ਫਾਸ਼ੀਵਾਦ ਦੇ ਖਤਰੇ ਨੂੰ ਰੋਕਣ ਲਈ ਸੈਕੂਲਰ ਡੈਮੋਕ੍ਰੇਟਿਕ ਧਿਰਾਂ ਦਾ ਇਕੱਠੇ ਹੋਣਾ ਇਕੋ ਇੱਕ ਰਾਹ : ਜਗਰੂਪ

0
238

ਮੋਗਾ : ਦੁਨੀਆ ਦੇ ਮਹਾਨ ਫਿਲਾਸਫਰ ਕਾਰਲ ਮਾਰਕਸ ਦਾ ਜਨਮ ਦਿਨ ਹਰ ਸਾਲ ਸੰਸਾਰ ਪੱਧਰ ‘ਤੇ ਇਨਕਲਾਬੀ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ | ਸ਼ਹੀਦ ਨਛੱਤਰ ਸਿੰਘ ਧਾਲੀਵਾਲ ਟਰੱਸਟ, ਮੋਗਾ ਵੱਲੋਂ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਸਾਥੀ ਜਗਰੂਪ ਵੱਲੋਂ ਤਿਆਰ Tਫਾਸ਼ੀਵਾਦ ਅਤੇ ਫਾਸ਼ੀਵਾਦੀ ਵਿਰੋਧੀ ਮੋਰਚਾ” ਵਿਸ਼ੇ ‘ਤੇ ਸੈਮੀਨਾਰ/ਚਰਚਾ ਕਰਕੇ ਇਹ ਦਿਨ ਮਨਾਇਆ ਗਿਆ | ਇਸ ਸੈਮੀਨਾਰ ਦੀ ਪ੍ਰਧਾਨਗੀ ਟਰੱਸਟ ਦੇ ਸੀਨੀਅਰ ਟਰੱਸਟੀ ਬਚਿੱਤਰ ਸਿੰਘ ਧੋਥੜ, ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾਈ ਕੰਟਰੋਲ ਕਮਿਸ਼ਨ ਦੇ ਮੈਂਬਰ ਜਗਜੀਤ ਧੂੜਕੋਟ ਅਤੇ ਏਟਕ ਦੇ ਸੂਬਾਈ ਆਗੂ ਅਮਰੀਕ ਮਸੀਤਾ ਨੇ ਕੀਤੀ | ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਾਥੀ ਜਗਰੂਪ ਨੇ ਕਿਹਾ ਕਿ 1818 ‘ਚ ਜਨਮੇ ਕਾਰਲ ਮਾਰਕਸ ਨੇ ਫਲਸਫੇ ‘ਚ ਮਹਾਰਤ ਹਾਸਲ ਕਰ ਇਸ ਵਿਸ਼ੇ ‘ਚ ਪੀ ਐੱਚ ਡੀ ਦੀ ਡਿਗਰੀ ਹਾਸਲ ਕੀਤੀ | ਉਨ੍ਹਾ ਆਪਣੀ ਪੜ੍ਹਾਈ ਦੌਰਾਨ ਜਿਥੇ ਸਮਾਜਕ ਵਿਕਾਸ ਬਾਰੇ ਪੇਸ਼ ਉਲਟ ਧਾਰਨਾਵਾਂ ਨੂੰ ਸਿੱਧਿਆਂ ਕੀਤਾ ਉਥੇ ਨਾਲ ਹੀ ਕਿਰਤ ਦੀ ਧਿਰ ਨੂੰ ਮੁਕਤੀ ਦਾ ਰਾਹ ਵੀ ਵਿਖਾਇਆ | ਇਸ ਸਮੇਂ ਸਾਥੀ ਜਗਰੂਪ ਨੇ ਕਿਹਾ ਕਿ ਫਾਸ਼ੀਵਾਦ ਕੇਵਲ ਸਰਮਾਏ ਦੇ ਵਿਗਿਆਨ ਦਾ ਇਤਿਹਾਸਕ ਵਰਤਾਰਾ ਹੈ | ਇਹ ਸਮਾਜਕ ਅਣਹੋਣੀ ਹੈ ਅਤੇ ਇਸ ‘ਤੇ ਚਿੰਤਾ ਹੋਣੀ ਚਾਹੀਦੀ ਹੈ | ਸਮਾਜਕ ਵਿਗਿਆਨ ਵਿੱਚ ਇਸ ਦੀ ਕੋਈ ਥਾਂ ਨਹੀਂ, ਇਹ ਸਮਾਜਕ ਸੰਤੁਲਨ ਦੀ ਥਾਂ ਆਰਥਕ ਇਕਪਾਸੜ ਪੁਣਾ ਹੈ ਜੋ ਸਮਾਜ ਲਈ ਹਾਨੀਕਾਰਕ ਹੈ | ਅੱਜ ਜਦੋਂ ਕੁੱਲ ਦੁਨੀਆ ਦੇ ਦੌਲਤ ਦੇ ਢੇਰ ਕੁਝ ਗਿਣੇ-ਚੁਣੇ ਬੰਦਿਆਂ ਕੋਲ ਜਮ੍ਹਾਂ ਹੋ ਰਹੇ ਹਨ ਅਤੇ ਆਮ ਜਨਤਾ ਬਦ ਤੋਂ ਬਦਤਰ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਕੀਤੀ ਜਾ ਰਹੀ ਹੈ | ਲੁੱਟੇ ਜਾ ਰਹੇ ਕਿਰਤੀ ਲੋਕਾਂ ਨੂੰ ਧਰਮਾਂ, ਜਾਤਾਂ, ਨਸਲਾਂ ਦੇ ਨਾਂਅ ‘ਤੇ ਵੰਡ ਕੇ ਜਮਾਤੀ ਲਾਮਬੰਦੀ ਦੇ ਰਾਹ ਪੈਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਅਜਿਹੇ ਸਮੇਂ ਮਾਰਕਸੀ ਸੋਚ-ਵਿਚਾਰਧਾਰਾ ਹੀ ਸਰਮਾਏਦਾਰੀ ਪ੍ਰਬੰਧ ਦਾ ਮੁਕਾਬਲਾ ਕਰਨ ਲਈ ਰਾਸਤਾ ਦਿਖਾਉਂਦੀ ਹੈ | ਸਰਮਾਏਦਾਰੀ ਦੇ ਇਸ ਦੈਂਤ ਨੂੰ ਟੱਕਰ ਦੇਣ ਲਈ ਉਨ੍ਹਾਂ 40 ਕਰੋੜ ਨੌਜਵਾਨਾਂ ਜੋ ਰੁਜ਼ਗਾਰ ਨਾ ਹੋਣ ਕਾਰਨ ਨਿਰਾਸ਼ਾ ਦੇ ਆਲਮ ‘ਚ ਹਨ, ਨੂੰ ਰੁਜ਼ਗਾਰ ਦੀ ਗਰੰਟੀ ਕਰਦੇ ਕਾਨੂੰਨ ਦੀ ਪ੍ਰਾਪਤੀ ਲਈ ਲਾਮਬੰਦ ਕਰਨਾ ਹੋਵੇਗਾ | ਜਿਹੜੇ ਕੰਮ ‘ਚ ਹਨ, ਜਿਨ੍ਹਾਂ ਨੂੰ ਸਿਰ ਖੁਰਕਣ ਦੀ ਵਿਹਲ ਨਹੀਂ, ਉਨ੍ਹਾਂ ਨੂੰ ਵਿਹਲਾ ਸਮਾਂ ਦੇਣ ਲਈ ਕੰਮ ਦਿਹਾੜੀ ਦੀ ਕਾਨੂੰਨੀ ਸੀਮਾ 6 ਘੰਟੇ ਹੋਵੇ ਲਈ ਲੜਾਈ ਲੜਨੀ ਹੋਵੇਗੀ | ਜੇਕਰ ਅਜਿਹਾ ਨਾ ਕੀਤਾ ਤਾਂ ਕਿਰਤ ਧਿਰ ਨੂੰ ਖਤਮ ਹੋਣ ਤੋਂ ਕਦੇ ਵੀ ਨਹੀਂ ਬਚਾਇਆ ਜਾ ਸਕੇਗਾ | ਇਸ ਫਾਸ਼ੀਵਾਦ ਦੇ ਖਤਰੇ ਨੂੰ ਰੋਕਣ ਲਈ ਸੈਕੂਲਰ ਡੈਮੋਕ੍ਰੇਟਿਕ (ਅਜ਼ਾਦੀ, ਬਰਾਬਰੀ ਤੇ ਭਰੱਪਾ ਚਹੁੰਦੀਆਂ) ਧਿਰਾਂ ਦਾ ਇਕੱਠੇ ਹੋਣਾ ਇਕੋ ਇੱਕ ਰਾਹ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਹਾਲਾਤ ‘ਚ ਹੋਰ ਵਧੇਰੇ ਲੋੜ ਬਣ ਜਾਂਦੀ ਹੈ ਕਿ ਅਸੀਂ ਆਪਣੇ ਆਗੂਆਂ ਨੂੰ ਪੜ੍ਹੀਏ, ਸਮਝੀਏ | ਇਸ ਸੈਮੀਨਾਰ ‘ਚ ਵੱਖ-ਵੱਖ ਬੱਧੀਜੀਵੀਆਂ, ਲੇਖਕਾਂ, ਵਿਦਿਆਰਥੀਆਂ, ਨੌਜਵਾਨਾਂ ਆਦਿ ਵਰਗਾਂ ਨੇ ਵੱਡੀ ਗਿਣਤੀ ‘ਚ ਸ਼ਿਰਕਤ ਕਰਕੇ ਵਿਚਾਰ ਚਰਚਾ ਕੀਤੀ | ਪਾਰਟੀ ਜ਼ਿਲਾ ਸਕੱਤਰ ਕੁਲਦੀਪ ਸਿੰਘ ਭੋਲਾ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ | ਇਸ ਸਮੇਂ ਹੋਰਨਾਂ ਤੋਂ ਇਲਾਵਾ ਟਰੇਡ ਯੂਨੀਅਨ ਕੌਂਸਲ ਮੋਗਾ ਦੇ ਸਕੱਤਰ ਜਗਸੀਰ ਖੋਸਾ, ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾਈ ਸਕੱਤਰ ਚਰਨਜੀਤ ਛਾਂਗਾਰਾਏ, ਨੌਜਵਾਨ ਆਗੂ ਕਰਮਵੀਰ ਬੱਧਨੀ, ਐਡਵੋਕੇਟ ਹਰਪਾਲ, ਏਟਕ ਆਗੂ ਸੁਖਦੇਵ ਸ਼ਰਮਾ, ਐਪਸੋ ਆਗੂ ਸਵਰਨ ਖੋਸਾ, ਕਿਸਾਨ ਆਗੂ ਗੁਰਚਰਨ ਸਿੰਘ ਦਾਤੇਵਾਲ, ਨੌਜਵਾਨ ਆਗੂ ਗੁਰਦਿੱਤ ਸਿੰਘ ਦੀਨਾ, ਏ ਆਈ ਐੱਸ ਐੱਫ ਦੇ ਜ਼ਿਲ੍ਹਾ ਆਗੂ ਸਵਰਾਜ ਖੋਸਾ, ਗੁਰਨਾਮ ਮਹਿਸਮਪੁਰੀ, ਡਾ. ਬਾਲਕਿਸ਼ਨ ਡਗਰੂ ਆਦਿ ਹਾਜ਼ਰ ਸਨ |

LEAVE A REPLY

Please enter your comment!
Please enter your name here