ਅਬੂਜਾ : ਪੱਛਮੀ ਅਫਰੀਕੀ ਦੇਸ਼ ਨਾਇਜੀਰੀਆ ’ਚ ਰਹਿਣ ਵਾਲੇ ਭਾਰਤੀਆਂ ਨੂੰ ਭਾਰਤ ਸਰਕਾਰ ਨੇ ਦੇਸ਼ ਛੱਡਣ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ। ਫਿਲਹਾਲ ਇਸ ਦੇਸ਼ ’ਚ ਕਰੀਬ 250 ਭਾਰਤੀ ਰਹਿ ਰਹੇ ਹਨ। ਅਸਲ ’ਚ ਨਾਇਜੀਰੀਆ ’ਚ ਪਿਛਲੇ ਮਹੀਨੇ ਹੋਏ ਫੌਜੀ ਤਖ਼ਤਾ ਪਲਟ ਤੋਂ ਬਾਅਦ ਪ੍ਰਦਰਸ਼ਨ ਅਤੇ ਹਿੰਸਾ ਦਾ ਦੌਰ ਜਾਰੀ ਹੈ। ਵਿਦੇਸ਼ ਮੰਤਰਾਲੇ ਨੇ ਆਪਣੀ ਐਡਵਾਈਜ਼ਰੀ ’ਚ ਕਿਹਾ ਹੈ ਕਿ ਜੋ ਲੋਕ ਨਾਇਜੀਰੀਆ ਜਾਣਾ ਚਾਹੁੰਦੇ ਹਨ, ਉਹ ਹਾਲਾਤ ਆਮ ਹੋਣ ਦਾ ਇੰਤਜ਼ਾਰ ਕਰਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, ਭਾਰਤ ਸਰਕਾਰ ਨਾਇਜੀਰੀਆ ਦੀ ਸਥਿਤੀ ’ਤੇ ਨਜ਼ਰ ਰੱਖ ਰਹੀ ਹੈ। ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਜਿਨ੍ਹਾ ਭਾਰਤੀਆਂ ਦਾ ਨਾਇਜੀਰੀਆ ’ਚ ਰੁਕਣਾ ਜ਼ਰੂਰੀ ਨਹੀਂ, ਉਹ ਛੇਤੀ ਹੀ ਦੇਸ਼ ਛੱਡ ਦੇਣ। ਉਨ੍ਹਾ ਕਿਹਾ ਕਿ ਜਿਨ੍ਹਾਂ ਭਾਰਤੀਆਂ ਨੇ ਰਾਜਧਾਨੀ ਨਿਯਮਾਂ ਅਨੁਸਾਰ ਦੂਤਾਵਾਸ ’ਚ ਰਜਿਸਟ੍ਰੇਸ਼ਨ ਨਹੀਂ ਕਰਵਾਇਆ, ਉਹ ਜਲਦ ਹੀ ਇਸ ਪ੍ਰਕਿਰਿਆ ਨੂੰ ਪੂਰਾ ਕਰ ਲੈਣ। ਨਾਲ ਹੀ ਉਨ੍ਹਾ ਕਿਹਾ ਕਿ ਨਾਇਜੀਰੀਆ ’ਚ ਫਿਲਹਾਲ ਏਅਰਸਪੇਸ ਬੰਦ ਹੈ, ਇਸ ਲਈ ਬਾਰਡਰ ਪਾਰ ਕਰ ਰਹੇ ਲੋਕਾਂ ਨੂੰ ਖਾਸ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਫਰਾਂਸ ਨੇ 3 ਅਗਸਤ ਨੂੰ ਨਾਇਜੀਰੀਆ ਤੋਂ ਹਜ਼ਾਰ ਤੋਂ ਜ਼ਿਆਦਾ ਲੋਕਾਂ ਦਾ ਰੈਸਕਿਊ ਕੀਤਾ ਸੀ।


