ਨਵੀਂ ਦਿੱਲੀ : ਕਾਂਗਰਸ ਦੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਨੇ ਸ਼ਨੀਵਾਰ ਭਾਰਤੀ ਕੁਸ਼ਤੀ ਮਹਾਂਸੰਘ ਦੇ ਪ੍ਰਧਾਨ ਬਿ੍ਰਜ ਭੂਸ਼ਨ ਸਰਨ ਸਿੰਘ ਖਿਲਾਫ ਕਾਰਵਾਈ ਦੀ ਮੰਗ ਲਈ ਧਰਨੇ ’ਤੇ ਬੈਠੇ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਸਮਰਥਨ ਜ਼ਾਹਰ ਕਰਦੇ ਹੋਏ ਦੋਸ਼ ਲਾਇਆ ਕਿ ਕੇਂਦਰ ਸਰਕਾਰ ਤਾਕਤਵਰ ਤੇ ਮਾਫੀਆ ਅੱਗੇ ਗੋਡੇ ਟੇਕ ਗਈ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਰਕਾਰ ਬਿ੍ਰਜ ਭੂਸ਼ਨ ਸਰਨ ਸਿੰਘ ਨੂੰ ਬਚਾਅ ਰਹੀ ਹੈ। ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਬਿ੍ਰਜ ਭੂਸ਼ਨ ਨੂੰ ਪਹਿਲਾਂ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਜਾਣਾ ਚਾਹੀਦਾ ਹੈ।
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਿ੍ਰਅੰਕਾ ਗਾਂਧੀ ਨੇ ਕਿਹਾ, ‘ਕਿਸੇ ਨੂੰ ਪਤਾ ਨਹੀਂ ਹੈ ਕਿ ਜੋ ਐੱਫ ਆਈ ਆਰ ਦਰਜ ਕੀਤੀ ਗਈ ਹੈ, ਉਸ ਵਿੱਚ ਕੀ ਹੈ। ਉਹ ਇਹ ਕਿਉਂ ਨਹੀਂ ਦਿਖਾ ਰਹੇ? ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਦੋਂ ਇਹ ਪਹਿਲਵਾਨ ਮੈਡਲ ਜਿੱਤਦੇ ਹਨ ਤਾਂ ਅਸੀਂ ਸਾਰੇ ਟਵੀਟ ਕਰਕੇ ਮਾਣ ਮਹਿਸੂਸ ਕਰਦੇ ਹਾਂ। ਪਰ ਅੱਜ ਉਹ ਸੜਕਾਂ ’ਤੇ ਬੈਠੇ ਹਨ ਅਤੇ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਇਹ ਸਾਰੀਆਂ ਮਹਿਲਾ ਪਹਿਲਵਾਨਾਂ ਇਸ ਮੁਕਾਮ ’ਤੇ ਪਹੁੰਚਣ ਲਈ ਬਹੁਤ ਸੰਘਰਸ਼ ਕਰਦੀਆਂ ਹਨ ਅਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਸਰਕਾਰ ਬਿ੍ਰਜ ਭੂਸ਼ਨ ਸਰਨ ਦੀ ਸੁਰੱਖਿਆ ਕਿਉਂ ਕਰ ਰਹੀ ਹੈ? ਪਿ੍ਰਅੰਕਾ ਗਾਂਧੀ ਨੇ ਕਿਹਾ ਕਿ ਮੈਨੂੰ ਪ੍ਰਧਾਨ ਮੰਤਰੀ ਤੋਂ ਕੋਈ ਉਮੀਦ ਨਹੀਂ ਹੈ, ਕਿਉਂਕਿ ਜੇਕਰ ਉਨ੍ਹਾਂ ਨੂੰ ਇਨ੍ਹਾਂ ਪਹਿਲਵਾਨਾਂ ਦੀ ਚਿੰਤਾ ਹੈ ਤਾਂ ਉਨ੍ਹਾਂ ਨੇ ਅਜੇ ਤੱਕ ਉਨ੍ਹਾਂ ਨਾਲ ਗੱਲਬਾਤ ਜਾਂ ਮੁਲਾਕਾਤ ਕਿਉਂ ਨਹੀਂ ਕੀਤੀ। ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਮੈਨੂੰ ਬਹੁਤ ਮਾਣ ਹੈ ਕਿ ਇਨ੍ਹਾਂ ਪਹਿਲਵਾਨਾਂ ਨੇ ਅਜਿਹੇ ਮੁੱਦੇ ਵਿਰੁੱਧ ਆਵਾਜ਼ ਉਠਾਈ ਹੈ। ਕਰਨਾਟਕ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਰਵਾਨਾ ਹੋਣ ਤੋਂ ਪਹਿਲਾਂ ਪਿ੍ਰਅੰਕਾ ਗਾਂਧੀ ਸ਼ਨੀਵਾਰ ਸਵੇਰੇ ਜੰਤਰ-ਮੰਤਰ ਪਹੁੰਚੀ। ਉਸ ਨੇ ਮਹਿਲਾ ਪਹਿਲਵਾਨਾਂ ਨਾਲ ਵੀ ਵੱਖਰੇ ਤੌਰ ’ਤੇ ਗੱਲਬਾਤ ਕੀਤੀ ਅਤੇ ਕੁਝ ਦੇਰ ਉੱਥੇ ਬੈਠੀ। ਇਸ ਦੌਰਾਨ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ ਵੀ ਉਨ੍ਹਾਂ ਦੇ ਨਾਲ ਸਨ।