ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਰਾਜੀਵ ਗਾਂਧੀ ਕਤਲ ਕੇਸ ਵਿਚ 30 ਸਾਲ ਤੋਂ ਵੱਧ ਸਜ਼ਾ ਭੁਗਤ ਚੁੱਕੇ ਏ ਜੀ ਪੇਰਾਰਿਵਲਨ ਦੀ ਰਿਹਾਈ ਦੇ ਹੁਕਮ ਦਿੱਤੇ ਹਨ | ਬੁੱਧਵਾਰ ਦੇ ਇਸ ਹੁਕਮ ਤੋਂ ਬਾਅਦ ਨਲਿਨੀ ਸ੍ਰੀਹਰਨ, ਮਰੂਗਨ ਤੇ ਇਕ ਸ੍ਰੀਲੰਕਨ ਨਾਗਰਿਕ ਸਮੇ 6 ਹੋਰਨਾਂ ਦੀ ਰਿਹਾਈ ਦੀ ਉਮੀਦ ਵੀ ਜਗ ਗਈ ਹੈ | ਰਾਜੀਵ ਗਾਂਧੀ ਕਤਲ ਕੇਸ ਵਿਚ 7 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ, ਜਿਹੜੀ ਸੁਪਰੀਮ ਕੋਰਟ ਨੇ 2014 ਵਿਚ ਉਮਰ ਕੈਦ ਵਿਚ ਬਦਲ ਦਿੱਤੀ ਸੀ |
ਪੇਰਾਰਿਵਲਨ ਦੀ ਰਿਹਾਈ ਬਾਰੇ ਫੈਸਲਾ ਸੁਪਰੀਮ ਕੋਰਟ ਨੇ ਆਰਟੀਕਲ 142 ਵਿਚ ਮਿਲੇ ਵਿਸ਼ੇਸ਼ ਅਧਿਕਾਰ ਦੀ ਵਰਤੋਂ ਕਰਦਿਆਂ ਕੀਤਾ | ਇਸ ਮਾਮਲੇ ਵਿਚ ਰਹਿਮ ਦੀ ਅਪੀਲ ਤਾਮਿਲਨਾਡੂ ਦੇ ਰਾਜਪਾਲ ਤੇ ਰਾਸ਼ਟਰਪਤੀ ਕੋਲ ਪੈਂਡਿੰਗ ਰਹਿੰਦਿਆਂ ਸੁਪਰੀਮ ਕੋਰਟ ਨੇ ਵੱਡਾ ਕਦਮ ਚੁੱਕਿਆ | ਪੇਰਾਰਿਵਲਨ ਉਂਜ ਜ਼ਮਾਨਤ ‘ਤੋ ਬਾਹਰ ਸੀ |
ਉਸ ਨੇ ਕਿਹਾ ਸੀ ਕਿ ਉਸ ਦੀ ਰਿਹਾਈ ਦਾ ਫੈਸਲਾ ਕੀਤਾ ਜਾਵੇ | 2008 ਵਿਚ ਤਾਮਿਲਨਾਡੂ ਕੈਬਨਿਟ ਨੇ ਉਸ ਨੂੰ ਰਿਹਾਅ ਕਰਨ ਲਈ ਫੈਸਲਾ ਕੀਤਾ ਸੀ, ਪਰ ਰਾਜਪਾਲ ਨੇ ਖੁਦ ਫੈਸਲਾ ਕਰਨ ਦੀ ਥਾਂ ਇਹ ਫੈਸਲਾ ਰਾਸ਼ਟਰਪਤੀ ਕੋਲ ਭੇਜ ਦਿੱਤਾ, ਜਿਹੜਾ ਪੈਂਡਿੰਗ ਹੀ ਚਲਦਾ ਰਿਹਾ | ਕਾਂਗਰਸ ਨੇ ਕਿਹਾ ਹੈ ਕਿ ਮੋਦੀ ਸਰਕਾਰ ਦੀ ਢਿਲਮੱਠ ਕਾਰਨ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਹੈ | ਤਾਮਿਲਨਾਡੂ ਦੇ ਰਾਜਪਾਲ ਤੇ ਰਾਸ਼ਟਰਪਤੀ ਨੇ ਕੋਈ ਸਟੈਂਡ ਨਹੀਂ ਲਿਆ | ਕਾਂਗਰਸ ਨੇ ਪੁੱਛਿਆ ਹੈ ਕਿ ਕੀ ਜੇਲ੍ਹਾਂ ਵਿਚ ਬੰਦ ਹੋਰ ਦਹਿਸ਼ਤਗਰਦ ਵੀ ਹੁਣ ਇਸੇ ਤਰ੍ਹਾਂ ਛੁਟਣਗੇ |