ਕਰਤਾਰਪੁਰ : 1947 ਦੀ ਵੰਡ ਵੇਲੇ ਹੋਈ ਹਿੰਸਾ ਦੌਰਾਨ ਆਪਣੇ ਪਰਵਾਰ ਤੋਂ ਵਿਛੜੀ ਔਰਤ ਕਰਤਾਰਪੁਰ ਵਿਚ ਆਪਣੇ ਸਿੱਖ ਭਰਾਵਾਂ ਨੂੰ ਮਿਲਣ ਆਈ |
ਡਾਨ ਨਿਊਜ਼ ਦੀ ਰਿਪੋਰਟ ਮੁਤਾਬਕ ਵੰਡ ਵੇਲੇ ਮੁਮਤਾਜ਼ ਬੀਬੀ ਆਪਣੀ ਮਾਂ ਦੀ ਲਾਸ਼ ‘ਤੇ ਪਈ ਸੀ, ਜਿਸ ਨੂੰ ਹਿੰਸਕ ਭੀੜ ਨੇ ਮਾਰ ਦਿੱਤਾ ਸੀ | ਮੁਹੰਮਦ ਇਕਬਾਲ ਅਤੇ ਉਸ ਦੀ ਪਤਨੀ ਅੱਲ੍ਹਾ ਰੱਖੀ ਨੇ ਬੱਚੀ ਨੂੰ ਗੋਦ ਲੈ ਕੇ ਆਪਣੀ ਧੀ ਵਜੋਂ ਪਾਲਿਆ ਅਤੇ ਉਸ ਦਾ ਨਾਂਅ ਮੁਮਤਾਜ਼ ਬੀਬੀ ਰੱਖਿਆ | ਵੰਡ ਤੋਂ ਬਾਅਦ ਇਕਬਾਲ ਨੇ ਪੰਜਾਬ ਸੂਬੇ ਦੇ ਸ਼ੇਖੂਪੁਰਾ ਜ਼ਿਲ੍ਹੇ ਦੇ ਪਿੰਡ ਵਾਰਿਕਾ ਤੀਆਂ ਵਿਚ ਘਰ ਬਣਾ ਲਿਆ | ਰਿਪੋਰਟ ਮੁਤਾਬਕ ਦੋ ਸਾਲ ਪਹਿਲਾਂ ਇਕਬਾਲ ਦੀ ਸਿਹਤ ਅਚਾਨਕ ਵਿਗੜ ਗਈ ਸੀ ਅਤੇ ਉਸ ਨੇ ਮੁਮਤਾਜ਼ ਨੂੰ ਕਿਹਾ ਸੀ ਕਿ ਉਹ ਉਸ ਦੀ ਅਸਲੀ ਬੇਟੀ ਨਹੀਂ ਹੈ ਅਤੇ ਉਸ ਦਾ ਅਸਲੀ ਪਰਵਾਰ ਸਿੱਖ ਹੈ | ਇਕਬਾਲ ਦੀ ਮੌਤ ਤੋਂ ਬਾਅਦ ਮੁਮਤਾਜ਼ ਅਤੇ ਉਸ ਦੇ ਬੇਟੇ ਸ਼ਾਹਬਾਜ਼ ਨੇ ਸੋਸ਼ਲ ਮੀਡੀਆ ਰਾਹੀਂ ਉਸ ਦੇ ਪਰਵਾਰ ਦੀ ਭਾਲ ਸ਼ੁਰੂ ਕਰ ਦਿੱਤੀ |
ਉਹ ਮੁਮਤਾਜ਼ ਦੇ ਅਸਲੀ ਪਿਤਾ ਦਾ ਨਾਂਅ ਅਤੇ ਪਟਿਆਲਾ ਦੇ ਪਿੰਡ ਸਿਧਰਾਣਾ ਨੂੰ ਜਾਣਦੇ ਸਨ, ਜਿੱਥੇ ਉਹ ਆਪਣਾ ਜੱਦੀ ਘਰ ਛੱਡਣ ਲਈ ਮਜਬੂਰ ਹੋਣ ਤੋਂ ਬਾਅਦ ਵਸ ਗਏ ਸਨ |
ਮੁਮਤਾਜ਼ ਦੇ ਭਰਾ ਗੁਰਮੀਤ ਸਿੰਘ, ਨਰਿੰਦਰ ਸਿੰਘ ਅਤੇ ਅਮਰਿੰਦਰ ਸਿੰਘ ਪਰਵਾਰਕ ਮੈਂਬਰਾਂ ਸਮੇਤ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਪਹੁੰਚੇ | ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੁਮਤਾਜ਼ ਆਪਣੇ ਪਰਵਾਰ ਦੇ ਹੋਰਨਾਂ ਮੈਂਬਰਾਂ ਨਾਲ ਉੱਥੇ ਪਹੁੰਚੀ ਅਤੇ 75 ਸਾਲਾਂ ਬਾਅਦ ਆਪਣੇ ਗੁਆਚੇ ਭਰਾਵਾਂ ਨੂੰ ਮਿਲੀ |