ਨਵੀਂ ਦਿੱਲੀ : ਭਾਜਪਾ ਨੇ ਬੁੱਧਵਾਰ ਦਾਅਵਾ ਕੀਤਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬੰਗਲੇ ਦੇ ਸੁੰਦਰੀਕਰਨ ’ਤੇ 45 ਕਰੋੜ ਰੁਪਏ ਖਰਚ ਕੀਤੇ ਗਏ ਹਨ। ਬੰਗਲੇ ਦੀ ਮੁਰੰਮਤ ’ਤੇ ਖਰਚੀ ਵੱਡੀ ਰਕਮ ਆਮ ਆਦਮੀ ਪਾਰਟੀ (ਆਪ) ਦੇ ਸੰਸਥਾਪਕ ਦੇ ਵਿਚਾਰਧਾਰਕ ‘ਨਵੀਨੀਕਰਨ’ ਦੀ ਨਿਸ਼ਾਨੀ ਹੈ, ਜਿਸ ਨੇ ਰਾਜਨੀਤੀ ਵਿਚ ਦਾਖਲ ਹੋਣ ’ਤੇ ਇਮਾਨਦਾਰੀ ਅਤੇ ਸਾਦਗੀ ਨੂੰ ਉਤਸ਼ਾਹਤ ਕਰਨ ਦਾ ਵਾਅਦਾ ਕੀਤਾ ਸੀ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕੇਜਰੀਵਾਲ ਨੂੰ ‘ਮਹਾਰਾਜਾ’ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਕੇਜਰੀਵਾਲ ਨੇ ਖਬਰਾਂ ਨੂੰ ਦਬਾਉਣ ਲਈ ਮੀਡੀਆ ਹਾਊਸਾਂ ਨੂੰ 20 ਕਰੋੜ ਤੋਂ 50 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ, ਪਰ ਨਿਊਜ਼ ਚੈਨਲਾਂ ਅਤੇ ਅਖਬਾਰਾਂ ਨੇ ਉਸ ਦੀਆਂ ਪੇਸ਼ਕਸ਼ਾਂ ਨੂੰ ਠੁਕਰਾ ਦਿੱਤਾ। ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਤਰਾ ਨੇ ਕਿਹਾ ਕਿ ਕੇਜਰੀਵਾਲ ਦੇ ਬੰਗਲੇ ਲਈ ਖਰੀਦੇ ਗਏ ਅੱਠ ਪਰਦਿਆਂ ਵਿੱਚੋਂ ਇੱਕ ਦੀ ਕੀਮਤ 7.94 ਲੱਖ ਰੁਪਏ ਤੋਂ ਵੱਧ ਹੈ, ਜਦੋਂ ਕਿ ਸਭ ਤੋਂ ਸਸਤੇ ਦੀ ਕੀਮਤ 3.57 ਲੱਖ ਰੁਪਏ ਹੈ। ਭਾਜਪਾ ਦੇ ਬੁਲਾਰੇ ਨੇ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਬੰਗਲੇ ਲਈ 1.15 ਕਰੋੜ ਰੁਪਏ ਦਾ ਸੰਗਮਰਮਰ ਵੀਅਤਨਾਮ ਤੋਂ ਲਿਆਂਦਾ ਗਿਆ ਸੀ, ਜਦਕਿ 4 ਕਰੋੜ ਰੁਪਏ ਕੰਧਾਂ ’ਤੇ ਖਰਚ ਕੀਤੇ ਗਏ। ਉਨ੍ਹਾ ਕਿਹਾ ਕਿ ਇਹ ਮਹਾਰਾਜੇ ਦੀ ਕਹਾਣੀ ਹੈ, ਜੋ ‘ਬੇਸ਼ਰਮ’ ਹੈ। ਪਾਤਰਾ ਦੀ ਇਸ ਟਿੱਪਣੀ ਨੂੰ ਦਿੱਲੀ ਵਿਧਾਨ ਸਭਾ ’ਚ ਕੇਜਰੀਵਾਲ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਕੀਤੇ ਗਏ ਹਮਲੇ ਦੇ ਜਵਾਬ ਵਜੋਂ ਦੇਖਿਆ ਜਾ ਰਿਹਾ ਹੈ। ਕੇਜਰੀਵਾਲ ਨੇ ਵਿਧਾਨ ਸਭਾ ’ਚ ਮਹਾਰਾਜੇ ਦੀ ਕਹਾਣੀ ਸੁਣਾ ਕੇ ਪ੍ਰਧਾਨ ਮੰਤਰੀ ’ਤੇ ਵਿਅੰਗ ਕੀਤਾ ਸੀ।
ਭਾਜਪਾ ਦੇ ਦਿੱਲੀ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਕੇਜਰੀਵਾਲ ਸ਼ੀਸ਼ ਮਹਿਲ ਵਿਚ ਰਹਿੰਦੇ ਹਨ। ਉਨ੍ਹਾ ਨੂੰ ਅਸਤੀਫਾ ਦੇਣਾ ਚਾਹੀਦਾ ਹੈ।
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਜਵਾਬ ਦਿੰਦਿਆਂ ਕਿਹਾਪ੍ਰਧਾਨ ਮੰਤਰੀ ਦਾ ਘਰ ਠੀਕ ਕਰਨ ਵਿਚ 500 ਕਰੋੜ ਰੁਪਏ ਲੱਗੇ। 8400 ਕਰੋੜ ਦਾ ਜਹਾਜ਼ ਖਰੀਦਿਆ ਗਿਆ। ਪ੍ਰਧਾਨ ਮੰਤਰੀ 12 ਕਰੋੜ ਦੀ ਕਾਰ ਵਿਚ ਚਲਦੇ ਹਨ। ਸਵਾ ਲੱਖ ਰੁਪਏ ਦੇ ਪੈੱਨ ਨਾਲ ਲਿਖਦੇ ਹਨ। 10 ਲੱਖ ਦਾ ਸੂਟ ਤੇ 1.6 ਲੱਖ ਦਾ ਚਸ਼ਮਾ ਪਹਿਨਦੇ ਹਨ। ਇਹ ਭਾਜਪਾ ਨੂੰ ਨਹੀਂ ਦਿਸਦਾ।
ਸੰਜੇ ਸਿੰਘ ਨੇ ਕਿਹਾ ਕਿ ਕੇਜਰੀਵਾਲ ਦੇ 80 ਸਾਲ ਪੁਰਾਣੇ ਸਰਕਾਰੀ ਬੰਗਲੇ ਵਿਚ ਤਿੰਨ ਘਟਨਾਵਾਂ ਹੋਈਆਂ। ਜਿਹੜੇ ਕਮਰੇ ਵਿਚ ਉਨ੍ਹਾ ਦੇ ਮਾਤਾ-ਪਿਤਾ ਰਹਿੰਦੇ ਸਨ, ਉਸ ਦੀ ਛੱਤ ਡਿੱਗ ਗਈ। ਮੁੱਖ ਮੰਤਰੀ ਦੇ ਕਮਰੇ ਤੇ ਗੈੱਸਟ ਰੂਮ ਦੀ ਵੀ ਛੱਤ ਡਿੱਗ ਗਈ। ਇਸ ਦੇ ਬਾਅਦ ਪੀ ਡਬਲਿਊ ਡੀ ਨੇ ਇਸ ਨੂੰ ਫਿਰ ਤੋਂ ਬਣਾਉਣ ਦੀ ਸਿਫਾਰਸ਼ ਕੀਤੀ ਸੀ। ਸੰਜੇ ਸਿੰਘ ਨੇ ਇਹ ਵੀ ਕਿਹਾ ਕਿ ਦਿੱਲੀ ਦੇ ਉਪ ਰਾਜਪਾਲ ਦੇ ਘਰ ਦੀ ਮੁਰੰਮਤ ਵਿਚ 15 ਕਰੋੜ ਰੁਪਏ ਖਰਚ ਹੋ ਗਏ। ਗੁਜਰਾਤ ਦੇ ਮੁੱਖ ਮੰਤਰੀ ਦਾ ਜਹਾਜ਼ 191 ਕਰੋੜ ਰੁਪਏ ਦਾ ਖਰੀਦਿਆ ਗਿਆ। ਭਾਜਪਾ ਆਗੂ ਇਸ ’ਤੇ ਕਿਉ ਨਹੀਂ ਬੋਲਦੇ। ਦਰਅਸਲ ਸਭ ਜਾਣਦੇ ਹਨ ਕਿ ਭਾਜਪਾ ਅਡਾਨੀ ਮੁੱਦੇ ਤੇ ਸਤਿਆਪਾਲ ਮਲਿਕ ਵੱਲੋਂ ਚੁੱਕੇ ਮੁੱਦੇ ਤੋਂ ਧਿਆਨ ਭਟਕਾਉਣ ਲਈ ਸਾਜ਼ਿਸ਼ ਕਰ ਰਹੀ ਹੈ।




