ਸਕਿੱਲ ਡਿਵੈੱਲਪਮੈਂਟ ਘੁਟਾਲੇ ‘ਚ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਗਿ੍ਫ਼ਤਾਰ

0
194

ਨੰਦਯਾਲ : ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੂੰ ਸਕਿੱਲ ਡਿਵੈਲਪਮੈਂਟ ਘੁਟਾਲੇ ‘ਚ ਸ਼ਨੀਵਾਰ ਸਵੇਰੇ 6 ਵਜੇ ਨੰਦਯਾਲ ਸ਼ਹਿਰ ਤੋਂ ਗਿ੍ਫ਼ਤਾਰ ਕਰ ਲਿਆ ਗਿਆ | ਅਪਰਾਧਿਕ ਜਾਂਚ ਵਿਭਾਗ (ਸੀ ਆਈ ਡੀ) ਨੇ ਉਨ੍ਹਾ ਖਿਲਾਫ਼ ਗੈਰ-ਜ਼ਮਾਨਤੀ ਵਰੰਟ ਜਾਰੀ ਕੀਤਾ ਸੀ | ਮਾਮਲਾ 250 ਕਰੋੜ ਰੁਪਏ ਤੋਂ ਜ਼ਿਆਦਾ ਦੇ ਘੁਟਾਲੇ ਨਾਲ ਜੁੜਿਆ ਹੋਇਆ ਹੈ | ਚੰਦਰਬਾਬੂ ਨੂੰ ਉਦੋਂ ਗਿ੍ਫ਼ਤਾਰ ਕੀਤਾ, ਜਦ ਉਹ ਨੰਦਯਾਲ ਸ਼ਹਿਰ ‘ਚ ਇੱਕ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਇੱਕ ਬੱਸ ‘ਚ ਅਰਾਮ ਕਰ ਰਹੇ ਸਨ | ਸੀ ਆਈ ਡੀ ਅਧਿਕਾਰੀ ਅਤੇ ਨੰਦਯਾਲ ਜ਼ਿਲ੍ਹਾ ਪੁਲਸ ਕੁਰਨੂਲ ਰੇਂਜ ਡੀ ਆਈ ਜੀ ਰਘੂਰਾਮੀ ਰੈਡੀ ਦੀ ਅਗਵਾਈ ‘ਚ ਤੜਕੇ 3 ਵਜੇ ਉਸ ਕੈਂਪ ਸਾਇਟ ਪਹੁੰਚੇ, ਜਿੱਥੇ ਨਾਇਡੂ ਠਹਿਰੇ ਹੋਏ ਸਨ | ਉਥੇ ਪਹੁੰਚ ਕੇ ਉਨ੍ਹਾ ਨਾਇਡੂ ਨੂੰ ਗਿ੍ਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਪਾਰਟੀ ਸਮਰਥਕਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ | ਪੁਲਸ ਅਤੇ ਪਾਰਟੀ ਵਰਕਰਾਂ ਵਿਚਾਲੇ ਝੜਪ ਵੀ ਹੋਈ | ਜਦ ਵਰਕਰ ਨਾ ਮੰਨੇ ਤਾਂ ਪੁਲਸ ਨੇ ਕੁਝ ਨੂੰ ਹਿਰਾਸਤ ‘ਚ ਲੈ ਲਿਆ | ਅਧਿਕਾਰੀਆਂ ਮੁਤਾਬਕ ਇਲਾਕੇ ‘ਚ ਵੱਡੀ ਗਿਣਤੀ ਵਿੱਚ ਪੁਲਸ ਤਾਇਨਾਤ ਕੀਤੀ ਗਈ ਸੀ |
ਗਿ੍ਫ਼ਤਾਰੀ ਤੋਂ ਬਾਅਦ ਉਨ੍ਹਾ ਨੂੰ ਮੈਡੀਕਲ ਜਾਂਚ ਲਈ ਨੰਦਯਾਲ ਹਸਪਤਾਲ ਲਿਆਂਦਾ ਜਾਣਾ ਸੀ, ਪਰ ਉਨ੍ਹਾ ਦੇ ਮਨ੍ਹਾਂ ਕਰਨ ਤੋਂ ਬਾਅਦ ਕੈਂਪ ਸਾਇਟ ‘ਤੇ ਹੀ ਉਨ੍ਹਾ ਦਾ ਮੈਡੀਕਲ ਚੈੱਕਅੱਪ ਕੀਤਾ ਗਿਆ | ਇੱਥੋਂ ਉਨ੍ਹਾ ਨੂੰ ਵਿਜੈਵਾੜਾ ਲਿਆਂਦਾ ਗਿਆ | ਉਥੇ ਹੀ ਆਂਧਰਾ ਪ੍ਰਦੇਸ਼ ਪੁਲਸ ਨੇ ਚੰਦਰਬਾਬੂ ਦੇ ਬੇਟੇ ਪਾਰਾ ਲੋਕੇਸ਼ ਨੂੰ ਈਸਟ ਗੋਦਾਵਰੀ ਜ਼ਿਲ੍ਹੇ ਤੋਂ ਹਿਰਾਸਤ ‘ਚ ਲੈ ਲਿਆ | ਲੋਕੇਸ਼ ਇੱਥੇ ਪੈਦਲ ਯਾਤਰਾ ਕਰ ਰਹੇ ਸਨ | ਉਨ੍ਹਾ ਨੂੰ ਵਿਜੈਵਾੜਾ ਨਹੀਂ ਜਾਣ ਦਿੱਤਾ ਗਿਆ |
ਸੀ ਬੀ ਆਈ ਨੇ 9 ਦਸੰਬਰ 2021 ਨੂੰ ਸਕਿੱਲ ਡਿਵੈੱਲਪਮੈਂਟ ਘੁਟਾਲਾ ਮਾਮਲੇ ‘ਚ ਐੱਫ ਆਈ ਆਰ ਦਰਜ ਕੀਤੀ ਸੀ | ਇਸ ‘ਚ 25 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਸੀ | ਹਾਲਾਂਕਿ ਇਸ ਐੱਫ ਆਈ ਆਰ ‘ਚ ਨਾਇਡੂ ਦਾ ਨਾਂਅ ਨਹੀਂ ਸੀ | ਇਸ ਸਾਲ ਮਾਰਚ ‘ਚ ਸੀ ਆਈ ਡੀ ਨੇ ਸਕਿੱਲ ਡਿਵੈੱਲਪਮੈਂਟ ਘੁਟਾਲੇ ਦੀ ਜਾਂਚ ਸ਼ੁਰੂ ਕੀਤੀ ਸੀ | ਸੀ ਆਈ ਡੀ ਦਾ ਦਾਅਵਾ ਹੈ ਕਿ ਜਾਂਚ ‘ਚ ਜੋ ਗੱਲਾਂ ਸਾਹਮਣੇ ਆਈਆਂ ਹਨ, ਉਨ੍ਹਾ ਦੇ ਅਧਾਰ ‘ਤੇ ਚੰਦਰਬਾਬੂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ |
ਸਾਲ 2016 ‘ਚ ਨਾਇਡੂ ਨੇ ਬੇਰੁਜ਼ਗਾਰਾਂ ਨੂੰ ਸਕਿੱਲ ਟੇ੍ਰਨਿੰਗ ਦੇਣ ਤਹਿਤ ਆਂਧਰਾ ਪ੍ਰਦੇਸ਼ ਸਟੇਟ ਸਕਿੱਲ ਡਿਵੈੱਲਪਮੈਂਟ ਕਾਰਪੋਰੇਸ਼ਨ ਦੀ ਸਥਾਪਨਾ ਕੀਤੀ ਸੀ | ਇਸ ਤਹਿਤ 3300 ਕਰੋੜ ਦੇ ਪ੍ਰੋਜੈਕਟ ਲਈ ਟੀ ਡੀ ਪੀ ਸਰਕਾਰ ਨੇ ਸੀਮੇਂਸ ਇੰਡਸਟਰੀ ਸਾਫਟਵੇਅਰ ਇੰਡੀਆ ਲਿਮਟਿਡ ਅਤੇ ਡਿਜ਼ਾਇਨ ਟੇਕ ਸਿਸਟਮ ਪ੍ਰਾਈਵੇਟ ਲਿਮਟਿਡ ਦੀਆਂ ਗਰੁੱਪ ਕੰਪਨੀਆਂ ਨਾਲ ਇੱਕ ਐੱਮ ਓ ਯੂ ਸਾਇਨ ਕੀਤਾ | ਇਸ ਕਰਾਰ ਦੇ ਤਹਿਤ ਸੀਮੇਂਸ ਇੰਡਸਟਰੀ ਸਾਫ਼ਟਵੇਅਰ ਇੰਡੀਆ ਨੂੰ ਸਕਿੱਲ ਡਿਵੈੱਲਪਮੈਂਟ ਲਈ 3300 ਕਰੋੜ ਦੀ ਲਾਗਤ ਨਾਲ ਛੇ ਐਕਸੀਲੈਂਸ ਸੈਂਟਰ ਸਥਾਪਤ ਕਰਨੇ ਸਨ | ਸੂਬਾ ਸਰਕਾਰ ਨੂੰ ਪ੍ਰੋਜੈਕਟ ਦੀ ਕੁੱਲ ਲਾਗਤ ਦਾ 10 ਫੀਸਦੀ ਭੁਗਤਾਨ ਕਰਨਾ ਸੀ, ਜਦਕਿ ਬਾਕੀ ਮਦਦ ਦੇ ਰੂਪ ‘ਚ ਰਕਮ ਸੀਮੇਂਸ ਅਤੇ ਡਿਜ਼ਾਇਨ ਟੇਕ ਨੂੰ ਦੇਣਾ ਸੀ | ਖ਼ਬਰਾਂ ਮੁਤਾਬਕ ਚੰਦਰਬਾਬੂ ਨਾਇਡੂ ਨੇ 6 ਸਤੰਬਰ ਨੂੰ ਆਪਣੀ ਗਿ੍ਫ਼ਤਾਰੀ ਦਾ ਖਦਸ਼ਾ ਪ੍ਰਗਟਾਇਆ ਸੀ | ਅਨੰਤਪੁਰ ਜ਼ਿਲ੍ਹੇ ਦੇ ਰਾਏਦੁਰਗਰਮ ‘ਚ ਲੋਕਾਂ ਨਾਲ ਗੱਲਬਾਤ ਦੌਰਾਨ ਉਨ੍ਹਾ ਕਿਹਾ ਸੀ— ਉਹ ਮੈਨੂੰ ਅੱਜ ਜਾਂ ਕੱਲ੍ਹ ਗਿ੍ਫ਼ਤਾਰ ਕਰ ਸਕਦੇ ਹਨ | ਮੇਰੇ ‘ਤੇ ਹਮਲਾ ਵੀ ਹੋ ਸਕਦਾ ਹੈ | ਉਹ ਮੇਰੇ ‘ਤੇ ਇੱਕ ਨਹੀਂ, ਕਈ ਜ਼ੁਲਮ ਕਰਨਗੇ | ਤੇਲਗੂ ਦੇਸਮ ਪਾਰਟੀ (ਟੀ ਡੀ ਪੀ) ਦੇ ਮੁਖੀ ਐੱਨ. ਚੰਦਰਬਾਬੂ ਨਾਇਡੂ ਨੇ ਕਥਿਤ ਬਹੁ-ਕਰੋੜੀ ਹੁਨਰ ਵਿਕਾਸ ਘਪਲੇ ‘ਚ ਗਿ੍ਫਤਾਰੀ ਤੋਂ ਕੁਝ ਘੰਟਿਆਂ ਬਾਅਦ ਸ਼ਨੀਵਾਰ ਕਿਹਾ ਕਿ ਉਹ ਤੇਲਗੂ ਲੋਕਾਂ ਦੇ ਹਿੱਤਾਂ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹਨ ਅਤੇ ਕੋਈ ਤਾਕਤ ਉਨ੍ਹਾਂ ਨੂੰ ਨਹੀਂ ਰੋਕ ਸਕਦੀ |
ਸਾਬਕਾ ਮੁੱਖ ਮੰਤਰੀ ਨਾਇਡੂ ਨੇ ਟਵਿੱਟਰ ‘ਤੇ ਕਿਹਾ, ‘ਪਿਛਲੇ 45 ਸਾਲਾਂ ਤੋਂ ਮੈਂ ਨਿਰਸਵਾਰਥ ਭਾਵਨਾ ਨਾਲ ਤੇਲਗੂ ਲੋਕਾਂ ਦੀ ਸੇਵਾ ਕੀਤੀ ਹੈ | ਮੈਂ ਤੇਲਗੂ ਲੋਕਾਂ ਦੇ ਹਿੱਤਾਂ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹਾਂ | ਧਰਤੀ ਦੀ ਕੋਈ ਵੀ ਤਾਕਤ ਮੈਨੂੰ ਤੇਲਗੂ ਲੋਕਾਂ, ਮੇਰੇ ਆਂਧਰਾ ਪ੍ਰਦੇਸ਼ ਅਤੇ ਮੇਰੀ ਮਾਤ ਭੂਮੀ ਦੀ ਰੱਖਿਆ ਕਰਨ ਤੋਂ ਨਹੀਂ ਰੋਕ ਸਕਦੀ |’

LEAVE A REPLY

Please enter your comment!
Please enter your name here