ਨਸ਼ਿਆਂ ਦੀ ਹੱਬ ਬਣਿਆ ਗੁਜਰਾਤ

0
211

ਇਸ ਸਮੇਂ ਦੇਸ਼ ਭਰ ਵਿੱਚ ਕੈਮੀਕਲ ਨਸ਼ਿਆਂ ਦਾ ਹੜ੍ਹ ਵਗ ਰਿਹਾ ਹੈ | ਪਿਛਲੇ ਸੱਤਾਂ ਕੁ ਸਾਲਾਂ ਵਿੱਚ ਡਰੱਗਜ਼ ਫੜੇ ਜਾਣ ਦੇ ਅੰਕੜਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਲੱਭਦਾ ਹੈ ਕਿ ਮੋਦੀ ਦਾ ਗੁਜਰਾਤ ਨਸ਼ਾ ਸਮੱਗਲਰਾਂ ਦਾ ਵੱਡਾ ਟਿਕਾਣਾ ਬਣ ਚੁੱਕਾ ਹੈ | ਦਸੰਬਰ 2016 ਵਿੱਚ ਅਡਾਨੀ ਦੀ ਮੁੰਦਰਾ ਬੰਦਰਗਾਹ ਦੇ ਇੱਕ ਜਹਾਜ਼ ਵਿੱਚੋਂ 1200 ਕਰੋੜ ਦੀ 800 ਕਿਲੋ ਕੋਕੀਨ ਫੜੀ ਗਈ ਸੀ ਜਿਹੜੀ ਗਾਂਧੀ ਧਾਮ ਦੀ ਇੱਕ ਫਰਮਾ ਕੰਪਨੀ ਦੇ ਨਾਂਅ ਉੱਤੇ ਆਈ ਸੀ | ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਲੋਕ ਸਭਾ ਹਲਕੇ ਸਾਨੰਦ ਦੇ ਪਿੰਡ ਕੇਰਾਲਾ ਵਿਖੇ ਸਥਿਤ ਗੁਜਰਾਤ ਇੰਡਸਟ੍ਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਵਿਚਲੀ ਇੱਕ ਫਰਮਾ ਕੰਪਨੀ ਉੱਤੇ ਛਾਪਾ ਮਾਰ ਕੇ ਐਨ ਸੀ ਬੀ ਨੇ 5 ਕੁਇੰਟਲ ਡਰੱਗ ਫੜੀ ਹੈ | ਇਸ ਦੀ ਕੌਮਾਂਤਰੀ ਬਜ਼ਾਰ ‘ਚ ਕੀਮਤ 10 ਹਜ਼ਾਰ ਕਰੋੜ ਰੁਪਏ ਦੱਸੀ ਜਾਂਦੀ ਹੈ | ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਡਰੱਗ ਦੀ ਏਨੀ ਵੱਡੀ ਖੇਪ ਫੜੀ ਜਾਣ ਤੋਂ ਬਾਅਦ ਇਸ ਅਪ੍ਰੇਸ਼ਨ ਵਿੱਚ ਸ਼ਾਮਲ ਅਫ਼ਸਰਾਂ ਦਾ ਤੁਰੰਤ ਤਬਾਦਲਾ ਕਰ ਦਿੱਤਾ ਗਿਆ | ਇਸ ਤੋਂ ਸਾਫ਼ ਹੈ ਕਿ ਇਸ ਡਰੱਗ ਦਾ ਮਾਲਕ ਸਿਆਸੀ ਪਹੁੰਚ ਰੱਖਦਾ ਹੋਵੇਗਾ | ਇਨ੍ਹਾਂ ਦੋਹਾਂ ਕੇਸਾਂ ਵਿੱਚ ਦਵਾਈ ਬਣਾਉਣ ਵਾਲੀ ਫਰਮਾ ਕੰਪਨੀ ਦੀ ਸ਼ਮੂਲੀਅਤ ਕਾਰਨ ਇਹ ਸ਼ੱਕ ਪੱਕਾ ਹੋ ਜਾਂਦਾ ਹੈ ਕਿ ਗੁਜਰਾਤ ਡਰੱਗਜ਼ ਦੀ ਦਰਾਮਦ ਦੇ ਨਾਲ ਉਸ ਦੀ ਪ੍ਰੋਸੈਸਿੰਗ ਦਾ ਵੀ ਕੇਂਦਰ ਬਣ ਚੁੱਕਾ ਹੈ |
ਪਿਛਲੇ ਤਿੰਨ ਸਾਲਾਂ ਦੌਰਾਨ ਹੀ ਗੁਜਰਾਤ ਅੰਦਰ 21 ਥਾਵਾਂ ਉੱਤੇ ਮਾਰੇ ਗਏ ਛਾਪਿਆਂ ਦੌਰਾਨ 40 ਹਜ਼ਾਰ ਕਰੋੜ ਰੁਪਏ ਦੀ ਡਰੱਗ ਜ਼ਬਤ ਕੀਤੀ ਗਈ ਸੀ | ਇਨ੍ਹਾਂ ਵਿੱਚੋਂ ਜੇ ਵੱਡੀਆਂ ਖੇਪਾਂ ਦੀ ਗੱਲ ਕਰੀਏ ਤਾਂ 16 ਸਤੰਬਰ 2021 ਨੂੰ ਅਡਾਨੀ ਦੀ ਮੁੰਦਰਾ ਬੰਦਰਗਾਹ ਤੋਂ 21000 ਕਰੋੜ ਦੀ 30 ਕੁਇੰਟਲ ਡਰੱਗ ਜ਼ਬਤ ਕੀਤੀ ਗਈ ਸੀ | 23 ਸਤੰਬਰ 2021 ਨੂੰ ਪੋਰਬੰਦਰ ਸਮੁੰਦਰ ਵਿੱਚੋਂ 150 ਕਰੋੜ ਦੀ ਡਰੱਗ ਫੜੀ ਗਈ ਸੀ | ਦਸ ਨਵੰਬਰ 2021 ਨੂੰ 65 ਕਿਲੋ ਡਰੱਗ ਦੁਆਰਕਾ ਤੋਂ ਫੜੀ ਗਈ ਸੀ | 12 ਫਰਵਰੀ 2022 ਨੂੰ ਅਰਬ ਸਾਗਰ ਵਿੱਚ 8 ਕੁਇੰਟਲ, 21 ਅਪ੍ਰੈਲ 2022 ਨੂੰ ਕਾਡਲਾ ਪੋਰਟ ਤੋਂ 60 ਕਰੋੜ ਦੀ, 21 ਅਪ੍ਰੈਲ ਨੂੰ ਢਾਈ ਕੁਇੰਟਲ, 29 ਅਪ੍ਰੈਲ ਨੂੰ ਪੀਪਾਬਾਵ ਬੰਦਰਗਾਹ ਤੋਂ 450 ਕਰੋੜ ਦੀ 390 ਕਿਲੋ, ਜੁਲਾਈ 2022 ਨੂੰ ਮੁੰਦਰਾ ਬੰਦਰਗਾਹ ਤੋਂ 375 ਕਰੋੜ ਦੀ 75 ਕਿਲੋ, 13 ਮਈ 2023 ਨੂੰ ਰਾਜਕੋਟ ਦੇ ਖੰਡੇਰੀ ਸਟੇਡੀਅਮ ਤੋਂ 214 ਕਰੋੜ, 14 ਮਈ ਨੂੰ 12 ਹਜ਼ਾਰ ਕਰੋੜ ਦੀ 25 ਕੁਇੰਟਲ ਤੇ ਮੋਖੀ ਪਿੰਡ ਤੋਂ ਇੱਕ ਹਜ਼ਾਰ ਕਰੋੜ ਦੀ 2 ਕੁਇੰਟਲ ਡਰੱਗ ਜ਼ਬਤ ਕੀਤੀ ਗਈ ਸੀ |
ਇਹ ਵੀ ਤੱਥ ਗੌਰ ਕਰਨ ਯੋਗ ਹੈ ਕਿ ਇਹ ਸਾਰੀ ਡਰੱਗ ਕੇਂਦਰੀ ਏਜੰਸੀਆਂ ਵੱਲੋਂ ਹੀ ਫੜੀ ਗਈ ਹੈ, ਰਾਜ ਦੀ ਪੁਲਸ ਇਸ ਦੀ ਰੋਕਥਾਮ ਤੋਂ ਮੂੰਹ ਫੇਰੀ ਰੱਖਦੀ ਹੈ | ਇਸੇ ਮਾਰਚ ਵਿੱਚ ਇੱਕ ਖ਼ਬਰ ਛਪੀ ਸੀ ਕਿ ਗੁਜਰਾਤ ਵਿੱਚ ਡਰੱਗ ਦੀ ਸਪਲਾਈ ਲਈ ਬੱਚਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ | ਗੁਜਰਾਤ ਹਾਈਕੋਰਟ ਦੇ ਜਸਟਿਸ ਨਿਖਿਲ ਕੇਰੀਅਲ ਨੇ ਇਸ ਖ਼ਬਰ ਉੱਤੇ ਸਵੈ ਪ੍ਰੇਰਨਾ ਜਨਹਿਤ ਪਟੀਸ਼ਨ ਰਾਹੀਂ ਰਾਜ ਸਰਕਾਰ ਤੇ ਡੀ ਜੀ ਪੀ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਸੀ ਕਿ ਕੀ ਇਹ ਖ਼ਬਰ ਸੱਚੀ ਹੈ, ਤੇ ਜੇ ਸੱਚੀ ਹੈ ਤਾਂ ਸਰਕਾਰ ਕੀ ਕਰ ਰਹੀ ਹੈ, ਸਰਕਾਰ ਐਫੀਡੈਵਿਟ ਰਾਹੀਂ ਜਵਾਬ ਦੇਵੇ | ਹੈਰਾਨੀ ਦੀ ਗੱਲ ਹੈ ਕਿ ਇਸ ਜਨਹਿੱਤ ਪਟੀਸ਼ਨ ਨੂੰ ਅਗਲੇ ਦਿਨ ਹੀ ਜਸਟਿਸ ਨਿਖਿਲ ਦੀ ਬੈਂਚ ਤੋਂ ਤਬਦੀਲ ਕਰਕੇ ਐਕਟਿੰਗ ਚੀਫ਼ ਜਸਟਿਸ ਏ ਜੇ ਡਿਸਾਈ ਨੂੰ ਦੇ ਦਿੱਤਾ ਗਿਆ | ਨਵੀਂ ਬੈਂਚ ਨੇ ਸਰਕਾਰ ਦੇ ਐਫੀਡੈਵਿਟ ਦੇਣ ਤੋਂ ਬਾਅਦ ਕੇਸ ਨੂੰ ਬੰਦ ਕਰ ਦਿੱਤਾ | ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ ਡਰੱਗ ਮਾਫੀਆ ਦੇ ਹੱਥ ਕਿੰਨੇ ਲੰਮੇ ਹਨ ਤੇ ਉਨ੍ਹਾਂ ਨੂੰ ਕਿਸ ਦੀ ਪੁਸ਼ਤ ਪਨਾਹੀ ਹਾਸਲ ਹੈ |
ਇਹ ਸਿਰਫ਼ ਗੁਜਰਾਤ ਹੀ ਨਹੀਂ, ਭਾਜਪਾ ਦੇ ਕੇਂਦਰ ਵਿੱਚ ਸੱਤਾ ਹਾਸਲ ਕਰ ਲੈਣ ਤੋਂ ਬਾਅਦ ਦੇਸ਼ ਭਰ ਵਿੱਚ ਡਰੱਗਜ਼ ਨਸ਼ਿਆਂ ਵਿੱਚ ਭਾਰੀ ਵਾਧਾ ਹੋਇਆ ਹੈ | ਅੰਕੜਿਆਂ ਦੀ ਗੱਲ ਕਰੀਏ ਤਾਂ 2006 ਤੋਂ 2013 ਤੱਕ ਦੇਸ਼ ਭਰ ਵਿੱਚ 22 ਲੱਖ 45 ਹਜ਼ਾਰ ਕਰੋੜ ਦੀ ਡਰੱਗ ਫੜੀ ਗਈ ਸੀ | ਮੋਦੀ ਰਾਜ ਦੌਰਾਨ 2014 ਤੋਂ ਲੈ ਕੇ 2022 ਤੱਕ ਇਹ ਅੰਕੜਾ 62 ਲੱਖ 60 ਹਜ਼ਾਰ ਤੱਕ ਪਹੁੰਚ ਗਿਆ ਹੈ |
ਭਾਰਤ ਵਿੱਚ ਡਰੱਗ ਦਾ ਧੰਦਾ ਇੱਕ ਵੱਡਾ ਕਾਰੋਬਾਰ ਬਣ ਚੁੱਕਾ ਹੈ | ਡਰੱਗ ਮਾਫ਼ੀਆ ਨਾਲ ਜੁੜੇ ਲੋਕਾਂ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੁੰਦੀ ਹੈ | ਸੱਤਾਧਾਰੀਆਂ ਤੇ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਉਹ ਇਸ ਬਦਲੇ ਵੱਡੇ ਗੱਫੇ ਦਿੰਦੇ ਹਨ | ਇਸੇ ਕਾਰਨ ਗੁਜਰਾਤ ਵਿੱਚ ਹੁਣੇ ਫੜੀ ਗਈ 10 ਹਜ਼ਾਰ ਕਰੋੜ ਦੀ ਡਰੱਗ ਬਾਰੇ ਨਾ ਰਾਜ ਦਾ ਮੁੱਖ ਮੰਤਰੀ ਬੋਲਿਆ ਹੈ ਤੇ ਨਾ ਕੇਂਦਰੀ ਗ੍ਰਹਿ ਮੰਤਰੀ ਜਿਸ ਦੇ ਹਲਕੇ ਵਿੱਚੋਂ ਇਹ ਫੜੀ ਗਈ ਸੀ |

LEAVE A REPLY

Please enter your comment!
Please enter your name here