ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵੀਰਵਾਰ ਆਬਕਾਰੀ ਨੀਤੀ ਵਿਚ ਕਥਿਤ ਘਪਲੇ ਦੇ ਮਾਮਲੇ ’ਚ ਗਿ੍ਰਫਤਾਰ ਦਿੱਲੀ ਦੇ ਸਾਬਕਾ ਵਿੱਤ ਮੰਤਰੀ ਮਨੀਸ਼ ਸਿਸੋਦੀਆ ਦੀ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਕਰਦਿਆਂ ਈ ਡੀ ਨੂੰ ਝੰਜੋੜਿਆ।
ਜਸਟਿਸ ਸੰਜੀਵ ਖੰਨਾ ਤੇ ਜਸਟਿਸ ਐੱਸ ਵੀ ਐੱਨ ਭੱਟੀ ਦੀ ਬੈਂਚ ਨੇ ਈ ਡੀ ਨੂੰ ਕਿਹਾਸਬੂਤਾਂ ਦੀਆਂ ਕੜੀਆਂ ਇਕ-ਦੂਜੇ ਨਾਲ ਜੁੜ ਨਹੀਂ ਰਹੀਆਂ। ਤੁਹਾਡੀਆਂ ਦਲੀਲਾਂ ਅੰਦਾਜ਼ੇ ’ਤੇ ਅਧਾਰਤ ਹਨ, ਜਦਕਿ ਇਹ ਸਬੂਤਾਂ ’ਤੇ ਅਧਾਰਤ ਹੋਣੀਆਂ ਚਾਹੀਆਂ ਹਨ।
ਬੈਂਚ ਨੇ ਈ ਡੀ ਦੇ ਵਕੀਲ ਨੂੰ ਪੁੱਛਿਆਸਰਕਾਰੀ ਗਵਾਹ ਬਣੇ ਕਾਰੋਬਾਰੀ ਦਿਨੇਸ਼ ਅਰੋੜਾ ਦੇ ਬਿਆਨ ਦੇ ਇਲਾਵਾ ਸਿਸੋਦੀਆ ਦੇ ਖਿਲਾਫ ਸਬੂਤ ਕਿੱਥੇ ਹਨ? ਸਿਸੋਦੀਆ ਨੂੰ ਜੇ ਪੈਸੇ ਮਿਲੇ ਤਾਂ ਕਿਸ ਨੇ ਦਿੱਤੇ ਅਤੇ ਉਹ ਉਨ੍ਹਾ ਤੱਕ ਕਿਵੇਂ ਪੁੱਜਾ? ਪੈਸੇ ਦੇਣ ਵਾਲੇ ਬਹੁਤ ਸਾਰੇ ਲੋਕ ਹੋ ਸਕਦੇ ਹਨ। ਜ਼ਰੂਰੀ ਨਹੀਂ ਕਿ ਉਹ ਸ਼ਰਾਬ ਨਾਲ ਜੁੜੇ ਹੋਣ। ਸਬਤ ਕਿੱਥੇ ਹਨ। ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 12 ਅਕਤੂਬਰ ਪਾਈ ਹੈ। ਇਸੇ ਦੌਰਾਨ ਬੈਂਚ ਨੇ ਕਿਹਾ ਕਿ ਬੁੱਧਵਾਰ ਸੁਣਵਾਈ ਦੌਰਾਨ ਕਿਸੇ ਪਾਰਟੀ ਦਾ ਨਾਂਅ ਨਹੀਂ ਲਿਆ ਸੀ, ਸਰਸਰੀ ਪੁੱਛਿਆ ਸੀ ਕਿ ਜਦ ਕਿਹਾ ਜਾ ਰਿਹਾ ਕਿ ਸ਼ਰਾਬ ਘੁਟਾਲੇ ਨਾਲ ਸਿਆਸੀ ਪਾਰਟੀ ਨੂੰ ਲਾਭ ਹੋਇਆ ਤਾਂ ਉਸ ਨੂੰ ਮਾਮਲੇ ਵਿਚ ਧਿਰ ਕਿਉ ਨਹੀਂ ਬਣਾਇਆ ਗਿਆ। ਸਿਸੋਦੀਆ ਦੇ ਵਕੀਲ ਅਭਿਸ਼ੇਕ ਮਨੂੰ ਸਿੰਘਵੀ ਨੇ ਸੁਣਵਾਈ ਦੌਰਾਨ ਮਾਮਲਾ ਉਠਾਉਦਿਆਂ ਕਿਹਾ ਸੀ ਕਿ ਟੀ ਵੀ ਚੈਨਲ ਖਬਰ ਚਲਾ ਰਹੇ ਹਨ ਕਿ ‘ਆਪ’ ਨੂੰ ਪਾਰਟੀ ਬਣਾਉਣ ਦੀ ਤਿਆਰੀ ਹੈ।
ਫਾਜ਼ਲ ਜੱਜਾਂ ਨੇ ਕਿਹਾ ਕਿ ਉਹ ਚੈਨਲਾਂ ਦੇ ਹਿਸਾਬ ਨਾਲ ਨਹੀਂ ਚਲਦੇ, ਉਨ੍ਹਾਂ ਸਿਰਫ ਇਹ ਕਿਹਾ ਸੀ ਕਿ ਜਦ ਕਿਹਾ ਜਾ ਰਿਹਾ ਹੈ ਤਾਂ ਸੰਬੰਧਤ ਪਾਰਟੀ ਨੂੰ ਧਿਰ ਕਿਉ ਨਹੀਂ ਬਣਾਇਆ ਗਿਆ।



