ਨਵੀਂ ਦਿੱਲੀ : ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬਿ੍ਰਜ ਭੂਸ਼ਨ ਸਰਨ ਸਿੰਘ ਨੇ ਸ਼ਨੀਵਾਰ ਸਾਫ ਕਰ ਦਿੱਤਾ ਕਿ ਉਹ ਫਿਲਹਾਲ ਅਸਤੀਫਾ ਨਹੀਂ ਦੇਣਗੇ, ਕਿਉਂਕਿ ਅਸਤੀਫੇ ਦਾ ਸਿੱਧਾ ਮਤਲਬ ਹੋਵੇਗਾ ਕਿ ਉਨ੍ਹਾਂ ਨੇ ਆਪਣੇ ’ਤੇ ਦੋਸ਼ ਸਵੀਕਾਰ ਕਰ ਲਏ ਹਨ। ਸ਼ੁੱਕਰਵਾਰ ਸ਼ਾਮ ਨੂੰ ਦਿੱਲੀ ਪੁਲਸ ਨੇ ਮਹਿਲਾ ਪਹਿਲਵਾਨਾਂ ਦੁਆਰਾ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਜਵਾਬ ’ਚ ਬਿ੍ਰਜ ਭੂਸ਼ਨ ਖਿਲਾਫ ਦੋ ਐੱਫ ਆਈ ਆਰ ਦਰਜ ਕੀਤੀਆਂ ਹਨ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਬਿ੍ਰਜ ਭੂਸ਼ਨ ਨੇ ਕਿਹਾ, ‘ਅਸਤੀਫਾ ਦੇਣਾ ਕੋਈ ਵੱਡੀ ਗੱਲ ਨਹੀਂ ਹੈ, ਪਰ ਮੈਂ ਅਪਰਾਧੀ ਨਹੀਂ ਹਾਂ। ਜੇ ਮੈਂ ਅਸਤੀਫਾ ਦਿੰਦਾ ਹਾਂ ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਮੈਂ ਉਨ੍ਹਾਂ (ਪਹਿਲਵਾਨਾਂ ਦੇ) ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਮੇਰਾ ਕਾਰਜਕਾਲ ਅਗਲੇ ਮਹੀਨੇ ਖਤਮ ਹੋ ਰਿਹਾ ਹੈ। ਸਰਕਾਰ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਅਤੇ 45 ਦਿਨਾਂ ’ਚ ਚੋਣਾਂ ਹੋਣਗੀਆਂ ਅਤੇ ਚੋਣਾਂ ਤੋਂ ਬਾਅਦ ਮੇਰਾ ਕਾਰਜਕਾਲ ਖਤਮ ਹੋ ਜਾਵੇਗਾ। ਹਰ ਰੋਜ਼ ਉਹ (ਪਹਿਲਵਾਨ) ਨਵੀਆਂ ਮੰਗਾਂ ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਐੱਫ ਆਈ ਆਰ ਦੀ ਮੰਗ ਕੀਤੀ, ਐੱਫ ਆਈ ਆਰ ਦਰਜ ਕੀਤੀ ਗਈ ਅਤੇ ਹੁਣ ਉਹ ਕਹਿ ਰਹੇ ਹਨ ਕਿ ਮੈਨੂੰ ਜੇਲ੍ਹ ਭੇਜਿਆ ਜਾਵੇ ਅਤੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਜਾਵੇ। ਮੈਂ ਆਪਣੇ ਹਲਕੇ ਦੇ ਲੋਕਾਂ ਕਾਰਨ ਐੱਮ ਪੀ ਹਾਂ ਅਤੇ ਵਿਨੇਸ਼ ਫੋਗਾਟ ਦੇ ਕਾਰਨ ਨਹੀਂ। ਸਿਰਫ ਇੱਕ ਪਰਵਾਰ ਅਤੇ ਅਖਾੜਾ ਵਿਰੋਧ ਕਰ ਰਹੇ ਹਨ ਅਤੇ ਹਰਿਆਣਾ ਦੇ 90 ਪ੍ਰਤੀਸ਼ਤ ਪਹਿਲਵਾਨ ਮੇਰੇ ਨਾਲ ਹਨ।’ ਉਸ ਨੇ ਕਿਹਾ ਕਿ ਉਹ ਬੇਕਸੂਰ ਹੈ ਤੇ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਤਿਆਰ ਹੈ।