ਨਵੀਂ ਦਿੱਲੀ : ਆਰ ਜੇ ਡੀ ਦੇ ਸਾਬਕਾ ਸਾਂਸਦ ਪ੍ਰਭੂਨਾਥ ਸਿੰਘ ਨੂੰ ਸੁਪਰੀਮ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਨ੍ਹਾ ਨੂੰ 1995 ’ਚ ਹੋਏ ਦੋਹਰੇ ਹੱਤਿਆ ਕਾਂਡ ’ਚ ਇਹ ਸਜ਼ਾ ਦਿੱਤੀ ਗਈ ਹੈ। ਪਿਛਲੇ ਦਿਨੀਂ ਹੀ ਸਿਖਰਲੀ ਅਦਾਲਤ ਨੇ ਉਨ੍ਹਾ ਨੂੰ ਇਸ ਕੇਸ ’ਚ ਦੋਸ਼ੀ ਕਰਾਰ ਦਿੱਤਾ ਸੀ ਅਤੇ ਸਜ਼ਾ ਨੂੰ ਲੈ ਕੇ ਫੈਸਲਾ ਸੁਰੱਖਿਆ ਰੱਖ ਲਿਆ ਸੀ। ਸੁਪਰੀਮ ਕੋਰਟ ਨੇ ਹੱਤਿਆਕਾਂਡ ’ਚ ਮਾਰੇ ਗਏ ਦੋਵੇਂ ਲੋਕਾਂ ਦੇ ਪਰਵਾਰਾਂ ਨੂੰ 10-10 ਲੱਖ ਰੁਪਏ ਦੇਣ ਦਾ ਆਦੇਸ਼ ਵੀ ਪ੍ਰਭੂਨਾਥ ਸਿੰਘ ਅਤੇ ਬਿਹਾਰ ਸਰਕਾਰ ਨੂੰ ਦਿੱਤਾ। ਇਸ ਤੋਂ ਇਲਾਵਾ ਇਸ ਘਟਨਾ ’ਚ ਜ਼ਖ਼ਮੀ ਹੋਏ ਇੱਕ ਵਿਅਕਤੀ ਨੂੰ ਵੀ 5 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਆਦੇਸ਼ ਦਿੱਤਾ ਗਿਆ। ਸਾਬਕਾ ਸਾਂਸਦ ਨੂੰ ਮਿਲੀ ਇਹ ਸਜ਼ਾ ਇਸ ਲਈ ਵੀ ਅਹਿਮ ਹੈ ਕਿ ਉਨ੍ਹਾ ਨੂੰ ਹੇਠਲੀ ਅਦਾਲਤ ਨੇ ਬਰੀ ਕਰ ਦਿੱਤਾ ਸੀ ਅਤੇ ਫਿਰ ਹਾਈ ਕੋਰਟ ਨੇ ਵੀ ਉਸ ਨੂੰ ਸਹੀ ਕਰਾਰ ਦਿੱਤਾ ਸੀ। ਛਪਰਾ ਦੇ ਮਸਰਖ ’ਚ ਰਾਜਿੰਦਰ ਰਾਏ ਅਤੇ ਦਾਰੋਗਾ ਰਾਏ ਨਾਂਅ ਦੇ ਦੋ ਲੋਕਾਂ ਦੀ ਹੱਤਿਆ 1995 ’ਚ ਹੋਈ ਸੀ। ਇਸ ਮਾਮਲੇ ’ਚ ਦੋਸ਼ ਹੈ ਕਿ ਪ੍ਰਭੂਨਾਥ ਸਿੰਘ ਨੇ ਉਨ੍ਹਾ ਦੇ ਕਹਿਣ ’ਤੇ ਵੋਟ ਨਹੀਂ ਪਾਈ, ਇਸ ਲਈ ਇਨ੍ਹਾਂ ਲੋਕਾਂ ਦੀ ਹੱਤਿਆ ਕਰਵਾ ਦਿੱਤੀ ਸੀ। ਪ੍ਰਭੂਨਾਥ ਸਿੰਘ ਬਿਹਾਰ ਦੀ ਮਹਰਾਜਗੰਜ ਲੋਕਸਭਾ ਸੀਟ ਤੋਂ ਤਿੰਨ ਵਾਰ ਜੇ ਡੀ ਯੂ ਅਤੇ ਇੱਕ ਆਰ ਜੇ ਡੀ ਦੇ ਟਿਕਟ ’ਤੇ ਸਾਂਸਦ ਰਹਿ ਚੁੱਕੇ ਹਨ। ਦੋਸ਼ ਸੀ ਕਿ ਦੋਵਾਂ ਨੇ ਪ੍ਰਭੂਨਾਥ ਸਿੰਘ ਦੇ ਹੱਕ ’ਚ ਵੋਟ ਨਹੀਂ ਦਿੱਤੀ ਸੀ ਇਸ ਲਈ ਉਨ੍ਹਾ ਦੀ ਹੱਤਿਆ ਕਰਵਾ ਦਿੱਤੀ ਸੀ।





