5 ਸਾਲਾਂ ’ਚ 50 ਹਜ਼ਾਰ ਤੋਂ ਵੱਧ ਜਵਾਨਾਂ ਛੱਡੀ ਨੌਕਰੀ, 658 ਨੇ ਕੀਤੀ ਖੁਦਕੁਸ਼ੀ

0
266

ਨਵੀਂ ਦਿੱਲੀ : ਦੇਸ਼ ਦੀ ਸੁਰੱਖਿਆ ’ਚ ਲੱਗੇ ਜਵਾਨ ਜਾਂ ਤਾਂ ਲਗਾਤਾਰ ਨੌਕਰੀ ਛੱਡ ਰਹੇ ਹਨ ਜਾਂ ਫਿਰ ਖੁਦਕੁਸ਼ੀ ਕਰ ਰਹੇ ਹਨ। ਇਸ ਗੱਲ ਦੀ ਗਵਾਹੀ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਅੰਕੜੇ ਦੇ ਰਹੇ ਹਨ, ਜੋ ਸਰਕਾਰ ਨੇ ਲੋਕ ਸਭਾ ’ਚ ਇੱਕ ਸਵਾਲ ਦੇ ਜਵਾਬ ’ਚ ਦਿੱਤੇ। ਕੇਂਦਰੀ ਪੁਲਸ ਸੁਰੱਖਿਆ ਬਲਾਂ ਅਤੇ ਅਸਾਮ ਰਾਇਫ਼ਲ ’ਚ ਬੀਤੇ ਪੰਜ ਸਾਲਾਂ ’ਚ ਪੰਜਾਹ ਹਜ਼ਾਰ ਤੋਂ ਵੱਧ ਜਵਾਨਾਂ ਨੇ ਜਾਂ ਤਾਂ ਨੌਕਰੀ ਛੱਡ ਦਿੱਤੀ ਜਾਂ ਫਿਰ ਰਿਟਾਇਰ ਹੋ ਗਏ। ਉਥੇ ਹੀ 658 ਜਵਾਨਾਂ ਨੇ ਖੁਦਕੁਸ਼ੀ ਕਰ ਲਈ।
ਤਾਮਿਲਨਾਡੂ ਤੋਂ ਸਾਂਸਦ ਮਣੀਕਮ ਟੈਗੋਰ ਨੇ ਅਰਧ ਸੈਨਿਕ ਬਲਾਂ ਦੇ ਕੰਮ ਦੇ ਹਾਲਾਤ ਨੂੰ ਲੈ ਕੇ ਸਰਕਾਰ ਤੋਂ ਸਵਾਲ ਕੀਤਾ ਸੀ। ਲੋਕ ਸਭਾ ’ਚ ਸਵਾਲ ਖੜੇ ਕਰਦੇ ਹੋਏ ਉਨ੍ਹਾ ਪੁੱਛਿਆ ਕਿ ਕੀ ਇਹ ਸਹੀ ਹੈ ਕਿ ਬੀਤੇ ਪੰਜ ਸਾਲਾਂ ’ਚ ਅਰਧ ਸੈਨਿਕ ਬਲਾਂ ਦੇ 50 ਹਜ਼ਾਰ ਤੋਂ ਵੱਧ ਜਵਾਨਾਂ ਨੇ ਨੌਕਰੀ ਛੱਡ ਦਿੱਤੀ? ਨਾਲ ਹੀ ਅਰਧ ਸੈਨਿਕ ਬਲਾਂ ਦੇ ਜਵਾਨਾਂ ਵੱਲੋਂ ਖੁਦਕੁਸ਼ੀ ਦੀਆਂ ਘਟਨਾਵਾਂ ਦੀ ਵੀ ਜਾਣਕਾਰੀ ਮੰਗੀ ਗਈ ਸੀ। ਇਸ ਦੇ ਲਿਖਤੀ ਜਵਾਬ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਦੱਸਿਆ ਕਿ ਬੀਤੇ ਪੰਜ ਸਾਲਾਂ ’ਚ ਅਰਧ ਸੈਨਿਕ ਬਲਾਂ ਦੇ 53,336 ਜਵਾਨਾਂ ਨੇ ਨੌਕਰੀ ਜਾਂ ਤਾਂ ਛੱਡ ਦਿੱਤੀ ਜਾਂ ਫਿਰ ਰਿਟਾਇਰਮੈਂਟ ਲੈ ਲਈ।
ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਸਾਲ ਵਾਰ ਅੰਕੜਾ ਦਿੰਦੇ ਹੋਏ ਕਿਹਾ ਕਿ ਸਾਲ 2018 ’ਚ ਅਰਧ ਸੈਨਿਕ ਬਲਾਂ ਦੇ 9228 ਜਵਾਨਾਂ ਨੇ ਵੀ ਆਰ ਐੱਸ (ਸੇਵਾ-ਇੱਛੁਤ ਸੇਵਾ-ਮੁਕਤੀ) ਲਈ ਅਤੇ 1712 ਰਿਟਾਇਰ ਹੋਏ। 2019 ’ਚ 8908 ਜਵਾਨਾਂ ਨੇ ਵੀ ਆਰ ਐੱਸ ਲਈ ਅਤੇ 1415 ਜਵਾਨ ਰਿਟਾਇਰ ਹੋਏ। 2020 ਅਤੇ 2021 ’ਚ ਕ੍ਰਮਵਾਰ 6891 ਅਤੇ 10762 ਜਵਾਨਾਂ ਨੇ ਵੀ ਆਰ ਐੱਸ ਲਿਆ। ਸਾਲ 2022 ’ਚ ਸਭ ਤੋਂ ਵੱਧ ਜਵਾਨਾਂ ਨੇ ਨੌਕਰੀ ਛੱਡੀ। ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ 2022 ’ਚ 11,211 ਜਵਾਨਾਂ ਨੇ ਵੀ ਆਰ ਐੱਸ ਲਈ ਅਤੇ 1169 ਜਵਾਨ ਰਿਟਾਇਰ ਹੋਏ। ਇਸ ਤਰ੍ਹਾਂ ਬੀਤੇ ਪੰਜ ਸਾਲਾਂ ’ਚ ਕੁੱਲ 47000 ਅਰਧ ਸੈਨਿਕ ਬਲਾਂ ਦੇ ਜਵਾਨਾਂ ਨੇ ਵੀ ਆਰ ਐੱਸ ਲਈ ਅਤੇ 6336 ਜਵਾਨ ਰਿਟਾਇਰ ਹੋਏ। ਸਰਕਾਰ ਵੱਲੋਂ ਦਿੱਤੇ ਗਏ ਜਵਾਬ ਅਨੁਸਾਰ ਅਰਧ ਸੈਨਿਕ ਬਲਾਂ ’ਚ ਬੀਤੇ ਪੰਜ ਸਾਲਾਂ ’ਚ 658 ਜਵਾਨਾਂ ਨੇ ਖੁਦਕੁਸ਼ੀ ਕੀਤੀ। ਇਨ੍ਹਾਂ ’ਚ 2018 ’ਚ 96 ਜਵਾਨਾਂ ਨੇ ਖੁਦਕੁਸ਼ੀ ਕੀਤੀ, ਜਿਨ੍ਹਾਂ ’ਚ 36 ਜਵਾਨ ਕੇਂਦਰੀ ਰਿਜ਼ਰਵ ਪੁਲਸ ਫੋਰਸ, 32 ਬੀ ਐੱਸ ਐੱਫ, 5 ਆਈ ਟੀ ਬੀ ਪੀ, 9 ਐੱਸ ਐੱਸ ਬੀ, 9 ਸੀ ਆਰ ਐੱਫ ਪੀ ਐੱਫ ਅਤੇ 5 ਅਸਾਮ ਰਾਇਫ਼ਲ ਦੇ ਜਵਾਨ ਸ਼ਾਮਲ ਸਨ। ਇਸੇ ਤਰ੍ਹਾਂ 2019, 2020, 2021 ਅਤੇ 2022 ’ਚ ਇਹ ਅੰਕੜਾ ਕ੍ਰਮਵਾਰ 129, 142, 155 ਤੇ 136 ਰਿਹਾ। ਸਰਕਾਰ ਨੇ ਦੱਸਿਆ ਕਿ ਅਰਧ ਸੈਨਿਕ ਬਲਾਂ ਦੇ ਕੰਮ ਦੇ ਮਾਹੌਲ ਨੂੰ ਬਿਹਤਰ ਬਣਾਉਣ ਅਤੇ ਉਨ੍ਹਾਂ ਦੇ ਕਲਿਆਣ ਲਈ ਸਰਕਾਰ ਵੱਲੋਂ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ।

LEAVE A REPLY

Please enter your comment!
Please enter your name here