ੀਆਂ ਨੂੰ ਕਾਬੂ ਕਰਨ ਦੀ ਮੰਗ ਕੀਤੀ | ਖਬਰ ਲਿਖੇ ਜਾਣ ਤੱਕ ਪੁਲਸ ਨੇ ਇਸ ਘਟਨਾ ਸਬੰਧੀ ਮਾਮਲਾ ਦਰਜ ਨਹੀਂ ਕੀਤਾ ਸੀ |

LEAVE A REPLY

Please enter your comment!
Please enter your name here