ਨਵੀਂ ਦਿੱਲੀ : ਭਾਰਤੀ ਹਵਾਈ ਫੌਜ ਦੇ ਬੇੜੇ ‘ਚ ਇੱਕ ਹੋਰ ਦਮਦਾਰ ਟਰਾਂਸਪੋਰਟ ਏਅਰਕ੍ਰਾਫਟ ਸ਼ਾਮਲ ਹੋਣ ਵਾਲਾ ਹੈ | ਸਪੇਨ ਦੇ ਸੇਵੀਲ ‘ਚ ਏਅਰਬਸ ਕੰਪਨੀ ਨੇ ਭਾਰਤੀ ਹਵਾਈ ਫੌਜ ਨੂੰ ਪਹਿਲਾ ਸੀ-295 ਟਰਾਂਸਪੋਰਟ ਏਅਰਕ੍ਰਾਫ਼ਟ ਸੌਂਪ ਦਿੱਤਾ ਹੈ | ਇਸ ਜਹਾਜ਼ ਨੂੰ ਸਪੇਨ ਤੋਂ ਲਿਆਉਣ ਲਈ ਖੁਦ ਹਵਾਈ ਫੌਜ ਦੇ ਮੁਖੀ ਵੀ ਆਰ ਚੌਧਰੀ ਪਹੁੰਚੇ ਹਨ | ਸੀ-295 ਜਹਾਜ਼ 25 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਹਿੰਡਨ ਏਅਰਬੇਸ ‘ਤੇ ਪਹੁੰਚੇਗਾ | ਭਾਰਤ ਸਰਕਾਰ ਨੇ ਦੋ ਸਾਲ ਪਹਿਲਾਂ ਏਅਰਬਸ ਕੰਪਨੀ ਦੇ ਨਾਲ 56 ਜਹਾਜ਼ਾਂ ਦਾ ਸਮਝੌਤਾ ਕੀਤਾ ਸੀ | ਇਨ੍ਹਾਂ ‘ਚੋਂ 16 ਜਹਾਜ਼ ਸਪੇਨ ਤੋਂ ਆਉਣੇ ਸਨ | ਬਾਕੀ 40 ਜਹਾਜ਼ਾਂ ਦਾ ਨਿਰਮਾਣ ਭਾਰਤ ‘ਚ ਹੀ ਕੀਤਾ ਜਾਣਾ ਹੈ | ਇਨ੍ਹਾਂ ਦਾ ਨਿਰਮਾਣ ਗੁਜਰਾਤ ਦੇ ਵਡੋਦਰਾ ‘ਚ ਕੀਤਾ ਜਾਵੇਗਾ | ਏਅਰਬਸ ਕੰਪਨੀ ਸਮਝੌਤੇ ਦੇ ਤਹਿਤ 4 ਸਾਲ ‘ਚ 16 ਜਹਾਜ਼ ਦੇਵੇਗੀ | ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਭਾਰਤ ਨੂੰ ਦੂਜਾ ਸੀ-295 ਜਹਾਜ਼ ਮਈ 2024 ਤੱਕ ਮਿਲੇਗਾ | ਭਾਰਤੀ ਹਵਾਈ ਫੌਜ ਨੂੰ 16 ਜਹਾਜ਼ ਅਗਸਤ 2025 ਤੱਕ ਮਿਲ ਸਕਦੇ ਹਨ |





