ਜਲੰਧਰ (ਰਾਜੇਸ਼ ਥਾਪਾ) -ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਅਵਤਾਰ ਪੁਰਬ ਅਤੇ ਗ਼ਦਰੀ ਤਾਰਕ ਨਾਥ ਦਾਸ ਦੇ ਸ਼ਹੀਦੀ ਦਿਵਸ ‘ਤੇ ਏਟਕ ਨਾਲ ਸੰਬੰਧਤ ਮੁਲਾਜ਼ਮ ਤੇ ਰਿਟਾਇਰੀ ਯੂਨੀਅਨਾਂ ਵੱਲੋਂ ਮਾਸਟਰ ਹਰੀ ਸਿੰਘ ਧੂਤ ਭਵਨ ਜਲੰਧਰ ਵਿਖੇ ਵਿਚਾਰ-ਚਰਚਾ ਕੀਤੀ ਗਈ | ਇਸ ‘ਚ ਹਿੱਸਾ ਲੈਂਦਿਆਂ ਏਟਕ ਦੇ ਸੂਬਾਈ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਅਤੇ ਰਜਿੰਦਰ ਮੰਡ ਐਡਵੋਕੇਟ ਨੇ ਕਿਹਾ ਕਿ ਅਜੋਕੇ ਪ੍ਰਬੰਧ ਅਧੀਨ ਗੁਰੂ ਸਾਹਿਬ ਦੇ ਵਿਚਾਰਾਂ ਨੂੰ ਦਬਾਇਆ ਜਾਂ ਤੋੜ-ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ, ਜਦੋਂ ਕਿ ਉਨ੍ਹਾਂ ਦੀ ਵਿਚਾਰਾਧਾਰਾ ਹੱਕ, ਸੱਚ ਅਤੇ ਇਨਸਾਫਪਸੰਦ ਸੀ | ਗੁਰੂ ਜਾਦੂ-ਟੂਣਿਆਂ ਤੇ ਵਹਿਮਾਂ-ਭਰਮਾਂ ਤੋਂ ਲੋਕਾਂ ਨੂੰ ਛੁਟਕਾਰਾ ਦਿਵਾਉਣਾ ਚਾਹੁੰਦੇ ਸਨ | ਗੁਰੂਆਂ ਨੇ ਜਾਤ, ਧਰਮ , ਨਸਲਵਾਦ ਦੇ ਜੰਜਾਲ ਵਿੱਚ ਫਸੇ ਲੋਕਾਂ ਨੂੰ ਸੁਚੇਤ ਕੀਤਾ ਕਿ ਇਹ ਸਾਰੇ ਅਡੰਬਰ ਸਮੇਂ ਦੇ ਹਾਕਮਾਂ ਨੇ ਰਚੇ ਹਨ, ਤਾਂ ਜੋ ਲੋਕਾਂ ਦਾ ਧਿਆਨ ਸਮੇਂ ਦੇ ਹਾਕਮਾਂ ਦੀ ਲੁਟੇਰੀ ਨੀਤੀ ਵਾਲੇ ਪਾਸੇ ਨਾ ਜਾਵੇ | ਲੋਕ ਵਹਿਮਾਂ-ਭਰਮਾਂ ਤੇ ਪਾਖੰਡਾਂ ਵਿਚ ਫਸੇ ਰਹਿਣ | ਸਾਡੇ ਗੁਰੂ ਸਾਹਿਬਾਨ ਦੀ ਅਜੋਕੇ ਯੁੱਗ ਵਿੱਚ ਵੀ ਓਨੀ ਹੀ ਪ੍ਰਸੰਗਤਾ ਹੈ | ਆਗੂਆਂ ਕਿਹਾ ਕਿ ਗ਼ਦਰੀ ਤਾਰਕ ਨਾਥ ਦਾਸ ਕੌਮਾਂਤਰੀ ਪੱਧਰ ਦੇ ਇਨਕਲਾਬੀ ਸਨ | ਉਨ੍ਹਾ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਲਕੱਤੇ ਤੋਂ ਕੀਤੀ | ਪੜ੍ਹਾਈ ਕਰਨ ਦੇ ਨਾਲ-ਨਾਲ ਹੀ ਉਹ ਇਨਕਲਾਬੀ ਜਥੇਬੰਦੀ ‘ਅਨੁਸ਼ੀਲਨ ਸਮਿਤੀ’ ਵਿੱਚ ਸ਼ਾਮਲ ਹੋ ਗਏ | ਜਥੇਬੰਦੀ ਵਿਚ ਉਨ੍ਹਾ ਦੀ ਜ਼ਿੰਮੇਵਾਰੀ ਇਨਕਲਾਬੀ ਸਾਹਿਤ ਵੰਡਣ, ਜਥੇਬੰਦੀ ਬਣਾਉਣਾ ਅਤੇ ਫੰਡ ਇਕੱਤਰ ਕਰਨ ਦੀ ਸੀ | ਕਿਸੇ ਵੀ ਜਥੇਬੰਦੀ ਵਿਚ ਇਹ ਤਿੰਨੇ ਕੰਮ ਉਹ ਮਨੁੱਖ ਹੀ ਕਰ ਸਕਦਾ ਹੈ, ਜਿਹਦੇ ਵਿੱਚ ਅਥਾਹ ਗੁਣ ਜਾਂ ਗਿਆਨ ਹੋਵੇ | ਉਹ ਜਾਪਾਨ ਚਲੇ ਗਏ ਤੇ ਉੱਥੇ ਰਹਿੰਦੇ ਹਿੰਦੀਆਂ ਨੂੰ ਅੰਗਰੇਜ਼ਾਂ ਵਿਰੁੱਧ ਜਥੇਬੰਦ ਕੀਤਾ | ਉੱਥੋਂ ਅੱਗੇ ਅਮਰੀਕਾ ਤੇ ਕੈਨੇਡਾ ਪਹੁੰਚ ਗਏ | ਉੱਥੇ ਉਨ੍ਹਾ ਦਾ ਗ਼ਦਰ ਪਾਰਟੀ ਨਾਲ ਸੰਪਰਕ ਬਣਿਆ ਤੇ ਉਹ ਪਾਰਟੀ ਵਿੱਚ ਸ਼ਾਮਲ ਹੋ ਗਏ | ਲੜਾਈ ਦੇ ਦਾਅਪੇਚਾਂ ਚ ਉਨ੍ਹਾ ਦੀ ਏਨੀ ਸਮਝ ਸੀ ਕਿ ਜਿਹੜੇ ਵੀ ਕ੍ਰਾਂਤੀਕਾਰੀ ਦੇਸ਼ ਦੀ ਆਜ਼ਾਦੀ ਲਈ ਕੰਮ ਕਰਦੇ ਸਨ, ਉਹ ਅਕਸਰ ਹੀ ਉਨ੍ਹਾ ਦੀ ਸਲਾਹ ਲੈਂਦੇ | ਨਿਊ ਯਾਰਕ ਵਿੱਚ ਉਨ੍ਹਾ ਦੀ ਮੌਤ ਹੋ ਗਈ |
ਯੂਕੋ ਬੈਂਕ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਐੱਚ ਐਸ ਬੀਰ ਨੇ ਸੰਗਰਾਂਦ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਇਹ ਪਵਿੱਤਰ ਦਿਨ ਰੁੱਤ ਬਦਲਣ ਨਾਲ ਜੁੜਿਆ ਹੋਇਆ ਹੈ, ਉਥੇ ਇਹ ਸੂਰਜ ਦੇ ਗੇੜ ਨਾਲ ਵੀ ਜੁੜਿਆ ਹੈ, ਕਿਉਂਕਿ ਸਮਾਜ ਵਿੱਚ ਸੰਗਰਾਂਦ ਦਾ ਦਿਨ ਅਗਲੇ ਗੇੜ ਦੀ ਬਾਤ ਪਾਉਂਦਾ ਹੈ | ਸੱਤਪਾਲ ਸਾਬਕਾ ਡਿਸਟਿ੍ਕਟ ਅਟਾਰਨੀ ਨੇ ਕਿਹਾ ਕਿ ਸਾਨੂੰ ਸੁਚੇਤ ਹੋਣ ਦੀ ਲੋੜ ਹੈ | ਭਾਵੇਂ ਦੇਸ਼ ਵਿੱਚ ਆਪ ਸਰਕਾਰ ਕਾਇਮ ਕਰ ਲਵੇ, ਪਰ ਇਹ ਵੀ ਪੂੰਜੀਵਾਦ ਦੇ ਨਿਯਮਾਂ ਅਨੁਸਾਰ ਚਲੇਗੀ ਅਤੇ ਪੂੰਜੀਵਾਦ ਭਾਵ ਕਾਰਪੋਰੇਟ ਘਰਾਣਿਆਂ ਦੇ ਖਜ਼ਾਨੇ ਹੀ ਭਰਪੂਰ ਕਰੇਗੀ | ਗਰੀਬਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਹੀ ਹੋਵੇਗੀ | ਇਸ ਲਈ ਸਾਨੂੰ ਕਮਿਊਨਿਸਟ ਪਾਰਟੀ ਨੂੰ ਮਜ਼ਬੂਤ ਕਰਨਾ ਹੋਵੇਗਾ |
ਗੁਰਜੀਤ ਸਿੰਘ ਕਾਹਲੋਂ ਪ੍ਰਧਾਨ ਐਡਵੋਕੇਟਜ਼ ਫਾਰ ਫਾਰਮਰਜ਼ ਤੇ ਲੇਬਰਜ਼ ਨੇ ਕਿਹਾ ਕਿ ਲਾਲ ਝੰਡੇ ਦੀ ਲਹਿਰ ਵਾਲਿਆਂ ਨੇ ਇਹ ਬਹੁਤ ਹੀ ਵਧੀਆ ਕਾਰਜ ਸ਼ੁਰੂ ਕੀਤਾ ਹੈ ਕਿ ਉਹ ਗੁਰੂਆਂ ਦੇ ਦੱਸੇ ਗਿਆਨ ਨੂੰ ਆਪਣੇ ਪਾਰਟੀ ਮੈਂਬਰਾਂ ਦੀ ਸਮਝ ਦਾ ਹਿੱਸਾ ਬਣਾ ਰਹੇ ਹਨ, ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ | ਮਧੂ ਰਚਨਾ ਸੀਨੀਅਰ ਐਡਵੋਕੇਟ ਨੇ ਕਿਹਾ ਕਿ ਔਰਤ ਬੜੀ ਮਹਾਨ ਹੈ, ਪਰ ਮੋਦੀ ਦੇ ਯੁੱਗ ਵਿੱਚ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾ ਰਿਹਾ ਹੈ | ਦਿਨ-ਦਿਹਾੜੇ ਔਰਤਾਂ ਤੇ ਬੱਚੀਆਂ ਦੇ ਬਲਾਤਕਾਰ ਹੋ ਰਹੇ ਹਨ | ਸਰਕਾਰੀ ਅਦਾਰਿਆਂ ਵਿਚ ਵੀ ਔਰਤਾਂ ਸੁਰੱਖਿਅਤ ਨਹੀਂ ਹਨ | ਐਡਵੋਕੇਟ ਰਾਜਿੰਦਰ ਮੰਡ ਨੇ ਕਿਹਾ ਕਿ ਮੋਦੀ ਸਰਕਾਰ ਨੇ ਫੌਜ ਵਿੱਚ ਵੀ ਠੇਕੇਦਾਰੀ ਰਾਹੀਂ ਭਰਤੀ ਕਰਨ ਦਾ ਐਲਾਨ ਕਰ ਦਿੱਤਾ ਹੈ, ਜੋ ਬਹੁਤ ਹੀ ਨਿੰਦਣਯੋਗ ਹੈ, ਕਿਉਂਕਿ ਇਹ ਸਰਕਾਰ ਤਾਂ ਆਰ ਐੱਸ ਐੱਸ ਚਲਾ ਰਹੀ ਹੈ ਤੇ ਫੇਰ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਸਾਡੇ ਦੇਸ਼ ਦੀ ਰਖਵਾਲੀ ਲਈ ਵੀ ਆਰ ਐੱਸ ਐੱਸ ਦੇ ਟਰੇਂਡ ਮੁੰਡੇ ਹੀ ਭਰਤੀ ਹੋਣਗੇ, ਜਿਸ ਨਾਲ ਸਾਡਾ ਦੇਸ਼ ਤਬਾਹ ਹੋ ਜਾਏਗਾ, ਇਸ ਲਈ ਮੋਦੀ ਸਰਕਾਰ ਇਹ ਨੀਤੀ ਤੁਰੰਤ ਵਾਪਸ ਲਵੇ | ਪਾਣੀ ਦੀ ਸੰਭਾਲ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਪੰਜਾਬ ਦਾ ਪਾਣੀ ਲਗਾਤਾਰ ਥੱਲੇ ਜਾ ਰਿਹਾ ਹੈ | ਜੇ ਅਜਿਹੇ ਹਾਲਾਤ ਰਹੇ ਤਾਂ ਆਉਣ ਵਾਲੀਆਂ ਨਸਲਾਂ ਪਾਣੀ ਨੂੰ ਤਰਸਣਗੀਆਂ | ਸਰਕਾਰ ਨੂੰ ਇਧਰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ | ਵਾਤਾਵਰਣ ਨੂੰ ਸ਼ੁੱਧ ਬਣਾਉਣ ਵਾਸਤੇ ਰੁੱਖਾਂ ਦੀ ਕਟਾਈ ਕਰਨ ਦੀ ਥਾਂ ਰੁੱਖ ਨਵੇਂ ਲੱਗਣੇ ਚਾਹੀਦੇ ਹਨ | ਬੜੀ ਹੈਰਾਨੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਨੇ ਅੱਜ ਜਲੰਧਰ ਤੋਂ ਵੋਲਵੋ ਬੱਸਾਂ ਨੂੰ ਦਿੱਲੀ ਏਅਰਪੋਰਟ ਜਾਣ ਵਾਸਤੇ ਹਰੀ ਝੰਡੀ ਦਿੱਤੀ ਹੈ, ਪਰ ਉਸ ਤੋਂ ਪਹਿਲਾਂ ਕਿਸ ਖ਼ੁਸ਼ੀ ਵਿੱਚ ਬੱਸ ਅੱਡੇ ਤੋਂ ਰੁੱਖਾਂ ਦੀ ਕਟਾਈ ਕੀਤੀ ਗਈ, ਇਹ ਸਮਝ ਨਹੀਂ ਆਉਂਦੀ | ਇਹ ਤਾਂ ਸਰਕਾਰ ਦੀ ਨਲਾਇਕੀ ਹੀ ਜਾਪਦੀ ਹੈ | ਮੁੱਖ ਮੰਤਰੀ ਦੇ ਆਉਣ ‘ਤੇ ਜਲੰਧਰ ਵਿਖੇ ਬੱਸ ਸਟੈਂਡ ਦੇ ਇਰਦ-ਗਿਰਦ ਲੋਕਾਂ ਨੂੰ ਪੁਲਸ ਤੇ ਪ੍ਰਸ਼ਾਸਨ ਦੀਆਂ ਰੋਕਾਂ ਨਾਲ ਬੜੀਆਂ ਮੁਸ਼ਕਲਾਂ ਝੱਲਣੀਆਂ ਪਈਆਂ | ਵੀ ਆਈ ਪੀ ਕਲਚਰ ਏਨਾ ਭਾਰੂ ਹੋ ਗਿਆ ਹੈ ਕਿ ਆਮ ਕਹਿਣ ਵਾਲੀ ਪਾਰਟੀ ਵੀ ਉਸੇ ਜੰਜਾਲ ਵਿਚ ਫਸ ਗਈ ਹੈ | ਵਿਚਾਰ-ਚਰਚਾ ਵਿੱਚ ਯੂਕੋ ਬੈਂਕ ਇੰਪਲਾਈਜ਼ ਯੂਨੀਅਨ ਦੇ ਸਕੱਤਰ ਆਰ ਕੇ ਭਗਤ, ਸੱਤਪਾਲ ਰਿਟਾਇਰਡ ਡੀ ਏ, ਰਸ਼ਪਾਲ ਪੱਦੀ ਖਾਲਸਾ ਅਤੇ ਇਸਤਰੀ ਸਭਾ ਦੀ ਆਗੂ ਸੰਤੋਸ਼ ਬਰਾੜ ਨੇ ਹਿੱਸਾ ਲਿਆ | ਮਤੇ ਪਾਸ ਕੀਤੇ ਗਏ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਂਦਰ ਸਰਕਾਰ ਵੱਲੋਂ ਹੜੱਪਣਾ ਅਤਿ ਨਿੰਦਣਯੋਗ ਹੈ | ਇਸ ਨਾਲ ਯੂਨੀਵਰਸਿਟੀ ਦੀਆਂ ਫੀਸਾਂ ਬਹੁਤ ਵਧ ਜਾਣਗੀਆਂ ਅਤੇ ਕੇਂਦਰ ਦੀ ਹਕੂਮਤ ਇੱਥੇ ਮਨਮਰਜ਼ੀ ਕਰੇਗੀ | ਪਹਿਲਾਂ ਇਸ ਯੂਨੀਵਰਸਿਟੀ ‘ਤੇ ਪੰਜਾਬ ਦਾ ਅਧਿਕਾਰ ਹੈ | ਉਂਝ ਵੀ ਇਹ ਯੂਨੀਵਰਸਿਟੀ ਪਾਕਿਸਤਾਨ ਬਣਨ ‘ਤੇ ਲਾਹੌਰ ਤੋਂ ਚੰਡੀਗੜ੍ਹ ਆਈ ਹੈ | ਕੇਂਦਰ ਦੀ ਮੋਦੀ ਹਕੂਮਤ ਇਹ ਫੈਸਲਾ ਫੌਰੀ ਤੌਰ ‘ਤੇ ਵਾਪਸ ਲਵੇ | ਅਗਲੀ-ਵਿਚਾਰ ਚਰਚਾ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਦੇ ਅਵਤਾਰ ਪੁਰਬ ‘ਤੇ 20 ਜੁਲਾਈ ਨੂੰ ਇਸੇ ਥਾਂ ‘ਤੇ ਹੋਵੇਗੀ | ਇਸ ਮੌਕੇ ਸੀਨੀਅਰ ਪੱਤਰਕਾਰ ਗਿਆਨ ਸੈਦਪੁਰੀ, ਸੌਦਾਗਰ ਸਿੰਘ, ਆਰ ਕੇ ਠਾਕਰ, ਰਜਿੰਦਰ ਭੱਟੀ ਤੇ ਜੁਗਿੰਦਰ ਪਾਲ ਬੈਂਕ ਆਫ ਬੜੌਦਾ, ਬੀਰ, ਮਿੰਟੂ ਕਰਤਾਰਪੁਰ ਤੇ ਜਸਵਿੰਦਰ ਮੁਸਤਫਾਪੁਰੀ ਹਾਜ਼ਰ ਸਨ |





