ਮੰੁੰਬਈ : ਨਵੇਂ ਬਣੇ ਵਿਰੋਧੀ ਦਲਾਂ ਦੇ ‘ਇੰਡੀਆ’ ਗਠਜੋੜ ਵੱਲੋਂ ਲਿਆਂਦੇ ਗਏ ਬੇਭਰੋਸਗੀ ਪ੍ਰਸਤਾਵ ਦੌਰਾਨ ਐੱਨ ਡੀ ਏ ਨੇਤਾ ਅਤੇ ਮੋਦੀ ਦੇ ਭਾਸ਼ਣ ਨੂੰ ਲੈ ਕੇ ਸ਼ਿਵ ਸੈਨਾ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ’ਤੇ ਹਮਲਾ ਬੋਲਿਆ ਹੈ। ਸ਼ਿਵ ਸੈਨਾ ਦੇ ਮੁੱਖ ਪੱਤਰ ਸਾਮਨਾ ਦੀ ਸੰਪਾਦਕੀ ’ਚ ਪਾਰਟੀ ਨੇ ਕਿਹਾ, ‘ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਭਾਸ਼ਣ ਹੰਕਾਰ, ਹੀਣਭਾਵਨਾ ਅਤੇ ਚਿੜਚਿੜੇਪਣ ਨਾਲ ਭਰਿਆ ਸੀ। ਸੰਪਾਦਕੀ ’ਚ ਕਿਹਾ ਗਿਆ ਕਿ ਮਨੀਪੁਰ ਹਿੰਸਾ ਲਈ ਪੰਡਤ ਜਵਾਹਰ ਲਾਲ ਨਹਿਰੂ ਨੂੰ ਦੋਸ਼ੀ ਠਹਿਰਾਉਣਾ ਮੋਦੀ ਦੇ ਰਾਜਨੀਤਕ ਦੀਵਾਲੀਆਪਨ ਨੂੰ ਦਰਸਾਉਂਦਾ ਹੈ। ਮਨੀਪੁਰ ’ਤੇ ਮੋਦੀ ਸਿਰਫ਼ ਤਿੰਨ ਮਿੰਟ ਹੀ ਬੋਲੇ। ਜੇਕਰ ਉਨ੍ਹਾ ਸੰਸਦ ਦੇ ਦੋਵਾਂ ਸਦਨਾਂ ’ਚ ਮਨੀਪੁਰ ਸੰਕਟ ’ਤੇ ਆਪਣਾ ਬਿਆਨ ਦਿੱਤਾ ਹੁੰਦਾ ਤਾਂ ‘ਇੰਡੀਆ’ ਗਠਜੋੜ ਨੂੰ ਬੇਭਰੋਸਗੀ ਮਤਾ ਨਾ ਲਿਆਉਣਾ ਪੈਂਦਾ ਅਤੇ ਮੋਦੀ ਨੂੰ ਇਸ ਉਮਰ ’ਚ 2 ਘੰਟੇ 13 ਮਿੰਟ ਤੱਕ ਹੰਗਾਮਾ ਨਾ ਕਰਨਾ ਪੈਂਦਾ।’ ਇਸ ’ਚ ਕਿਹਾ ਗਿਆ ਹੈ, ‘ਮੋਦੀ ਨੇ ਆਪਣੇ ਭਾਸ਼ਣ ’ਚ ਕਾਂਗਰਸ ਨੂੰ ਵੱਡਾ ਬਣਾ ਦਿੱਤਾ। ਪ੍ਰਧਾਨ ਮੰਤਰੀ ਦੇ ਏਨੇ ਲੰਮੇ ਭਾਸ਼ਣ ਨੇ ਇਸ ਗੱਲ ਨੂੰ ਬਲ ਦਿੱਤਾ ਕਿ ਉਨ੍ਹਾ ਦਾ ਸੂਰਜ 2024 ’ਚ ਨਹੀਂ ਉਗੇਗਾ।’
ਮਨੀਪੁਰ ਮੁੱਦੇ ਲਈ ਨਹਿਰੂ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਮੋਦੀ ’ਤੇ ਨਿਸ਼ਾਨਾ ਲਾਉਂਦੇ ਹੋਏ ਸੰਪਾਦਕੀ ’ਚ ਕਿਹਾ ਗਿਆ ਹੈ, ‘ਮੋਰਾਰਜੀ ਦੇਸਾਈ, ਅਟਲ ਬਿਹਾਰੀ ਵਾਜਪਾਈ, ਵੀ ਪੀ ਸਿੰਘ ਗੈਰ-ਕਾਂਗਰਸ ਪ੍ਰਧਾਨ ਮੰਤਰੀ ਬਣੇ ਅਤੇ ਹੁਣ ਮੋਦੀ ਖੁਦ ਦਸ ਸਾਲ ਤੋਂ ਪ੍ਰਧਾਨ ਮੰਤਰੀ ਹੈ। ਇਸ ਦੇ ਬਾਵਜੂਦ ਮਨੀਪੁਰ ਲਈ ਨਹਿਰੂ ਨੂੰ ਦੋਸ਼ੀ ਠਹਿਰਾਉਣਾ ਰਾਜਨੀਤਕ ਦੀਵਾਲੀਆਪਨ ਹੈ, ਕਿਉਂਕਿ ਮੋਦੀ ਜਦ ਪ੍ਰਧਾਨ ਮੰਤਰੀ ਹਨ ਤਾਂ ਮਨੀਪੁਰ ’ਚ ਔਰਤਾਂ ਨੂੰ ਨੰਗਾ ਕੀਤਾ ਜਾ ਰਿਹਾ ਹੈ ਤੇ ਲੋਕ ਮੋਦੀ ਤੋਂ ਜਵਾਬ ਮੰਗ ਰਹੇ ਹਨ। ਇਸ ’ਚ ਨਹਿਰੂ ਦੀ ਕੀ ਗਲਤੀ ਹੈ? ’
ਸੰਪਾਦਕੀ ’ਚ ਕਿਹਾ ਗਿਆ ਕਿ ਬੇਭਰਸੋਗੀ ਮਤੇ ਦੌਰਾਨ ਕਈ ਲੋਕਾਂ ਦੇ ਚਿਹਰੇ ਤੋਂ ਮਖੌਟੇ ਉਤਰੇ। ਇਸ ’ਚ ਅਮਿਤ ਸ਼ਾਹ ਦੀ ਵੀ ਆਲੋਚਨਾ ਕੀਤੀ ਗਈ। ਸੰਪਾਦਕੀ ’ਚ ਕਿਹਾ ਗਿਆ ਕਿ ਉਨ੍ਹਾ ਦੇ ਘੰਟੇ ਤੋਂ ਵੱਧ ਲੰਮੇ ਭਾਸ਼ਣ ’ਚ ਧਮਕੀ, ਚੇਤਾਵਨੀ ਅਤੇ ਕਾਂਗਰਸ ਦੀ ਮਾਣਹਾਨੀ ਤੋਂ ਇਲਾਵਾ ਕੁਝ ਨਹੀਂ ਸੀ। ਸੰਪਾਦਕੀ ’ਚ ਦਾਅਵਾ ਕੀਤਾ ਗਿਆ ਕਿ ਅਮਿਤ ਸ਼ਾਹ ਕੋਈ ਆਜ਼ਾਦੀ ਘੁਲਾਟੀਆ ਜਾਂ ਅੰਦੋਲਨ ’ਚੋਂ ਨਿਕਲਿਆ ਨੇਤਾ ਨਹੀਂ ਹੈ, ਉਹ ਗ੍ਰਹਿ ਮੰਤਰੀ ਹਨ, ਕਿਉਂਕਿ ਮੋਦੀ ਨੂੰ ਗੈਰ-ਕਾਨੂੰਨੀ ਆਦੇਸ਼ਾਂ ਨੂੰ ਲਾਗੂ ਕਰਾਉਣ ਲਈ ਉਨ੍ਹਾ ਦੀ ਜ਼ਰੂਰਤ ਹੈ।
ਸੰਪਾਦਕੀ ’ਚ ਕਿਹਾ ਹੈ, ‘ਇੱਕ ਤਾਨਾਸ਼ਾਹ ਨੂੰ ਆਪਣੇ ਗੈਰ-ਕਾਨੂੰਨੀ ਆਦੇਸ਼ਾਂ ਨੂੰ ਲਾਗੂ ਕਰਾਉਣ ਲਈ ਇੱਕ ਕਰੀਬੀ ਵਿਸ਼ਵਾਸ਼ਪਾਤਰ ਦੀ ਜ਼ਰੂਰਤ ਹੁੰਦੀ ਹੈ। ਦੇਸ਼ ’ਚ ਜੋ ਦਬਾਅ ਅਤੇ ਅੱਤਵਾਦ ਚੱਲ ਰਿਹਾ ਹੈ, ਉਸ ਦਾ ਕਾਰਨ ਇਹ ਹੈ ਕਿ ਗ੍ਰਹਿ ਮੰਤਰਾਲਾ ਅਤੇ ਜਾਂਚ ਵਿਵਸਥਾ ਅਮਿਤ ਸ਼ਾਹ ਦੇ ਹੱਥਾਂ ’ਚ ਹੈ, ਪਰ 2024 ਤੋਂ ਬਾਅਦ ਇਹ ਸਭ ਉਨ੍ਹਾ ਕੋਲ ਨਹੀਂ ਰਹੇਗਾ। ਕਾਂਗਰਸ ਤੋਂ ਮੋਦੀ ਸ਼ਾਹ ਡਰੇ ਹੋਏ ਹਨ, ਇਹੀ ਕਾਰਨ ਹੈ ਕਿ ਕਾਂਗਰਸ ’ਤੇ ਹਮਲਾ ਕਰ ਰਹੇ ਹਨ। ਇਹ ਉਹਨਾ ਦੀ ਮਾਨਸਿਕਤਾ ਹੈ।’


