ਚੰਡੀਗੜ੍ਹ (ਗੁਰਜੀਤ ਬਿੱਲਾ)-ਜਲੰਧਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਕੇਂਦਰ ਸਰਕਾਰ ਖਿਲਾਫ ਅਨੋਖੇ ਤਰੀਕੇ ਨਾਲ ਪ੍ਰਦਰਸ਼ਨ ਕੀਤਾ | ਰਿੰਕੂ ਨੇ ਆਪਣੇ ਸਰੀਰ ਨੂੰ ਲੋਹੇ ਦੀਆਂ ਜ਼ੰਜੀਰਾਂ ਨਾਲ ਬੰਨ੍ਹ ਕੇ ਸੰਸਦ ਭਵਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਸੰਸਦ ਨੂੰ ਆਜ਼ਾਦ ਕਰਾਉਣ ਅਤੇ ਲੋਕਤੰਤਰ ਨੂੰ ਆਜ਼ਾਦ ਕਰਵਾਉਣ ਲਈ ਨਾਅਰੇਬਾਜ਼ੀ ਕੀਤੀ | ਸ਼ੁੱਕਰਵਾਰ ਨੂੰ ਰਿੰਕੂ ਨੇ ਸੰਸਦ ਭਵਨ ਦੇ ਬਾਹਰ ਜਾ ਕੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਮ ਅੰਬੇਡਕਰ ਦੇ ਬੁੱਤ ਅੱਗੇ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ | ਉਹ ਉਥੇ ਇਕੱਲੇ ਲੋਹੇ ਦੀਆਂ ਜ਼ੰਜੀਰਾਂ ਨਾਲ ਬੰਨ੍ਹ ਕੇ ਪ੍ਰਦਰਸ਼ਨ ਕਰ ਰਹੇ ਸਨ | ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸੁਸ਼ੀਲ ਰਿੰਕੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਸੰਵਿਧਾਨ, ਪਾਰਲੀਮੈਂਟ ਅਤੇ ਕਾਨੂੰਨ ਨੂੰ ਗੁਲਾਮੀ ਦੀਆਂ ਜ਼ੰਜੀਰਾਂ ‘ਚ ਕੈਦ ਕਰ ਦਿੱਤਾ ਹੈ | ਅੱਜ ਦੇਸ਼ ਦੇ ਲੋਕਤੰਤਰ ਦੇ ਚਾਰ ਥੰਮ੍ਹ, ਵਿਧਾਨ ਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ ਅਤੇ ਮੀਡੀਆ ਖਤਰੇ ‘ਚ ਹਨ | ਉਨ੍ਹਾਂ ਕਿਹਾ ਕਿ ਅੱਜ ਦੇਸ਼ ‘ਚ ਅਜਿਹੀ ਸਰਕਾਰ ਹੈ ਜੋ ਨਾ ਤਾਂ ਸੰਵਿਧਾਨ ‘ਚ ਵਿਸ਼ਵਾਸ਼ ਰੱਖਦੀ ਹੈ ਅਤੇ ਨਾ ਹੀ ਦੇਸ਼ ਦੀ ਸਰਵਉੱਚ ਨਿਆਂ ਪ੍ਰਣਾਲੀ ‘ਚ ਵਿਸ਼ਵਾਸ਼ ਰੱਖਦੀ ਹੈ | ਜ਼ਿਕਰਯੋਗ ਹੈ ਕਿ ਸੁਸ਼ੀਲ ਰਿੰਕੂ ਨੂੰ ਦਿੱਲੀ ਸੇਵਾ ਬਿੱਲ ਦੀਆਂ ਕਾਪੀਆਂ ਵੇਲ ‘ਚ ਪਾੜਨ ‘ਤੇ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਸੀ | ਜਦੋਂ ਰਿੰਕੂ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ ਤਾਂ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਅਰਜੁਨ ਖੜਗੇ ਵੀ ਉੱਥੇ ਗਏ ਅਤੇ ਉਨ੍ਹਾਂ ਦੇ ਇਸ ਕਦਮ ਦੀ ਸ਼ਲਾਘਾ ਕੀਤੀ |



