ਨਵੀਂ ਦਿੱਲੀ : ਸਮੁੱਚੇ ਦੇਸ਼ ’ਚ ਮਾਨਸੂਨ ਦੀ ਆਗਮਨ ਦੇ ਨਾਲ ਮੌਸਮ ਹੁਣ ਖੁਸ਼ਗਵਾਰ ਹੋ ਗਿਆ ਹੈ। ਕਈ ਸੂਬਿਆਂ ’ਚ ਅਸਮਾਨ ਤੋਂ ਰਾਹਤ ਦੀ ਬਾਰਿਸ਼ ਹੋ ਰਹੀ ਹੈ ਤਾਂ ਕਈ ਸੂਬਿਆਂ ’ਚ ਭਾਰੀ ਬਾਰਿਸ਼ ਨਾਲ ਜਾਨ-ਮਾਲ ਨੂੰ ਵੀ ਬਹੁਤ ਨੁਕਸਾਨ ਹੋਇਆ ਹੈ। ਬਾਰਿਸ਼ ਨੂੰ ਲੈ ਕੇ ਜਿਸ ਤਰ੍ਹਾਂ ਦਾ ਅਲਰਟ ਮੌਸਮ ਵਿਭਾਗ ਨੇ ਜਾਰੀ ਕੀਤਾ ਹੈ, ਉਸ ਨੂੰ ਲੈ ਕੇ ਬਾਰਿਸ਼ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਨੀਂਦ ਉਡ ਗਈ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ’ਚ ਵੀਰਵਾਰ ਸਵੇਰੇ ਤੇਜ਼ ਬਾਰਿਸ਼ ਹੋਈ। ਭਾਰੀ ਬਾਰਿਸ਼ ਕਾਰਨ ਰਾਜਧਾਨੀ ’ਚ ਪਾਣੀ ਭਰ ਗਿਆ। ਮੌਸਮ ਵਿਭਾਗ ਵੱਲੋਂ 19 ਸੂਬਿਆਂ ’ਚ ਅਗਲੇ 24 ਘੰਟਿਆਂ ਦੌਰਾਨ ਭਾਰੀ ਬਾਰਿਸ਼ ਨੂੰ ਲੈ ਕੇ ਅਲਰਟ ਕੀਤਾ ਗਿਆ ਹੈ। ਮੌਸਮ ਮੁਤਾਬਿਕ ਅਗਲੇ ਚਾਰ ਦਿਨ ਤੱਕ ਦੇਸ਼ ਭਰ ਦੇ ਕਈ ਸੂਬਿਆਂ ’ਚ ਭਾਰੀ ਬਾਰਿਸ਼ ਹੋ ਸਕਦੀ ਹੈ। ਇਨ੍ਹਾਂ ਸੂਬਿਆਂ ’ਚ ਝਾਰਖੰਡ, ਬਿਹਾਰ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਕੋਕਣ ਅਤੇ ਗੋਆ, ਛੱਤੀਸਗੜ੍ਹ, ਅਸਮ, ਮੇਘਾਲਿਆ, ਮਣੀਪੁਰ, ਮਿਜ਼ੋਰਮ, ਤਿ੍ਰਪੁਰਾ, ਓਡੀਸ਼ਾ, ਪੱਛਮ ਬੰਗਾਲ, ਉੱਤਰ ਪ੍ਰਦੇਸ਼, ਹਰਿਆਣਾ, ਦਿੱਲੀ, ਪੂਰਬੀ ਰਾਜਸਥਾਨ, ਗੁਜਰਾਤ ਅਤੇ ਮੱਧ ਮਹਾਰਾਸ਼ਟਰ ਸ਼ਾਮਲ ਹਨ। ਬਾਰਿਸ਼ ਨਾਲ ਯੂ ਪੀ ਅਤੇ ਉਸ ਨਾਲ ਲੱਗੇ ਬਿਹਾਰ ਦਾ ਹਾਲ ਖਰਾਬ ਹੈ। ਦੋਵੇਂ ਸੂਬਿਆਂ ਦੇ ਕਈ ਜ਼ਿਲ੍ਹਿਆਂ ’ਚ ਪਿਛਲੇ 3 ਦਿਨਾਂ ਤੋਂ ਹੋ ਰਹੀ ਬਾਰਿਸ਼ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ 4 ਦਿਨਾਂ ਤੱਕ ਬਾਰਿਸ਼ ਤੋਂ ਰਾਹਤ ਦੀ ਉਮੀਦ ਨਹੀਂ ਹੈ। ਮੌਸਮ ਵਿਭਾਗ ਨੇ ਕਿਹਾ ਕਿ ਦੇਸ਼ ਭਰ ’ਚ ਮਾਨਸੂਨ ਨੇ ਹੁਣ ਰਫ਼ਤਾਰ ਫੜ ਲਈ ਹੈ। ਜਿੱਥੇ ਭਾਰੀ ਬਾਰਿਸ਼ ਤੋਂ ਬਾਅਦ ਅਸਮ, ਸਿੱਕਮ ਅਤੇ ਹਿਮਾਚਲ ਦੇ ਕਈ ਜ਼ਿਲ੍ਹੇ ਹੜ੍ਹ ਦੀ ਚਪੇਟ ’ਚ ਹਨ। ਉਥੇ ਹੀ ਲੱਖਾਂ ਲੋਕ ਰਾਹਤ ਕੈਂਪਾਂ ’ਚ ਰਹਿ ਰਹੇ ਹਨ। ਇਸ ਹੜ੍ਹ ਨਾਲ ਜਾਨ-ਮਾਲ ਦਾ ਬਹੁਤ ਨੁਕਸਾਨ ਹੋਇਆ ਹੈ। ਅਸਾਮ ’ਚ ਹੜ੍ਹ ਨਾਲ ਸੂਬੇ ਦੇ 6 ਜ਼ਿਲ੍ਹਿਆਂ ’ਚ 83 ਹਜ਼ਾਰ ਲੋਕ ਫਸੇ ਹੋਏ ਹਨ। ਮਰਨ ਵਾਲਿਆਂ ਦੀ ਗਿਣਤੀ ਵਧ ਕੇ 7 ਹੋ ਗਈ ਹੇ। ਮਹਾਰਾਸ਼ਟਰ ਦੇ ਮੁੰਬਈ, ਠਾਣੇ ਅਤੇ ਸਤਾਰਾ ’ਚ ਪਿਛਲੇ 24 ਘੰਟਿਆਂ ’ਚ ਜ਼ੋਰਦਾਰ ਬਾਰਿਸ਼ ਨਾਲ ਰੇਲਵੇ ਟਰੈਕ, ਬਾਜ਼ਾਰਾਂ ਅਤੇ ਸੜਕਾਂ ’ਤੇ 3 ਫੁੱਟ ਪਾਣੀ ਭਰ ਗਿਆ ਹੈ।





