ਨਵਾਂਸ਼ਹਿਰ/ਬਹਿਰਾਮ
(ਕੁਲਵਿੰਦਰ ਸਿੰਘ ਦੁਰਗਾਪੁਰੀਆ, ਅਵਤਾਰ ਕਲੇਰ)
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਉੱਘੇ ਮਰਹੂਮ ਆਗੂ ਕਾਮਰੇਡ ਨਰੰਜਣ ਸਿੰਘ ਸੁੱਜੋਂ ਦੀ ਪੰਜਵੀਂ ਬਰਸੀ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਬੰਗਾ ਰੋਡ ਨਵਾਂਸ਼ਹਿਰ ਵਿਖੇ ਜਿਲ੍ਹਾ ਸਕੱਤਰ ਸੁਤੰਤਰ ਕੁਮਾਰ ਦੀ ਅਗਵਾਈ ਹੇਠ ਕਾਮਰੇਡ ਨਰੰਜਣ ਸਿੰਘ ਸੁੱਜੋਂ ਦੇ ਪਰਵਾਰ ਦੇ ਸਹਿਯੋਗ ਨਾਲ ਮਨਾਈ ਗਈ | ਸਮਾਗਮ ਦੀ ਪ੍ਰਧਾਨਗੀ ਮੁਕੰਦ ਲਾਲ, ਗੁਰਬਖਸ ਕੌਰ ਸੰਘਾ, ਐਡਵੋਕੇਟ ਦਲਜੀਤ ਸਿੰਘ ਤੇ ਬਲਵੀਰ ਸਿੰਘ ਜਾਡਲਾ ਨੇ ਕੀਤੀ | ਸਮਾਗਮ ‘ਚ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾ ਜਨਰਲ ਸਕੱਤਰ ਦੇਵੀ ਕੁਮਾਰੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ | ਸ਼ਰਧਾਂਜਲੀ ਸਮਾਗਮ ਦੇ ਸ਼ੁਰੂ ‘ਚ ਮੁਕੰਦ ਲਾਲ ਨੇ ਕਾਮਰੇਡ ਸੁੱਜੋਂ ਦੇ ਜੀਵਨ ਉੱਪਰ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਮੌਕੇ ਬਲਵੀਰ ਸਿੰਘ ਜਾਡਲਾ, ਗੁਰਬਖਸ਼ ਕੌਰ ਸੰਘਾ ਤੇ ਐਡਵੋਕੇਟ ਦਲਜੀਤ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਾਮਰੇਡ ਨਰੰਜਣ ਸਿੰਘ ਸੁੱਜੋਂ ਦੇ ਪਾਏ ਪੂਰਨਿਆਂ ‘ਤੇ ਚੱਲਣ ਦਾ ਪ੍ਰਣ ਕੀਤਾ |
ਸ੍ਰੀ ਬਰਾੜ ਨੇ ਕਿਹਾ ਕਿ ਕਾਮਰੇਡ ਨਰੰਜਣ ਸਿੰਘ ਦਾ ਪਰਵਾਰ ਮੁੱਢ ਤੋਂ ਹੀ ਕਮਿਊਨਿਸਟ ਵਿਚਾਰਧਾਰਾ ਨਾਲ ਜੁੜਿਆ ਹੋਇਆ ਹੈ | ਕਿਸਾਨ ਅੰਦੋਲਨ ‘ਚ ਵੀ ਪਰਵਾਰ ਵੱਲੋਂ ਹਰ ਤਰ੍ਹਾਂ ਦਾ ਯੋਗਦਾਨ ਦਿੱਤਾ | ਭਾਵੇਂ ਕਾਮਰੇਡ ਨਰੰਜਣ ਸਿੰਘ ਦੇ ਤਿੰਨ ਬੇਟੇ ਨਰਿੰਦਰ ਸਿੰਘ, ਨਰਜੀਤ ਸਿੰਘ ਅਤੇ ਕੁਲਦੀਪ ਸਿੰਘ ਪਰਵਾਰਾਂ ਸਮੇਤ ਵਿਦੇਸ਼ ‘ਚ ਸੈਂਟਲ ਹਨ, ਪਰ ਉਨ੍ਹਾਂ ਦੀ ਆਤਮਾ ਸੀ ਪੀ ਆਈ ਵਿੱਚ ਹੀ ਰਹਿੰਦੀ ਹੈ | ਉਨ੍ਹਾ ਕਿਹਾ ਕਿ ਕਾਮਰੇਡ ਨਰੰਜਣ ਸਿੰਘ ਨੂੰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਉਹਨਾ ਦੇ ਦੱਸੇ ਰਾਹ ‘ਤੇ ਚੱਲ ਕੇ ਮੌਜੂਦਾ ਫਾਸ਼ੀਵਾਦੀ ਆਰ ਐੱਸ ਐੱਸ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀਆਂ ਕਿਸਾਨ, ਮਜ਼ਦੂਰ, ਮੁਲਾਜ਼ਮ ਵਿਰੋਧੀ ਨੀਤੀਆਂ ਦਾ ਵਿਰੋਧ ਕਰਕੇ ਇਸ ਨੂੰ ਚਲਦਾ ਕਰਕੇ ਛੁਟਕਾਰਾ ਪਾਇਆ ਜਾਵੇ | ਉਨ੍ਹਾ ਕਿਹਾ ਕਿ ਇਸ ਸਰਕਾਰ ਨੇ ਅਡਾਨੀ ਦੇ ਦਸ ਲੱਖ ਕਰੋੜ ਰੁਪਏ ਮੁਆਫ ਕਰ ਦਿੱਤੇ ਹਨ, ਬੈਂਕ, ਹਵਾਈ ਅੱਡੇ, ਬੰਦਰਗਾਹਾਂ ਸਭ ਸਰਮਾਏਦਾਰਾਂ ਨੂੰ ਵੇਚ ਦਿੱਤੇ ਹਨ | ਲੋਕਾਂ ਨੂੰ ਧਰਮਾਂ, ਜਾਤਾਂ ਦੇ ਨਾਂਅ ‘ਤੇ ਲੜਾਇਆ ਜਾ ਰਿਹਾ ਹੈ | ਇਸ ਸੰਵਿਧਾਨ ਤੇ ਦੇਸ਼ ਵਿਰੋਧੀ ਸਰਕਾਰ ਨੂੰ ਚਲਦਾ ਕਰਕੇ ਹੀ ਦੇਸ਼ ਬਚਾਇਆ ਜਾ ਸਕਦਾ ਹੈ | ਅੱਜ ਤੋਂ ਸੀ ਪੀ ਆਈ ਦੇ ‘ਮੋਦੀ ਭਜਾਓ, ਦੇਸ਼ ਬਚਾਓ’ ਪ੍ਰੋਗਰਾਮ ਦੀ ਸ਼ੁਰੂਆਤ ਇਸ ਸਮਾਗਮ ਤੋਂ ਸ਼ੁਰੂ ਕਰਦੇ ਹਾਂ, ਇਹ ਹੀ ਕਾਮਰੇਡ ਸੁੱਜੋਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ | ਇਸ ਦਾ ਹਾਜ਼ਰ ਸਾਥੀਆਂ ਵੱਲੋਂ ਸਮਰਥਨ ਕੀਤਾ ਗਿਆ | ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾ ਜਨਰਲ ਸਕੱਤਰ ਦੇਵੀ ਕੁਮਾਰੀ ਨੇ ਕਿਹਾ ਕਿ ਕਾਮਰੇਡ ਸੁੱਜੋਂ ਦੇ ਦੱਸੇ ਰਾਹ ‘ਤੇ ਚੱਲ ਕੇ ਹੀ ਮਜ਼ਦੂਰਾਂ ਤੇ ਕਿਸਾਨਾਂ ਦੇ ਮਸਲਿਆਂ ਸੰਬੰਧੀ ਪੰਜਾਬ ਸਰਕਾਰ ਵੱਲੋਂ ਧਾਰਨ ਕੀਤੀ ਲਮਕਾਊ ਨੀਤੀ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ | ਉਨ੍ਹਾ ਕਿਹਾ ਕਿ ਕਿਸਾਨਾਂ ਦੀ ਖਰਾਬ ਫਸਲ ਦਾ ਮੁਆਵਜ਼ਾ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ ਨੂੰ ਵੀ ਮਿਲਣਾ ਚਾਹੀਦਾ | ਉਨ੍ਹਾ ਕਿਹਾ ਕਿ ਫਰਜ਼ੀ ਰਾਸ਼ਨ ਕਾਰਡਾਂ ਦੇ ਨਾਂਅ ਹੇਠ ਬਹੁਤ ਸਾਰੇ ਲੋੜਵੰਦਾਂ ਦੇ ਰਾਸ਼ਨ ਕਾਰਡ ਕੱਟੇ ਗਏ ਹਨ, ਉਹ ਰਾਸ਼ਨ ਕਾਰਡ ਬਣਾਏ ਜਾਣ | ਨਰੇਗਾ ਮਜ਼ਦੂਰਾਂ ਨੂੰ ਸਾਰਾ ਸਾਲ ਕੰਮ ਤੇ ਦਿਹਾੜੀ ਸੱਤ ਸੌ ਰੁਪਏ ਕੀਤੀ ਜਾਵੇ |
ਸਮਾਗਮ ਵਿੱਚ ਜਸਵਿੰਦਰ ਸਿੰਘ ਭੰਗਲ, ਨਰਿੰਦਰ ਕੁਮਾਰ ਕਾਲੀਆ, ਬਲਜਿੰਦਰ ਸਿੰਘ, ਰਾਮ ਲਾਲ ਚੱਕ ਗੁਰੂ, ਸੁਰਿੰਦਰ ਸਿੰਘ ਬੈਂਸ, ਪਰਮਜੀਤ ਸਿੰਘ, ਕਮਲਜੀਤ ਸਨਾਵਾ, ਪਰਵਿੰਦਰ ਮੇਨਕਾ, ਨਰੰਜਣ ਦਾਸ ਮੇਹਲੀ, ਜਗਤਾਰ ਸਿੰਘ, ਦਸੌਂਧਾ ਸਿੰਘ, ਬਲਵੀਰ ਸਿੰਘ ਮਹਿਤਪੁਰ, ਗੁਰਮੁਖ ਸਿੰਘ ਫਰਾਲਾ, ਸੀਲਾ ਸੰਘਾ ਸਾਥੀਆਂ ਸਮੇਤ, ਗੁਰਬਖਸ ਕੌਰ ਰਾਹੋਂ, ਜਸਵਿੰਦਰ ਲਾਲ, ਗੁਰਿੰਦਰ ਲਾਲ ਰਾਹੋਂ, ਉਪਿੰਦਰ ਸਿੰਘ ਰਾਣਾ, ਜੋਗਿੰਦਰ ਸਿੰਘ ਚਣਕੋਈ ਤੇ ਮਹਿੰਗਾ ਸਿੰਘ ਫਿਰਨੀ ਮਜਾਰਾ ਆਦਿ ਸਾਥੀਆਂ ਸਮੇਤ ਹਾਜ਼ਰ ਸਨ |





