2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਯੋਜਨਾ ਘੜਨ ਵਾਸਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਸੱਦੇ ’ਤੇ ਸ਼ੁੱਕਰਵਾਰ ਪਟਨਾ ਵਿਚ ਹੋਈ 17 ਆਪੋਜ਼ੀਸ਼ਨ ਪਾਰਟੀਆਂ ਦੀ ਬੈਠਕ ਤੋਂ ਬਾਅਦ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਡੀ ਰਾਜਾ ਨੇ ਸਪੱਸ਼ਟ ਕੀਤਾ ਕਿ ਆਪੋਜ਼ੀਸ਼ਨ ਪਾਰਟੀਆਂ ਦਾ ਦੇਸ਼ਵਿਆਪੀ ਗੱਠਜੋੜ ਕਾਰਆਮਦ ਨਹੀਂ ਰਹਿਣਾ, ਸਗੋਂ ਰਾਜਾਂ ’ਚ ਪਾਰਟੀਆਂ ਦੀ ਤਾਕਤ ਦੇ ਹਿਸਾਬ ਨਾਲ ਸੀਟਾਂ ਦੀ ਵੰਡ ਹੀ ਬਿਹਤਰ ਫਾਰਮੂਲਾ ਰਹੇਗੀ। ਕਾਮਰੇਡ ਰਾਜਾ ਨੇ ਕਿਹਾਸਾਡੀ ਪਾਰਟੀ ਲੋਕ ਸਭਾ ਚੋਣਾਂ ਲਈ ਮੁਤਹਿਦਾ ਗੱਠਜੋੜ ਦਾ ਹਿੱਸਾ ਨਹੀਂ ਬਣੇਗੀ। ਸਾਡੇ ਸੂਬਾਈ ਯੂਨਿਟ ਆਪਣੀ ਲੋੜ ਮੁਤਾਬਕ ਗੱਠਜੋੜ ਤੇ ਸੀਟਾਂ ਦੀ ਵੰਡ ਬਾਰੇ ਫੈਸਲੇ ਕਰਨਗੇ। ਅਸੀਂ ਇਸ ਲਈ ਉਨ੍ਹਾਂ ਨੂੰ ਅਧਿਕਾਰਤ ਕਰ ਚੁੱਕੇ ਹਾਂ। ਅਸੀਂ ਇਹ ਫੈਸਲਾ ਇਸ ਲਈ ਕੀਤਾ ਹੈ, ਕਿਉਕਿ ਵੱਖ-ਵੱਖ ਰਾਜਾਂ ਦੀ ਸਿਆਸੀ ਸਥਿਤੀ ਵੱਖ-ਵੱਖ ਹੈ। ਸਾਡਾ ਉਦੇਸ਼ ਭਾਜਪਾ-ਵਿਰੋਧੀ ਵੋਟਾਂ ਨੂੰ ਇਕੱਠੇ ਕਰਨਾ ਹੈ। ਬਿਹਾਰ, ਜਿੱਥੇ ਸੀ ਪੀ ਆਈ, ਸੀ ਪੀ ਆਈ (ਐੱਮ) ਤੇ ਸੀ ਪੀ ਆਈ (ਐੱਮ ਐੱਲ) ਜਨਤਾ ਦਲ (ਯੂਨਾਈਟਿਡ), ਰਾਸ਼ਟਰੀ ਜਨਤਾ ਦਲ ਤੇ ਕਾਂਗਰਸ ਨਾਲ ਹੁਕਮਰਾਨ ਗੱਠਜੋੜ ਵਿਚ ਸ਼ਾਮਲ ਹਨ, ਦੀ ਸਥਿਤੀ ਤਾਮਿਲਨਾਡੂ ਨਾਲੋਂ ਵੱਖਰੀ ਹੈ, ਜਿੱਥੇ ਸੀ ਪੀ ਆਈ ਤੇ ਸੀ ਪੀ ਆਈ (ਐੱਮ) 11 ਪਾਰਟੀ ਸੈਕੂਲਰ ਪ੍ਰੋਗਰੈਸਿਵ ਅਲਾਇੰਸ ਦਾ ਹਿੱਸਾ ਹਨ। ਇਸੇ ਤਰ੍ਹਾਂ ਹੋਰਨਾਂ ਰਾਜਾਂ ਦੀ ਵੀ ਇਕ-ਦੂਜੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਕੇਰਲਾ, ਕਰਨਾਟਕ ਜਾਂ ਯੂ ਪੀ ਦੀ ਤੁਲਨਾ ਨਹੀਂ ਕਰ ਸਕਦੇ। ਕਾਮਰੇਡ ਰਾਜਾ ਨੇ ਇਹ ਨੁਕਤਾ ਵੀ ਸਪੱਸ਼ਟ ਕੀਤਾ ਕਿ ਜਿੱਥੇ ਉਨ੍ਹਾ ਦੀ ਪਾਰਟੀ ਦੀ ਚੋਖੀ ਮੌਜੂਦਗੀ ਹੈ, ਉਸ ਰਾਜ ਵਿਚ ਉਹ ਬਣਦੀਆਂ ਸੀਟਾਂ ਨਾ ਮਿਲਣ ’ਤੇ ਗੱਠਜੋੜ ਦਾ ਹਿੱਸਾ ਨਹੀਂ ਬਣੇਗੀ।
ਦਰਅਸਲ ਭਾਜਪਾ ਨੂੰ ਹਰਾਉਣ ਲਈ ਇਹੀ ਰਣਨੀਤੀ ਕਾਮਯਾਬ ਰਹੇਗੀ। ਜੇ ਪੱਛਮੀ ਬੰਗਾਲ ਵਿਚ ਕਾਂਗਰਸ ਕਮਿਊਨਿਸਟਾਂ ਦੀਆਂ ਵੋਟਾਂ ਚਾਹੇਗੀ ਤਾਂ ਉਸ ਨੂੰ ਪੰਜਾਬ ਵਿਚ ਵੀ ਸੀਟਾਂ ਬਾਰੇ ਲੈ-ਦੇ ਕਰਨੀ ਹੀ ਪੈਣੀ ਹੈ। ਇਸੇ ਤਰ੍ਹਾਂ ਵੱਖ-ਵੱਖ ਸੂਬਿਆਂ ਵਿਚ ਭਾਰੂ ਪਾਰਟੀਆਂ ਨੂੰ ਕਮਿਊਨਿਸਟਾਂ ਦੀਆਂ ਵੋਟਾਂ ਲਈ ਲੈ-ਦੇ ਕਰਨੀ ਪਵੇਗੀ। ਕੇਰਲਾ, ਪੱਛਮੀ ਬੰਗਾਲ ਤੇ ਤਿ੍ਰਪੁਰਾ ਨੂੰ ਛੱਡ ਕੇ ਹੋਰਨਾਂ ਰਾਜਾਂ ਵਿਚ ਕਮਿਊਨਿਸਟ ਪਾਰਟੀਆਂ ਦੀਆਂ ਕਿਸੇ ਹਲਕੇ ਵਿਚ ਬੱਝਵੀਆਂ ਵੋਟਾਂ ਭਾਵੇਂ ਨਾ ਹੋਣ, ਪਰ ਸੂਬੇ ’ਚ ਸਮੁੱਚੇ ਰੂਪ ਵਿਚ ਮੌਜੂਦ ਉਨ੍ਹਾਂ ਦੇ ਵੋਟਰ ਫਸਵੇਂ ਮੁਕਾਬਲਿਆਂ ਵਿਚ ਅਹਿਮ ਰੋਲ ਅਦਾ ਕਰ ਸਕਦੇ ਹਨ।



