ਮਾਰਕਸ ਦੇ ਸਿਧਾਂਤ ਨਾਲ ਹੀ ਇਨਕਲਾਬ ਆ ਸਕਦੈ : ਬੰਤ ਬਰਾੜ

0
205

ਬਹਿਰਾਮ (ਅਵਤਾਰ ਕਲੇਰ)ਇਨਸਾਨਾਂ ਨੂੰ ਇਨਸਾਨ ਸਮਝਣਾ, ਛੋਟੇ ਵੱਡੇ ਦਾ ਫਰਕ ਮਿਟਾਉਣਾ, ਸਮਾਜਵਾਦ ਦੀ ਸਥਾਪਨਾ, ਲੋੜਵੰਦਾਂ ਦੀ ਸਹਾਇਤਾ ਅਤੇ ਇਨਸਾਨੀਅਤ ਦਾ ਫਰਜ਼ ਸਮਝਣਾ ਹੀ ਮਾਰਕਸ ਦਾ ਸਿਧਾਂਤ ਹੈ | ਮਾਰਕਸ ਦੇ ਸਿਧਾਂਤ ਨਾਲ ਹੀ ਇਨਕਲਾਬ ਆ ਸਕਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਮੇਹਲੀ ਵਿਖੇ ਮਹਾਨ ਸਾਹਿਤਕਾਰ ਅਤੇ ਇਨਕਲਾਬੀ ਕਾਮਰੇਡ ਕਾਰਲ ਮਾਰਕਸ ਦੇ ਜਨਮ ਦਿਨ ਮੌਕੇ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕੀਤਾ | ਉਨ੍ਹਾ ਕਿਹਾ ਕਿ ਦੁਨੀਆ ਭਰ ‘ਚ ਮਾਰਕਸ ਦੇ ਆਉਣ ਤੋਂ ਪਹਿਲਾਂ ਸਾਰੇ ਇਹ ਸਮਝਦੇ ਸੀ ਕਿ ਸਮਾਜ ਦੀਆਂ ਸਮੱਸਿਆਵਾਂ, ਆਪਸੀ ਵਿਤਕਰਾ, ਆਰਥਕ ਲੁੱਟ ਸਾਡੀ ਕਿਸਮਤ ਵਿੱਚ ਲਿਖਿਆ ਹੈ ਅਤੇ ਸਾਡੇ ਦੁੱਖਾਂ ਦਾ ਇਲਾਜ ਬਾਬੇ ਕਰ ਸਕਦੇ ਹਨ ਅਤੇ ਲੋਕ ਅੰਧ ਵਿਸ਼ਵਾਸ ਦੇ ਚੱਕਰ ਵਿੱਚ ਪਏ ਹੋਏ ਸਨ | ਮਾਰਕਸ ਨੇ 1848 ‘ਚ ਕਮਿਊਨਿਸਟ ਮੈਨੀਫੈਸਟੋ ‘ਚ ਲਿਖਿਆ ਸੀ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੋਈ ਗੈਬੀ ਸ਼ਕਤੀ ਨਹੀਂ, ਇਹ ਸਭ ਹਵਾਈ ਗੱਲਾਂ ਹਨ ਅਤੇ ਇਹ ਰਾਜਸੀ ਅਤੇ ਸਰਮਾਏਦਾਰੀ ਪ੍ਰਬੰਧਾਂ ਦੀ ਦੇਣ ਹੈ | ਇਸ ਦਾ ਹੱਲ ਆਪਸੀ ਏਕਤਾ ਅਤੇ ਸੂਝ ਨਾਲ ਨਿਕਲ ਸਕਦਾ ਹੈ | ਮਾਰਕਸ ਨੇ ਲਿਖਿਆ ਕਿ ਲੱਖਾਂ ਸਾਲ ਆਦਮੀ ਬੜਾ ਭੋਲਾ ਸੀ ਅਤੇ ਗੁਫਾਵਾਂ ‘ਚ ਰਹਿੰਦਾ ਸੀ | ਹੌਲੀ ਹੌਲੀ ਮਨੁੱਖ ਨੂੰ ਸਮਝ ਆਉਣ ਲੱਗੀ | ਉਹ ਗੁਫਾਵਾਂ ਤੋਂ ਬਾਹਰ ਨਿਕਲ ਕੇ ਆਪਸੀ ਝੁੰਡਾਂ ‘ਚ ਰਹਿਣ ਲੱਗ ਪਏ ਅਤੇ ਕੱਚਾ ਮਾਸ ਖਾਣ ਵਾਲੇ ਮਾਸ ਭੰੁਨ ਕੇ ਖਾਣ ਲੱਗੇ | ਮਨੁੱਖ ਨੇ ਸੰਦਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ | ਰੇਡੀਓ ਟੀ ਵੀ ਆਇਆ | ਇਨਸਾਨ ਨੇ ਤਰੱਕੀ ਨਾਲ ਪੈਦਾਵਾਰ ਦੇ ਸਾਧਨ ਬਣਾ ਲਏ | ਮੋਬਾਈਲ, ਕੰਪਿਊਟਰ, ਹਵਾਈ ਜਹਾਜ਼, ਸੈਟੇਲਾਈਟ, ਰੌਕਟ ਅਤੇ ਮਨੁੱਖ ਚੰਦਰਮਾ ‘ਤੇ ਪਹੁੰਚ ਗਿਆ | ਇਹ ਸਾਰਾ ਕੁਝ ਸਮੇਂ ਸਮੇਂ ਅਤੇ ਵਿਗਿਆਨਕ ਕਾਢਾਂ ਨਾਲ ਸੰਭਵ ਹੋਇਆ | ਮਾਰਕਸ ਨੇ ਕਿਹਾ ਕਿ ਬੰਦਾ ਕਿਰਤ ਕਰਦਾ ਹੈ, ਫਿਰ ਵਿਕਾਸ, ਪੈਦਾਵਾਰ, ਇੰਡਸਟਰੀਜ਼, ਡੈਮ ਇਹ ਸਾਰਾ ਕੁਝ ਕਿਰਤ ਨਾਲ ਅਤੇ ਵਿਗਿਆਨ ਨਾਲ ਹੋਇਆ | ਕਾਮਾ ਕਿਰਤ ਕਰਦਾ ਤੇ ਮਸ਼ੀਨਾਂ ਦਾ ਮਾਲਕ ਕੋਈ ਹੋਰ ਹੈ | ਇਸ ਨਾਲ ਸਮਾਜ ਵੰਡਿਆ ਜਾਂਦਾ ਹੈ | ਇੱਕ ਪਾਸੇ ਕਿਰਤੀ ਲੋਕ, ਦੂਸਰੇ ਪਾਸੇ ਇੰਡਸਟਰੀਜ਼ ਦੇ ਮਾਲਕ ਹਨ | ਇਹ ਇੰਡਸਟਰੀਜ਼ ਦੇ ਮਾਲਕ ਹੀ ਸਰਕਾਰਾਂ ਬਣਾਉਂਦੇ ਹਨ, ਕਾਨੂੰਨ ਬਣਾਉਂਦੇ ਹਨ ਅਤੇ ਕਿਰਤੀ ਲੋਕਾਂ ਦਾ ਸ਼ੋਸ਼ਣ ਕਰਦੇ ਹਨ | ਇਨ੍ਹਾਂ ਦਾ ਮੁਕਾਬਲਾ ਕਰਨ ਲਈ ਜਥੇਬੰਦ ਹੋਣਾ ਚਾਹੀਦਾ ਹੈ | ਸਾਥੀ ਬਰਾੜ ਨੇ ਦੱਸਿਆ ਕਿ ਭਾਰਤ ਦੀ 140 ਕਰੋੜ ਜਨਸੰਖਿਆ ‘ਚੋਂ 50 ਕਰੋੜ ਕਿਰਤੀ, ਖੇਤ ਮਜ਼ਦੂਰ, ਕਾਰਖਾਨੇਦਾਰ, ਮੁਲਾਜ਼ਮ ਹਨ ਅਤੇ 26 ਕਰੋੜ ਖੇਤ ਮਜ਼ਦੂਰ ਹਨ, ਜਿਨ੍ਹਾਂ ਦੇ ਪੱਲੇ ਕੁਝ ਵੀ ਨਹੀਂ | ਕੇਂਦਰ ਦੀ ਮੋਦੀ ਸਰਕਾਰ ਸਰਮਾਏਦਾਰਾਂ ਦੀ ਸਰਕਾਰ ਹੈ | ਇਨਸਾਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਜਿਹੜਾ ਵੀ ਸਮਾਨ ਅਸੀਂ ਵਰਤਦੇ ਹਾਂ, ਤੀਲਾਂ ਦੀ ਡੱਬੀ ਤੋਂ ਲੈ ਕੇ ਹਵਾਈ ਜਹਾਜ਼ ਤੱਕ ਹਰ ਚੀਜ਼ ‘ਤੇ ਟੈਕਸ ਲਗਦਾ ਹੈ | ਗਰੀਬ ਲੋਕਾਂ ਦਾ ਬੈਂਕਾਂ ‘ਚ ਪਿਆ ਪੈਸਾ ਭਾਰਤ ਦੇ ਸਰਮਾਏਦਾਰਾਂ ਕੋਲ ਪਹੁੰਚ ਜਾਂਦਾ ਹੈ | ਸਰਮਾਏਦਾਰ ਲੋਕ ਕਰੋੜਾਂ ਰੁਪਏ ਕਰਜ਼ਾ ਲੈਂਦੇ ਹਨ | ਫਿਰ 5-7 ਸਾਲ ਕਰਜ਼ ਮੋੜਦੇ ਨਹੀਂ ਅਤੇ ਸਰਕਾਰਾਂ ਇਨ੍ਹਾਂ ਸਰਮਾਏਦਾਰਾਂ ਦਾ ਹਰ ਸਾਲ 2 ਲੱਖ ਕਰੋੜ ਰੁਪਈਆ ਮੁਆਫ ਕਰ ਦਿੰਦੀ ਹੈ | ਸਾਥੀ ਬਰਾੜ ਨੇ ਦੱਸਿਆ ਕਿ 1917 ਵਿੱਚ ਲੈਨਿਨ ਨੇ ਰੂਸ ‘ਚ ਇਨਕਲਾਬ ਕੀਤਾ ਅਤੇ ਕਿਰਤੀ ਲੋਕਾਂ ਦਾ ਰਾਜ ਲਿਆਂਦਾ | ਉਨ੍ਹਾ ਕਿਹਾ ਕਿ ਮੋਦੀ ਅੰਬਾਨੀਆਂ, ਅਡਾਨੀਆਂ ਦਾ ਦਲਾਲ ਹੈ | ਸੰਵਿਧਾਨ ਨੂੰ ਖਤਰਾ ਹੈ | ਇਸ ਲਈ ਆਉਣ ਵਾਲੇ ਸਮੇਂ ਵਿੱਚ ਮੋਦੀ ਸਰਕਾਰ ਨੂੰ ਗੱਦੀ ਤੋਂ ਲਾਹੁਣਾ ਜ਼ਰੂਰੀ ਹੈ | ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੁਤੰਤਰ ਕੁਮਾਰ, ਮੁਕੰਦ ਲਾਲ, ਜਸਵਿੰਦਰ ਸਿੰਘ ਭੰਗਲ, ਮਹਿੰਦਰ ਪਾਲ ਮੋਹਾਲੀ ਮੈਂਬਰ ਸੂਬਾ ਕੌਂਸਲ, ਨਰੰਜਣ ਦਾਸ ਮੇਹਲੀ ਮੈਂਬਰ ਸੂਬਾ ਕੌਂਸਲ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਸੁਰਿੰਦਰ ਪਾਲ ਸਰਪੰਚ, ਅਮਰਜੀਤ ਮੇਹਲੀ, ਬਲਜਿੰਦਰ ਸਿੰਘ, ਜਰਨੈਲ ਸਿੰਘ, ਜਗਤਾਰ ਸਿੰਘ, ਬਲਵੀਰ ਸਿੰਘ ਮਹਿਤਪੁਰ, ਗੁਰਮੇਜ ਮੇਹਲੀ, ਤਰਸੇਮ ਲਾਲ, ਬੁੱਧ ਪ੍ਰਕਾਸ਼ ਸ਼ੌਂਕੀ, ਭਾਈ ਕੁਲਵਿੰਦਰ ਸਿੰਘ, ਪਵਨ ਕੁਮਾਰ, ਹੁਸਨ ਲਾਲ, ਗੁਰਮੀਤ ਰਾਮ, ਦਸੌਂਧਾ ਸਿੰਘ, ਜਸਵਿੰਦਰ ਕੌਰ, ਬੀਨਾ ਰਾਹੋਂ, ਜਗਦੀਸ਼ ਕੌਰ ਸਾਬਕਾ ਸਰਪੰਚ, ਬੀਬੀ ਪਿਆਰੀ, ਕੁਸ਼ਵਿੰਦਰ ਕੌਰ, ਸੁਨੀਤਾ ਰਾਣੀ ਆਦਿ ਹਾਜ਼ਰ ਸਨ |

LEAVE A REPLY

Please enter your comment!
Please enter your name here