ਗੁਹਾਟੀ : ਅਸਾਮ ’ਚ ਭਾਜਪਾ ਦੀ ਮਹਿਲਾ ਆਗੂ ਨੇ ਪਾਰਟੀ ਦੇ ਸੀਨੀਅਰ ਨੇਤਾ ਨਾਲ ਉਸ ਦੀਆਂ ਕੁਝ ਇਤਰਾਜਯੋਗ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਬਾਅਦ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਘਟਨਾ ਗੁਹਾਟੀ ਦੇ ਬਾਮੁਨੀਮਾਈਦਮ ਇਲਾਕੇ ’ਚ ਸ਼ੁੱਕਰਵਾਰ ਰਾਤ ਨੂੰ ਵਾਪਰੀ। ਮਿ੍ਰਤਕਾ ਦੀ ਪਛਾਣ ਇੰਦਰਾਣੀ ਤਹਬਿਲਦਾਰ ਵਜੋਂ ਹੋਈ ਹੈ, ਜੋ ਸੂਬਾ ਭਾਜਪਾ ਦੀ ਪ੍ਰਮੁੱਖ ਮੈਂਬਰ ਸੀ।
ਤਹਬਿਲਦਾਰ ਚੈਂਬਰ ਆਫ ਕਾਮਰਸ ਦੇ ਮੀਤ ਪ੍ਰਧਾਨ ਦੇ ਅਹੁਦੇ ’ਤੇ ਸੀ ਅਤੇ ਉਹ ਕਿਸਾਨ ਮੋਰਚੇ ਦੀ ਖਜ਼ਾਨਚੀ ਵੀ ਸੀ। ਸੂਤਰਾਂ ਮੁਤਾਬਕ ਤਹਬਿਲਦਾਰ ਦੇ ਭਾਜਪਾ ਆਗੂ ਨਾਲ ਕਥਿਤ ਨਜਾਇਜ਼ ਸੰਬੰਧ ਸਨ। ਉਹ ਉਸ ਦੇ ਘਰ ਕਿਰਾਏਦਾਰ ਵਜੋਂ ਰਹਿੰਦਾ ਸੀ। ਕਥਿਤ ਜੋੜੇ ਦੀਆਂ ਕੁਝ ਤਸਵੀਰਾਂ ਹਾਲ ਹੀ ’ਚ ਆਨਲਾਈਨ ਲੀਕ ਹੋਈਆਂ ਹਨ। ਦੋਸ਼ ਹੈ ਕਿ ਮਹਿਲਾ ਭਾਜਪਾ ਨੇਤਾ ਨੇ ਆਪਣੀਆਂ ਤਸਵੀਰਾਂ ਜਨਤਕ ਹੋਣ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਕੇਂਦਰੀ ਗੁਹਾਟੀ ਦੇ ਡੀ ਸੀ ਪੀ ਦੀਪਕ ਚੌਧਰੀ ਨੇ ਕਿਹਾ ਕਿ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ। ਇਸ ਨੂੰ ਗੈਰ-ਕੁਦਰਤੀ ਮੌਤ ਮੰਨਿਆ ਗਿਆ ਹੈ ਅਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


