ਮੁੰਬਈ : ਸਿਆਸੀ ਡਰਾਮੇ ਦੇ 11ਵੇਂ ਦਿਨ ਵੀਰਵਾਰ ਸ਼ਾਮ ਅਟਕਲਾਂ ਅਤੇ ਅਨੁਮਾਨਾਂ ‘ਤੇ ਪੂਰੀ ਤਰ੍ਹਾਂ ਰੋਕ ਲੱਗ ਗਈ, ਜਦੋਂ ਸ਼ਿਵ ਸੈਨਾ ਦੇ ਬਾਗੀ ਵਿਧਾਇਕ ਏਕਨਾਥ ਸ਼ਿੰਦੇ ਨੇ ਮਹਾਰਾਸ਼ਟਰ ਦੇ 20ਵੇਂ ਮੁੱਖ ਮੰਤਰੀ ਦੇ ਤੌਰ ‘ਤੇ ਸਹੁੰ ਚੁੱਕ ਲਈ | ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਉਨ੍ਹਾ ਨੂੰ ਅਹੁਦੇ ਦੀ ਸਹੁੰ ਚੁਕਾਈ | ਸ਼ਿੰਦੇ ਨੇ ਮਰਾਠੀ ‘ਚ ਸਹੁੰ ਚੁੱਕੀ | ਇਸ ਤੋਂ ਬਾਅਦ ਦਵੇਂਦਰ ਫੜਨਵੀਸ ਨੇ ਵੀ ਉਪ ਮੁੱਖ ਮੰਤਰੀ ਦੇ ਤੌਰ ‘ਤੇ ਸਹੁੰ ਚੁੱਕੀ | ਪਹਿਲਾਂ ਫੜਨਵੀਸ ਸਰਕਾਰ ‘ਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਸਨ, ਪਰ ਭਾਜਪਾ ਹਾਈਕਮਾਂਡ ਦੇ ਆਦੇਸ਼ ਤੋਂ ਬਾਅਦ ਉਨ੍ਹਾ ਨੂੰ ਆਪਣਾ ਮਨ ਬਦਲਣਾ ਪਿਆ | ਸਹੁੰ ਚੁੱਕਣ ਮੌਕੇ ਏਕਨਾਥ ਸ਼ਿੰਦੇ ਦਾ ਪਰਵਾਰ ਵੀ ਰਾਜ ਭਵਨ ਪਹੁੰਚਿਆ | ਜ਼ਿਕਰਯੋਗ ਹੈ ਕਿ ਏਕਨਾਥ ਸ਼ਿੰਦੇ ਊਧਵ ਠਾਕਰੇ ਸਰਕਾਰ ‘ਚ ਕੈਬਨਿਟ ਮੰਤਰੀ ਸਨ | ਸਹੁੰ ਚੁੱਕ ਸਮਾਗਮ ‘ਚ ਸ਼ਿਵ ਸੈਨਾ ਦੇ ਵਿਧਾਇਕ ਸ਼ਾਮਲ ਨਹੀਂ ਸਕੇ | ਅਸਲ ‘ਚ ਬਾਗੀ ਵਿਧਾਇਕ ਉਸ ਸਮੇਂ ਗੋਆ ਦੇ ਹੋਟਲ ‘ਚ ਸਨ | ਉਨ੍ਹਾਂ ਹੋਟਲ ‘ਚ ਹੀ ਜਸ਼ਨ ਮਨਾਇਆ | ਇਸ ਤੋਂ ਪਹਿਲਾਂ ਸ਼ਾਮੀਂ ਭਾਜਪਾ ਆਗੂ ਦੇਵੇਂਦਰ ਫੜਨਵੀਸ ਨੇ ਅਣਕਿਆਸਾ ਐਲਾਨ ਕਰਦਿਆਂ ਕਿਹਾ ਸੀ ਕਿ ਉਨ੍ਹਾ ਗਵਰਨਰ ਕੋਲ ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਦਾ ਮੁੱਖ ਮੰਤਰੀ ਵਜੋਂ ਨਾਂਅ ਤਜਵੀਜ਼ ਕੀਤਾ ਤੇ ਭਾਜਪਾ ਸਰਕਾਰ ਤੋਂ ਬਾਹਰ ਰਹਿ ਕੇ ਉਨ੍ਹਾ ਦੀ ਪੂਰੀ ਹਮਾਇਤ ਕਰੇਗੀ | ਫੜਨਵੀਸ ਨੇ ਕਿਹਾ ਕਿ 2019 ਵਿਚ ਭਾਜਪਾ ਤੇ ਸ਼ਿਵ ਸੈਨਾ ਨੇ ਇਕੱਠੇ ਰਲ ਕੇ ਬਹੁਮਤ ਹਾਸਲ ਕਰ ਲਿਆ ਸੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਵਜੋਂ ਉਨ੍ਹਾ (ਫੜਨਵੀਸ) ਦਾ ਨਾਂਅ ਲਿਆ ਸੀ, ਪਰ ਸ਼ਿਵ ਸੈਨਾ ਨੇ ਕਾਂਗਰਸ ਤੇ ਐੱਨ ਸੀ ਪੀ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਰਾਹ ਚੁਣਿਆ, ਜਿਨ੍ਹਾਂ ਦੇ ਬਾਲਾ ਸਾਹਿਬ ਠਾਕਰੇ ਸਖਤ ਵਿਰੋਧੀ ਸਨ | ਕੁਰੱਪਟ ਸਰਕਾਰ ਨੇ ਢਾਈ ਸਾਲਾਂ ਵਿਚ ਕੋਈ ਕੰਮ ਨਹੀਂ ਕੀਤਾ | ਸ਼ਿਵ ਸੈਨਾ ਦੇ ਕਾਰਕੁਨਾਂ ਵਿਚ ਗੁੱਸਾ ਸੀ ਤੇ ਉਹ ਮਹਾਂ ਵਿਕਾਸ ਅਘਾੜੀ ਵਿਚੋਂ ਬਾਹਰ ਨਿਕਲਣਾ ਚਾਹੁੰਦੇ ਸਨ | ਊਧਵ ਠਾਕਰੇ ਨੇ ਹਿੰਦੂਤਵ ਨੂੰ ਛੱਡ ਦਿੱਤਾ ਅਤੇ ਆਪਣੇ ਬੰਦਿਆਂ ਨਾਲੋਂ ਕਾਂਗਰਸ ਤੇ ਐੱਨ ਸੀ ਪੀ ਦੇ ਆਗੂਆਂ ਦੇ ਵਧੇਰੇ ਨੇੜੇ ਹੋ ਗਏ | ਸ਼ਿੰਦੇ ਨੇ ਕਿਹਾ ਕਿ ਭਾਜਪਾ-ਸ਼ਿਵ ਸੈਨਾ ਦਾ ਗੱਠਜੋੜ ਕੁਦਰਤੀ ਗੱਠਜੋੜ ਹੈ, ਇਹੀ ਅਸੀਂ ਊਧਵ ਠਾਕਰੇ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਰਹੇ | ਗੱਲ ਸੱਤਾ ਦੀ ਨਹੀਂ, ਗੱਲ ਬਾਲਾ ਸਾਹਿਬ ਠਾਕਰੇ ਦੀ ਹਿੰਦੂਤਵ ਦੀ ਵਿਚਾਰਧਾਰਾ ਦੀ ਹੈ | ਉਨ੍ਹਾ ਹਮਾਇਤ ਕਰਨ ਬਦਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਜੇ ਪੀ ਨੱਢਾ ਦਾ ਧੰਨਵਾਦ ਕੀਤਾ | ਉਨ੍ਹਾ ਕਿਹਾ—ਮੈਂ ਫੜਨਵੀਸ ਦਾ ਖਾਸ ਤੌਰ ‘ਤੇ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾ ਆਪਣੇ 120 ਵਿਧਾਇਕ ਹੋਣ ਦੇ ਬਾਵਜੂਦ ਵੱਡਾ ਦਿਲ ਦਿਖਾਉਂਦਿਆਂ ਬਾਲਾ ਸਾਹਿਬ ਠਾਕਰੇ ਦੇ ਸ਼ਿਵ ਸੈਨਿਕ ਨੂੰ ਮੁੱਖ ਮੰਤਰੀ ਵਜੋਂ ਚੁਣਿਆ |