ਨਵੀਂ ਦਿੱਲੀ : ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਸ਼ਨੀਵਾਰ ਪ੍ਰੈੱਸ ਕਾਨਫਰੰਸ ਕਰਕੇ ਭਾਜਪਾ ਅਤੇ ਮੋਦੀ ਦੀ ਕਾਰਜਸ਼ੈਲੀ ਨੂੰ ਲੈ ਕੇ ਹਮਲਾ ਬੋਲਿਆ। ਉਨ੍ਹਾ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਮਾਨਸੂਨ ਸੈਸ਼ਨ ਦੌਰਾਨ ਸੰਸਦ ’ਚ ਨਿਯਮਾਂ ਦੀਆਂ ਧੱਜੀਆਂ ਉਡਾਈਆਂ। ਬੇਰਭਰੋਸਗੀ ਮਤੇ ’ਤੇ ਚਰਚਾ ਦੌਰਾਨ 20 ਬਿੱਲ ਪੇਸ਼ ਹੋਏ, ਪਰ 22 ਪਾਸ ਕਰ ਦਿੱਤੇ ਗਏ। ਚੌਧਰੀ ਨੇ ਕਿਹਾ ਕਿ ਸਾਡੀ ਜ਼ਿਆਦਾ ਮੰਗ ਨਹੀਂ ਸੀ, ਅਸੀਂ ਸਿਰਫ਼ ਮਨੀਪੁਰ ’ਤੇ ਉਨ੍ਹਾ ਤੋਂ ਸੁਣਨਾ ਚਾਹੁੰਦੇ ਸਾਂ, ਪਰ ਸਾਡੀ ਗੱਲ ਟਾਲ ਦਿੱਤੀ ਗਈ, ਜਿਸ ਤੋਂ ਬਾਅਦ ਅਸੀਂ ਉਨ੍ਹਾ ਨੂੰ ਸੰਸਦ ’ਚ ਲਿਆਉਣ ਦੀ ਕੋਸ਼ਿਸ਼ ਕਰਦੇ ਰਹੇ। ਸਾਡਾ ਆਖਰੀ ਹਥਿਆਰ ਬੇਭਰਸੋਗੀ ਮਤਾ ਸੀ। ਮੌਜੂਦਾ ਸਰਕਾਰ ਨੇ ਸੰਸਦ ’ਚ ਪ੍ਰੰਪਰਾਗਤ ਰੀਤੀ-ਰਿਵਾਜ ਦੀਆਂ ਧੱਜੀਆਂ ਉਡਾਉਂਦੇ ਹੋਏ ਇੱਕ ਤੋਂ ਬਾਅਦ ਇੱਕ ਬਿੱਲ ਪਾਸ ਕਰਾਏ। ਵਿਰੋਧੀ ਧਿਰ ਨੂੰ ਕਿਸੇ ਵੀ ਬਿੱਲ ’ਤੇ ਆਪਣੀ ਗੱਲ ਰੱਖਣ ਦਾ ਮੌਕਾ ਨਹੀਂ ਮਿਲਿਆ। ਇਸ ਦੌਰਾਨ ਚੌਧਰੀ ਨੇ ਆਪਣੀ ਮੁਅੱਤਲੀ ਨੂੰ ਲੈ ਕੇ ਹੋਏ ਸਵਾਲ ’ਤੇ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਉਹ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਗੇ।


