ਅੰਮਿ੍ਤਸਰ (ਜਸਬੀਰ ਸਿੰਘ ਪੱਟੀ)-ਇੱਥੇ ਹਰਿਮੰਦਰ ਸਾਹਿਬ ‘ਚ ਹੁੰਦੇ ਕੀਰਤਨ ਦੇ ਸਿੱਧੇ ਪ੍ਰਸਾਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 24 ਜੁਲਾਈ ਸਵੇਰ ਤੋਂ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ | ਇਹ ਫੈਸਲਾ ਸ਼ੁੱਕਰਵਾਰ ਇੱਕ ਨੁਕਾਤੀ ਏਜੰਡੇ ‘ਤੇ ਸੱਦੀ ਸ਼੍ਰੋਮਣੀ ਕਮੇਟੀ ਦੀ ਅੰਤਿ੍ੰਗ ਕਮੇਟੀ ਦੀ ਹੰਗਾਮੀ ਮੀਟਿੰਗ ‘ਚ ਕੀਤਾ ਗਿਆ | ਸ਼ੋ੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖੁਲਾਸਾ ਕੀਤਾ ਯੂਟਿਊਬ ਚੈਨਲ ਸ਼ੁਰੂ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਤਿੰਨ ਮਹੀਨੇ ਵਾਸਤੇ ਨਿੱਜੀ ਕੰਪਨੀ ਦੀਆਂ ਸੇਵਾਵਾਂ ਕਿਰਾਏ ‘ਤੇ ਲਈਆਂ ਗਈਆਂ ਹਨ | ਕੀਰਤਨ ਪ੍ਰਸਾਰਨ ਦੇ ਸਾਰੇ ਹੱਕ ਸ਼੍ਰੋਮਣੀ ਕਮੇਟੀ ਕੋਲ ਹੋਣਗੇ | ਕਮੇਟੀ ਵੱਲੋਂ ਜਲਦੀ ਹੀ ਆਪਣਾ ਸੈਟੇਲਾਈਟ ਚੈਨਲ ਵੀ ਸ਼ੁਰੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਤੇ ਇਸ ਬਾਰੇ ਕਮੇਟੀ ਦਾ ਵਫਦ ਜਲਦੀ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਮਿਲੇਗਾ | ਆਪਣਾ ਨਿੱਜੀ ਸੈਟੇਲਾਈਟ ਚੈਨਲ ਸ਼ੁਰੂ ਕਰਨ ਬਾਰੇ ਲੋੜੀਂਦੀ ਪ੍ਰਕਿਰਿਆ ਵੀ ਆਰੰਭ ਕਰ ਦਿੱਤੀ ਜਾਵੇਗੀ | ਇਸ ਸੰਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸਬ ਕਮੇਟੀ ਬਣਾਈ ਗਈ ਹੈ, ਜਿਸ ‘ਚ ਪਹਿਲਾਂ ਵਾਲੀ ਸਬ ਕਮੇਟੀ ਦੇ ਮੈਂਬਰ ਵੀ ਸ਼ਾਮਲ ਹਨ ਅਤੇ ਕੁਝ ਮਾਹਰਾਂ ਨੂੰ ਸ਼ਾਮਲ ਕੀਤਾ ਜਾਵੇਗਾ | ਕਮੇਟੀ ਦੀ ਮੀਟਿੰਗ ਤੋਂ ਬਾਅਦ ਇਸ ਬਾਰੇ ਜਾਣਕਾਰੀ ਸ਼੍ਰੋਮਣੀ ਕਮੇਟੀ ਨੇ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਵੀ ਦਿੱਤੀ ਹੈ | ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਸਮੁੱਚੀ ਕਾਰਵਾਈ ਅਕਾਲ ਤਖਤ ਦੇ ਦਿਸ਼ਾ-ਨਿਰਦੇਸ਼ ਮੁਤਾਬਕ ਕੀਤੀ ਗਈ ਹੈ | ਸ਼੍ਰੋਮਣੀ ਕਮੇਟੀ ਦੇ ਯੂਟਿਊਬ ਚੈਨਲ ਦਾ ਨਾਂਅ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਹੋਵੇਗਾ, ਜਿਸ ਤੋਂ ਸਵੇਰੇ ਅਤੇ ਸ਼ਾਮ ਵੇਲੇ ਕੀਰਤਨ ਦਾ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ |



