ਬਹੁਧਰੁਵੀ ਸੰਸਾਰ ਦਾ ਸੰਮੇਲਨ

0
198

ਜੀ-20 ਨਵੀਂ ਦਿੱਲੀ ਸਿਖਰ ਸੰਮੇਲਨ ਸਫ਼ਲਤਾਪੂਰਨ ਸਮਾਪਤ ਹੋ ਗਿਆ। ਸਾਡੇ ਸਮੇਤ ਬਹੁਤ ਸਾਰੇ ਟਿੱਪਣੀਕਾਰਾਂ ਦੀ ਇਹ ਸੋਚ ਸੀ ਕਿ ਨਵੀਂ ਦਿੱਲੀ ਸਿਖ਼ਰ ਸੰਮੇਲਨ ਜੀ-20 ਗੁੱਟ ਦੇ ਅੰਤ ਦੀ ਸ਼ੁਰੂਆਤ ਹੋ ਨਿੱਬੜੇਗਾ, ਪਰ ਇਹ ਸੰਮੇਲਨ ਤਾਂ ਇਸ ਤੋਂ ਅੱਗੇ ਵਧ ਕੇ ਦੁਨੀਆ ਉੱਤੇ ਪੱਛਮ ਦੀ ਸਰਦਾਰੀ ਦੇ ਅੰਤ ਦਾ ਸੰਮੇਲਨ ਹੋ ਨਿੱਬੜਿਆ ਹੈ।
ਇਹ ਹਕੀਕਤ ਤਾਂ ਕਾਫ਼ੀ ਚਿਰ ਪਹਿਲਾਂ ਤੋਂ ਸਾਹਮਣੇ ਆ ਗਈ ਸੀ ਕਿ ਬਦਲ ਰਹੇ ਵਿਸ਼ਵ ਸ਼ਕਤੀ ਸੰਤੁਲਨ ਦੇ ਮੱਦੇਨਜ਼ਰ ਹੁਣ ਇੱਕ-ਧਰੁਵੀ ਸੰਸਾਰ ਦੇ ਦਿਨ ਪੁੱਗ ਚੁੱਕੇ ਹਨ, ਪਰ ਇਹ ਆਸ ਨਹੀਂ ਸੀ ਕਿ ਅਮਰੀਕਾ ਦੀ ਅਗਵਾਈ ਵਿੱਚ ਵਿਕਸਤ ਸਾਮਰਾਜੀ ਦੇਸ਼ ਏਨੀ ਛੇਤੀ ਹਾਰ ਮੰਨ ਜਾਣਗੇ। ਪਿਛਲੇ ਤਿੰਨ-ਚਾਰ ਸੌ ਸਾਲਾਂ ਦੀ ਗੁਲਾਮਦਾਰੀ ਤੇ ਸਾਮਰਾਜਵਾਦੀ ਲੁੱਟ ਕਾਰਨ ਪੱਛਮ ਦੇ ਹਾਕਮਾਂ ਨੂੰ ਹੀ ਨਹੀਂ, ਉਨ੍ਹਾਂ ਦੇ ਲੋਕਾਂ ਨੂੰ ਵੀ ਇਹ ਭਰਮ ਹੋ ਗਿਆ ਸੀ ਕਿ ਉਹ ਤਾਂ ਜੰਮੇ ਹੀ ਦੁਨੀਆ ਉੱਤੇ ਰਾਜ ਕਰਨ ਲਈ ਹਨ। ਜੀ-20 ਦੇ ਨਵੀਂ ਦਿੱਲੀ ਸਿਖਰ ਸੰਮੇਲਨ ਨੇ ਉਨ੍ਹਾਂ ਦਾ ਇਹ ਭਰਮ ਚਕਨਾਚੂਰ ਕਰ ਦਿੱਤਾ ਹੈ।
ਨਵੀਂ ਦਿੱਲੀ ਸਿਖਰ ਸੰਮੇਲਨ ਤੋਂ ਪਹਿਲਾਂ ਪੱਛਮੀ ਦੇਸ਼ ਇਸ ਗੱਲ ਉੱਤੇ ਅੜੇ ਹੋਏ ਸਨ ਕਿ ਐਲਾਨਨਾਮੇ ਵਿੱਚ ਯੂਕਰੇਨ ਉੱਤੇ ਹਮਲੇ ਲਈ ਰੂਸ ਦੀ ਸਪੱਸ਼ਟ ਸ਼ਬਦਾਂ ਵਿੱਚ ਨਿੰਦਾ ਕੀਤੀ ਜਾਵੇ। ਇਸੇ ਕਾਰਨ ਸਿਖਰ ਸੰਮੇਲਨ ਤੋਂ ਪਹਿਲਾਂ ਜੀ-20 ਦੇਸ਼ਾਂ ਦੀਆਂ ਵਿਦੇਸ਼, ਵਿੱਤ ਤੇ ਵਾਤਾਵਰਨ ਸੰਬੰਧੀ ਮੀਟਿੰਗਾਂ ਵਿੱਚ ਕੋਈ ਵੀ ਸਾਂਝਾ ਬਿਆਨ ਜਾਰੀ ਨਹੀਂ ਸੀ ਹੋ ਸਕਿਆ। ਚੀਨ ਤੇ ਰੂਸ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਅਜਿਹੇ ਕਿਸੇ ਵੀ ਐਲਾਨਨਾਮੇ ਉੱਤੇ ਦਸਤਖਤ ਨਹੀਂ ਕਰਨਗੇ, ਜਿਹੜਾ ਰੂਸ ਦੀ ਨਿੰਦਾ ਕਰਦਾ ਹੋਵੇ। ਇਸੇ ਕਾਰਨ ਰੂਸ ਤੇ ਚੀਨ ਦੇ ਰਾਸ਼ਟਰ ਮੁਖੀਆਂ ਵੱਲੋਂ ਆਪ ਆਉਣ ਦੀ ਥਾਂ ਆਪਣੇ ਦੋ ਨੰਬਰ ਦੇ ਆਗੂਆਂ ਨੂੰ ਭੇਜਿਆ ਗਿਆ ਸੀ। ਅਜਿਹੀ ਹਾਲਤ ਵਿੱਚ ਦੋ ਹੀ ਹੱਲ ਸਨ ਜਾਂ ਤਾਂ ਐਲਾਨਨਾਮਾ ਜਾਰੀ ਹੀ ਨਾ ਹੋਵੇ ਤੇ ਜਾਂ ਪੱਛਮੀ ਦੇਸ਼ ਆਪਣੀ ਹਊਮੈ ਤਿਆਗ ਦੇਣ।
ਅਮਰੀਕਾ ਨੂੰ ਸਮਝ ਆ ਗਈ ਸੀ ਕਿ ਜੇਕਰ ਉਸ ਨੇ ਰੂਸ-ਯੂਕਰੇਨ ਜੰਗ ਵਾਲੀ ਅੜੀ ਨਾ ਛੱਡੀ ਤਾਂ ਉਸ ਦੇ ਹਮੈਤੀ ਵੀ ਉਸ ਤੋਂ ਦੂਰ ਹੋ ਜਾਣਗੇ। ਬਿ੍ਰਕਸ ਦੇ ਜੋਹਾਨਸਬਰਗ ਵਿੱਚ ਹੋਏ ਸੰਮੇਲਨ ਦੌਰਾਨ ਨਵੇਂ ਮੈਂਬਰ ਲੈਣ ਤੇ ਸਾਂਝੀ ਕਰੰਸੀ ਦੀ ਸੰਭਾਵਨਾ ਤਲਾਸ਼ਣ ਲਈ ਵਿੱਤ ਮੰਤਰੀਆਂ ਨੂੰ ਦਿੱਤੇ ਆਦੇਸ਼ ਤੇ ਬਿ੍ਰਕਸ ਬੈਂਕ ਬਣਾਉਣ ਦੇ ਫੈਸਲਿਆਂ ਨੇ ਵੀ ਅਮਰੀਕਾ ਨੂੰ ਭੈਅ-ਭੀਤ ਕੀਤਾ ਹੋਇਆ ਸੀ। ਬਿ੍ਰਕਸ ਬੈਂਕ ਕਾਰਨ ਹੀ ਐਲਾਨਨਾਮੇ ਵਿੱਚ ਅਮਰੀਕਾ ਦੇ ਕਹਿਣ ਉੱਤੇ ਵਿਸ਼ਵ ਬੈਂਕ ਦੇ ਕਰਜ਼ੇ ਦਾ ਦਾਇਰਾ ਵਧਾਉਣ ਲਈ ਪਹਿਲਾਂ ਰੱਖੀ ਗਈ 25 ਅਰਬ ਡਾਲਰ ਦੀ ਰਕਮ ਨੂੰ ਵਧਾ ਕੇ 100 ਅਰਬ ਡਾਲਰ ਕਰਨ ਦਾ ਟੀਚਾ ਮਿਥਿਆ ਗਿਆ ਹੈ। ਅਮਰੀਕਾ ਜਾਣਦਾ ਸੀ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸੰਮੇਲਨ ਨੂੰ ਆਪਣੀ ਇੱਜ਼ਤ ਦਾ ਸਵਾਲ ਬਣਾਇਆ ਹੋਇਆ ਹੈ। ਇਨ੍ਹਾਂ ਬਦਲੀਆਂ ਵਿਸ਼ਵੀ ਹਾਲਤਾਂ ਵਿੱਚ ਬਾਇਡੇਨ ਲਈ ਮੋਦੀ ਨੂੰ ਨਰਾਜ਼ ਕਰਨਾ ਔਖਾ ਸੀ। ਇਸ ਲਈ ਅਮਰੀਕਾ ਨੂੰ ਰੂਸ ਦੀ ਨਿੰਦਾ ਨਾ ਕਰਨ ਦਾ ਕੌੜਾ ਘੁੱਟ ਭਰਨਾ ਪਿਆ। ਬਾਕੀ ਯੂਰਪੀਨ ਦੇਸ਼ ਤਾਂ ਉਸ ਦੇ ਬਗਲਬੱਚੇ ਹੀ ਸਨ।
ਦਿੱਲੀ ਸਿਖਰ ਸੰਮੇਲਨ ਤੋਂ ਬਾਅਦ ਆਈਆਂ ਪ੍ਰਤੀਕਿਰਿਆਵਾਂ ਵੀ ਦੱਸਦੀਆਂ ਹਨ ਕਿ ਪੱਛਮੀ ਦੇਸ਼ਾਂ ਦੀ ਸਰਦਾਰੀ ਦੇ ਦਿਨ ਹੁਣ ਪੁੱਗ ਚੁੱਕੇ ਹਨ। ਬੀ ਬੀ ਸੀ ਨੇ ਵੱਖ-ਵੱਖ ਵਿਸ਼ਲੇਸ਼ਕਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਜੀ-20 ਨੇ ਦੱਸ ਦਿੱਤਾ ਹੈ ਕਿ ਵਿਸ਼ਵ ਵਿੱਚ ਸ਼ਕਤੀ ਸੰਤੁਲਨ ਬਦਲ ਰਿਹਾ ਹੈ। ਹੁਣ ਇਹ ਸੰਤੁਲਨ ਪੱਛਮ ਦੇ ਵਿਕਸਤ ਦੇਸ਼ਾਂ ਤੋਂ ਦੂਰ ਹੁੰਦਾ ਹੋਇਆ ਏਸ਼ੀਆਈ ਦੇਸ਼ਾਂ ਵੱਲ ਝੁਕ ਰਿਹਾ ਹੈ।
‘ਰਸ਼ੀਆ ਟੂਡੇ’ ਨੇ ਲਿਖਿਆ ਹੈ, ‘ਐਲਾਨਨਾਮੇ ਵਿੱਚ ਕਿਹਾ ਗਿਆ ਹੈ ਕਿ ਸਾਰੇ ਦੇਸ਼ਾਂ ਨੂੰ ਇਲਾਕਾਈ ਕਬਜ਼ੇ ਲਈ ਤਾਕਤ ਦੀ ਵਰਤੋਂ ਕਰਨ ਜਾਂ ਅਜਿਹਾ ਕਰਨ ਲਈ ਧਮਕੀ ਦੇਣ ਤੋਂ ਬਚਣਾ ਹੋਵੇਗਾ। ਕਿਸੇ ਦੇਸ਼ ਦੀ ਪ੍ਰਦੇਸ਼ਿਕ ਅਖੰਡਤਾ ਤੇ ਖੁਦਮੁਖਤਾਰੀ ਜਾਂ ਰਾਜਨੀਤਕ ਅਜ਼ਾਦੀ ਨੂੰ ਭੰਗ ਕਰਨਾ ਜਾਂ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਜਾਂ ਵਰਤਣ ਦੀ ਧਮਕੀ ਦੇਣਾ ਨਾਮਨਜ਼ੂਰ ਹੋਵੇਗਾ।’ ਅਖਬਾਰ ਨੇ ਅੱਗੇ ਕਿਹਾ ਹੈ ਕਿ ਰੂਸ ਤੇ ਯੂਕਰੇਨ ਦੋਵੇਂ ਇੱਕ-ਦੂਜੇ ਦੇ ਇਲਾਕਿਆਂ ਉੱਤੇ ਦਾਅਵਾ ਕਰਦੇ ਹਨ। ਇਸ ਲਈ ਐਲਾਨਨਾਮੇ ਵਿੱਚ ਦਰਜ ਉਪਰੋਕਤ ਸ਼ਬਦ ਰੂਸ ਦੇ ਅਨੁਕੂਲ ਹਨ।
ਪੱਛਮ ਦੀ ਹਾਰ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਨਵੀਂ ਦਿੱਲੀ ਸਿਖਰ ਸੰਮੇਲਨ ਦੇ ਐਲਾਨਨਾਮੇ ਬਾਰੇ ਪੱਛਮੀ ਦੇਸ਼ਾਂ ਵਿੱਚ ਸੰਨਾਟਾ ਛਾਇਆ ਹੋਇਆ ਹੈ, ਜਦੋਂ ਕਿ ਰੂਸ-ਚੀਨ ਖੁਸ਼ੀਆਂ ਮਨਾ ਰਹੇ ਹਨ। ਨਵੀਂ ਦਿੱਲੀ ਆਏ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ, ‘ਸਾਂਝਾ ਐਲਾਨਨਾਮਾ ਇੱਕ ਮੀਲ ਪੱਥਰ ਹੈ। ਸੱਚ ਆਖਾਂ ਤਾਂ ਸਾਨੂੰ ਇਸ ਦੀ ਉਮੀਦ ਨਹੀਂ ਸੀ। ਇਸ ਤੋਂ ਸਾਫ਼ ਹੋ ਗਿਆ ਹੈ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਹੁਣ ਹਦਾਇਤਾਂ ਨਹੀਂ ਦਿੱਤੀਆਂ ਜਾ ਸਕਦੀਆਂ।’ ਚੀਨੀ ਵਿਦੇਸ਼ ਵਿਭਾਗ ਦੀ ਤਰਜਮਾਨ ਮਾਓ ਕਿੰਗ ਨੇ ਕਿਹਾ ਕਿ ਨਵੀਂ ਦਿੱਲੀ ਐਲਾਨਨਾਮੇ ਵਿੱਚ ਮੈਂਬਰ ਦੇਸ਼ਾਂ ਦੀ ਸਮਝ ਝਲਕਦੀ ਹੈ। ਇਸ ਨੇ ਸਾਡੀ ਇਸ ਸਮਝ ਦੀ ਪੁਸ਼ਟੀ ਕੀਤੀ ਹੈ ਕਿ ਜੀ-20 ਆਰਥਕ ਸਹਿਯੋਗ ਦਾ ਮੰਚ ਹੈ, ਨਾ ਕਿ ਸੁਰੱਖਿਆ ਸੰਬੰਧੀ ਮੁੱਦਿਆਂ ਨੂੰ ਹੱਲ ਕਰਨ ਦਾ। ਉਨ੍ਹਾ ਕਿਹਾ ਕਿ ਯੂਕਰੇਨ ਸੰਕਟ ਦਾ ਹੱਲ, ਠੰਢੀ ਜੰਗ ਦੀ ਮਾਨਸਕਿਤਾ ਨੂੰ ਛੱਡਣ, ਸੰਬੰਧਤ ਦੇਸ਼ਾਂ ਦੇ ਸੁਰੱਖਿਆ ਸੰਬੰਧੀ ਫਿਕਰਾਂ ਨੂੰ ਸਮਝਣ ਤੇ ਲੈ-ਦੇ ਦੀ ਭਾਵਨਾ ਨਾਲ ਮਸਲਾ ਨਿਬੇੜਨ ਨਾਲ ਹੀ ਸੰਭਵ ਹੈ।
ਅਸਲ ਵਿੱਚ ਜੇ ਇਹ ਕਿਹਾ ਜਾਵੇ ਕਿ ਨਵੀਂ ਦਿੱਲੀ ਸਿਖਰ ਸੰਮੇਲਨ ਬਹੁਧਰੁਵੀ ਦੁਨੀਆ ਦਾ ਪਹਿਲਾ ਜੀ-20 ਸਿਖ਼ਰ ਸੰਮੇਲਨ ਸੀ ਤਾਂ ਇਹ ਅਤਿਕਥਨੀ ਨਹੀਂ ਹੋਵੇਗੀ। ਪੱਛਮੀ ਅਰਥ-ਸ਼ਾਸਤਰੀ ਫਿਲਿਪ ਪਿਲਕਿੰਗਟਨ ਨੇ ਲਿਖਿਆ ਹੈ, ‘ਪੱਛਮੀ ਆਗੂ ਐਲਾਨਨਾਮੇ ਉੱਤੇ ਦਸਤਖਤ ਕਰਨ ਲਈ ਇਸ ਲਈ ਸਹਿਮਤ ਹੋਏ, ਕਿਉਂਕਿ ਉਹ ਭਾਰਤ ਨੂੰ ਆਪਣੇ ਨਾਲੋਂ ਦੂਰ ਨਹੀਂ ਸਨ ਕਰਨਾ ਚਾਹੁੰਦੇ। ਬਿ੍ਰਕਸ ਵਿੱਚ 6 ਨਵੇਂ ਦੇਸ਼ ਸ਼ਾਮਲ ਹੋਣ ਤੋਂ ਬਾਅਦ ਪੱਛਮ ਨੇ ਤੇਜ਼ੀ ਨਾਲ ਬਦਲ ਰਹੀ ਦੁਨੀਆ ਦੀ ਹਕੀਕਤ ਨੂੰ ਮੰਨ ਲਿਆ ਹੈ। ਪੱਛਮ ਦੀ ਨਵੀਂ ਨੀਤੀ ਵਿੱਚ ਭਾਰਤ ਦਾ ਪ੍ਰਮੁੱਖ ਸਥਾਨ ਹੈ, ਕਿਉਂਕਿ ਉਹ ਰੂਸੀ-ਚੀਨੀ ਜੋੜੀ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਨਹੀਂ ਹੈ।’
ਨਵੀਂ ਦਿੱਲੀ ਸਿਖਰ ਸੰਮੇਲਨ ਨੇ ਇਸ ਹਕੀਕਤ ਨੂੰ ਸਾਹਮਣੇ ਲੈ ਆਂਦਾ ਹੈ ਕਿ ਜੀ-20 ਨੇ ਜੇਕਰ ਆਪਣੀ ਸਾਰਥਿਕਤਾ ਬਣਾਈ ਰੱਖਣੀ ਹੈ ਤਾਂ ਉਸ ਨੂੰ ਆਪਣੀ ਭੂਮਿਕਾ ਨੂੰ ਹਾਲਾਤ ਮੁਤਾਬਕ ਬਦਲਣਾ ਪਵੇਗਾ। ਪੱਛਮੀ ਦੇਸ਼ਾਂ ਨੇ ਝੁਕ ਕੇ ਇੱਕ ਵਾਰ ਤਾਂ ਇਸ ਨੂੰ ਬਚਾਅ ਲਿਆ ਹੈ, ਪਰ ਇਹ ਸਿਰਫ਼ ਵਕਤੀ ਹੱਲ ਹੈ। ਸਥਾਈ ਹੱਲ ਉਦੋਂ ਨਿਕਲੇਗਾ, ਜਦੋਂ ਪੱਛਮੀ ਦੇਸ਼ ਇਹ ਮੰਨ ਲੈਣਗੇ ਕਿ ਦੁਨੀਆ ਬਦਲ ਚੁੱਕੀ ਹੈ, ਉਨ੍ਹਾਂ ਦੀ ਹੈਸੀਅਤ ਹੁਣ ਬਾਕੀ ਦੇਸ਼ਾਂ ਉੱਤੇ ਸ਼ਰਤਾਂ ਥੋਪਣ ਦੀ ਨਹੀਂ ਰਹੀ।
-ਚੰਦ ਫਤਿਹਪੁਰੀ

LEAVE A REPLY

Please enter your comment!
Please enter your name here