ਇਮਰਾਨ ਗਿ੍ਰਫ਼ਤਾਰ, ਤੋਸ਼ਾਖਾਨਾ ਮਾਮਲੇ ’ਚ 3 ਸਾਲ ਦੀ ਸਜ਼ਾ

0
205

ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਤੋਸ਼ਾਖਾਨਾ ਮਾਮਲੇ ’ਚ ਦੋਸ਼ੀ ਠਹਿਰਾਇਆ ਗਿਆ  ਹੇ। ਇਸਲਾਬਾਮਾਦ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਇਮਰਾਨ ਖਾਨ ਨੂੰ ਤਿੰਨ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਸ ਸਜ਼ਾ ਖਿਲਾਫ਼ ਇਮਰਾਨ ਕੋਲ ਉਪਰਲੀ ਅਦਾਲਤ ’ਚ ਜਾਣ ਦਾ ਮੌਕਾ ਹੈ। ਤੋਸ਼ਾਖਾਨਾ ਮਾਮਲੇ ’ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਟਰਾਇਲ ਕੋਰਟ ਦੇ ਜੱਜ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ਼ ਗਿ੍ਰਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ। ਇਸ ਆਦੇਸ਼ ਤੋਂ ਬਾਅਦ ਇਮਰਾਨ ਨੂੰ ਲਾਹੌਰ ਦੇ ਜਮਾਨ ਪਾਰਕ ਵਾਲੇ ਘਰ ਤੋਂ ਗਿ੍ਰਫਤਾਰ ਕਰ ਲਿਆ ਗਿਆ। ਤਿੰਨ ਸਾਲ ਦੀ ਸਜ਼ਾ ਹੋਣ ਤੋਂ ਬਾਅਦ ਇਮਰਾਨ 5 ਸਾਲ ਤੱਕ ਚੋਣ ਲੜਨ ਦੇ ਆਯੋਗ ਵੀ ਹੋ ਗਏ। ਤੋਸ਼ਾਖਾਨਾ ਫਾਰਸੀ ਦਾ ਸ਼ਬਦ ਹੈ, ਇਸ ਦਾ ਮਤਲਬ ਇੱਕ ਇਸ ਤਰ੍ਹਾਂ ਦੇ ਕਮਰੇ ਤੋਂ ਹੁੰਦਾ ਹੈ, ਜਿੱਥੇ ਸ਼ਾਸ਼ਨ ਦਾ ਖ਼ਜ਼ਾਨਾ ਜਾਂ ਸ਼ਹਿਨਸ਼ਾਹ ਨੂੰ ਮਿਲਣ ਵਾਲੇ ਤੋਹਫਿਆਂ ਨੂੰ ਰੱਖਿਆ ਜਾਂਦਾ ਹੈ। ਪਾਕਿਸਤਾਨ ’ਚ ਤੋਸ਼ਾਖਾਨਾ ਦੀ ਸਥਾਪਨਾ 1974 ’ਚ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਇਮਰਾਨ ’ਤੇ ਦੋਸ਼ ਸਨ ਕਿ ਉਨ੍ਹਾ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਰਹਿੰਦੇ ਹੋਏ ਜੋ ਤੋਹਫ਼ੇ ਮਿਲੇ ਸਨ, ਉਹ ਸਰਕਾਰੀ ਖਜ਼ਾਨੇ ’ਚ ਰੱਖਣ ਦੀ ਬਜਾਏ ਮਹਿੰਗੀ ਕੀਮਤਾਂ ’ਤੇ ਵੇਚੇ ਅਤੇ ਨਿੱਜੀ ਤੌਰ ’ਤੇ ਇਸਤੇਮਾਲ ਕੀਤਾ। ਇਹ ਕੇਸ ਲੰਮੇ ਸਮੇਂ ਤੋਂ ਚੱਲ ਰਿਹਾ ਸੀ। ਕੋਰਟ ਨੇ ਇਮਰਾਨ ’ਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ।
ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਇਮਰਾਨ ਖਿਲਾਫ਼ ਸ਼ਿਕਾਇਤ ਕੀਤੀ ਸੀ। ਸ਼ਨੀਵਾਰ ਨੂੰ ਸੁਣਵਾਈ ਦੌਰਾਨ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਦਿਲਾਵਰ ਨੇ ਕਿਹਾ ਕਿ ਇਮਰਾਨ ’ਤੇ ਲੱਗੇ ਦੋਸ਼ ਸਹੀ ਪਾਏ ਗਏ ਹਨ। ਜੱਜ ਨੇ ਕਿਹਾ ਕਿ ਇਮਰਾਨ ਖਾਨ ਨੇ ਚੋਣ ਕਮਿਸ਼ਨ ਨੂੰ ਗਲਤ ਜਾਣਕਾਰੀਆਂ ਦਿੱਤੀਆ ਸਨ। ਉਹ ਭਿ੍ਰਸ਼ਟਾਚਾਰ ਦੇ ਦੋਸ਼ੀ ਹਨ। ਇਸ ਤੋਂ ਬਾਅਦ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਐਕਟ ਦੇ ਸੈਕਸ਼ਨ 174 ਦੇ ਤਹਿਤ ਉਨ੍ਹਾ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ। ਅਸਲ ’ਚ ਇਮਰਾਨ ਨੂੰ ਆਪਣੇ ਕਾਰਜਕਾਲ ਦੌਰਾਨ ਬਹੁਤ ਸਾਰੇ ਤੋਹਫ਼ੇ ਮਿਲੇ ਸਨ। ਉਥੇ ਹੀ ਇਮਰਾਨ ਨੇ ਚੋਣ ਕਮਿਸ਼ਨ ਨੂੰ ਜਾਣਕਾਰੀ ਦਿੱਤੀ ਸੀ ਕਿ ਉਨ੍ਹਾ ਸਾਰੇ ਤੋਹਫੇ 2.15 ਕਰੋੜ ਰੁਪਏ ’ਚ ਖਰੀਦ ਲਏ ਸਨ ਅਤੇ ਵੇਚਣ ’ਤੇ ਉਨ੍ਹਾ ਨੂੰ 5.8 ਕਰੋੜ ਰੁਪਏ ਮਿਲੇ। ਬਾਅਦ ’ਚ ਪਤਾ ਚੱਲਿਆ ਕਿ ਉਨ੍ਹਾ ਇਸ ਤੋਂ 20 ਕਰੋੜ ਰੁਪਏ ਕਮਾਏ। ਬਾਅਦ ’ਚ ਇੱਕ ਵਿਅਕਤੀ ਨੇ ਜਾਣਕਾਰੀ ਮੰਗੀ ਕਿ ਦੂਜੇ ਤੋਹਫਿਆਂ ਬਾਰੇ ਵੀ ਇਮਰਾਨ ਜਾਣਕਾਰੀ ਦੇਣ, ਪਰ ਉਨ੍ਹਾ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਸ ਵਿਅਕਤੀ ਨੇ ਇਸਲਾਮਾਬਾਦ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕਰ ਦਿੱਤੀ। ਬਾਅਦ ’ਚ ਕੋਰਟ ਨੇ ਇਮਰਾਨ ਦੇ ਵਕੀਲ ਨੂੰ ਕਿਹਾ ਕਿ ਇਨ੍ਹਾਂ ਤੋਹਫਿਆਂ ਦੀ ਜਾਣਕਾਰੀ ਦੇਣ ਨਾਲ ਦੇਸ਼ ਨੂੰ ਖ਼ਤਰਾ ਹੋ ਸਕਦਾ ਹੈ। ਇਹ ਦੂਜੇ ਦੇਸ਼ਾਂ ਨਾਲ ਰਿਸ਼ਤੇ ਖਰਾਬ ਕਰਨ ਵਾਲੀ ਗੱਲ ਹੈ।
ਇਮਰਾਨ ’ਤੇ 2018 ਤੋਂ 2022 ਦੌਰਾਨ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੁਰਵਰਤੋਂ ਕਰਕੇ ਸਰਕਾਰੀ ਗਿਫ਼ਟਾਂ ਨੂੰ ਖਰੀਦਣ ਅਤੇ ਵੇਚਣ ਲਈ ਆਪਣੀ ਸ਼ਕਤੀ ਦਾ ਇਸਤੇਮਾਲ ਕਰਨ ਦਾ ਦੋਸ਼ ਲੱਗਾ ਸੀ। ਇਹ ਤੋਹਫ਼ੇ ਇਮਰਾਨ ਖਾਨ ਨੂੰ ਵਿਦੇਸ਼ ਯਾਤਰਾਵਾਂ ਦੌਰਾਨ ਮਿਲੇ ਸਨ, ਜਿਨ੍ਹਾਂ ਦੀ ਕੀਮਤ 140 ਮਿਲੀਅਨ (6,35,000 ਡਾਲਰ) ਤੋਂ ਵੱਧ ਸੀ। ਇਸ ਤੋਂ ਬਾਅਦ ਟਰਾਇਲ ਕੋਰਟ ਨੇ ਸੁਣਵਾਈ ਤੋਂ ਬਾਅਦ ਇਮਰਾਨ ਨੂੰ ਜਾਇਦਾਦ ਛੁਪਾਉਣ ਅਤੇ ਸਰਕਾਰੀ ਤੋਹਫਿਆਂ ਨੂੰ ਵੇਚਣ ਦੇ ਮਾਮਲੇ ’ਚ ਦੋਸ਼ੀ ਮੰਨਿਆ। ਹਾਲਾਂਕਿ ਇਮਰਾਨ ਦੇ ਵਕੀਲਾਂ ਨੇ ਟਰਾਇਲ ਕੋਰਟ ਦੇ ਜਸਟਿਸ ਦਿਲਾਵਰ ਹਿਮਾਂਯੂੰ ’ਤੇ ਪੱਖਪਾਤ ਦਾ ਦੋਸ਼ ਲਾਇਆ ਸੀ। ਇਸ ਦੌਰਾਨ ਪਾਕਿਸਤਾਨ ’ਚ ਇੱਕ ਵਾਰ ਫਿਰ ਉਭਾਲ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਬੀਤੀ 9 ਮਾਰਚ ਨੂੰ ਇਮਰਾਨ ਨੂੰ ਭਿ੍ਰਸ਼ਟਾਚਾਰ ਦੇ ਇਕ ਮਾਮਲੇ ’ਚ ਗਿ੍ਰਫ਼ਤਾਰ ਕੀਤਾ ਗਿਆ ਸੀ। ਉਦੋਂ ਪੂਰੇ ਪਾਕਿਸਤਾਨ ’ਚ ਇਮਰਾਨ ਦੇ ਸਮਰਥਕਾਂ ਨੇ ਜ਼ਬਰਦਸਤ ਵਿਰੋਧ ਪ੍ਰਗਟਾਇਆ ਸੀ।

LEAVE A REPLY

Please enter your comment!
Please enter your name here