ਨਵੀਂ ਦਿੱਲੀ : ਇੱਥ ਤੀਨ ਮੂਰਤੀ ਭਵਨ ਕੰਪਲੈਕਸ ਵਿਚ ਸਥਿਤ ਨਹਿਰੂ ਮੈਮੋਰੀਅਲ ਮਿਊਜ਼ੀਅਮ ਐਂਡ ਲਾਇਬ੍ਰੇਰੀ ਸੁਸਾਇਟੀ ਦਾ ਨਾਂਅ ਬਦਲ ਕੇ ‘ਪ੍ਰਧਾਨ ਮੰਤਰੀ ਮਿਊਜ਼ੀਅਮ ਐਂਡ ਲਾਇਬ੍ਰੇਰੀ ਸੁਸਾਇਟੀ’ ਰੱਖ ਦਿੱਤਾ ਗਿਆ ਹੈ, ਜਿਸ ‘ਤੇ ਕਾਂਗਰਸ ਨੇ ਤਿੱਖੀ ਪ੍ਰਤੀਕਿਰਿਆ ਕੀਤੀ ਹੈ | ਤੀਨ ਮੂਰਤੀ ਭਵਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਸਰਕਾਰੀ ਰਿਹਾਇਸ਼ ਸੀ | ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਕਿ ਸੁਸਾਇਟੀ ਦੀ ਵਿਸ਼ੇਸ਼ ਬੈਠਕ ਨੇ ਇਸ ਦਾ ਨਾਂਅ ਬਦਲਣ ਦਾ ਫੈਸਲਾ ਕੀਤਾ ਹੈ | ਮੀਟਿੰਗ ਦੀ ਪ੍ਰਧਾਨਗੀ ਸੁਸਾਇਟੀ ਦੇ ਮੀਤ ਪ੍ਰਧਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ | ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਨਾਂਅ ਬਦਲਣ ਦੀ ਨਿੰਦਾ ਕੀਤੀ ਹੈ |


