‘ਇੰਡੀਆ’ ਗੱਠਜੋੜ ਦੀ ਮੁੰਬਈ ਮੀਟਿੰਗ ਸਮੇਂ ਕਾਂਗਰਸ ਪ੍ਰਧਾਨ ਖੜਗੇ ਨੇ ਕਿਹਾ ਸੀ ਕਿ ਆਉਣ ਵਾਲੇ ਦਿਨਾਂ ਦੌਰਾਨ ਸਾਡੇ ਆਗੂਆਂ ਵਿਰੁੱਧ ਈ ਡੀ ਤੇ ਸੀ ਬੀ ਆਈ ਦੇ ਹਮਲੇ ਤੇਜ਼ ਹੋਣਗੇ, ਪਰ ਅਸੀਂ ਡਰਨ ਵਾਲੇ ਨਹੀਂ। ਮਹਾਤਮਾ ਗਾਂਧੀ ਦੇ ਜਨਮ ਦਿਵਸ ਤੋਂ ਅਗਲੇ ਦਿਨ ਹੀ ਇਹ ਹਮਲਾ ਨਿਊਜ਼ਕਲਿੱਕ ਨਾਲ ਜੁੜੇ ਪੱਤਰਕਾਰਾਂ ਤੋਂ ਸ਼ੁਰੂ ਹੋ ਚੁੱਕਾ ਹੈ। ਉਸ ਦੇ ਸੰਸਥਾਪਕ ਸੰਪਾਦਕ 76 ਸਾਲਾ ਪ੍ਰਬੀਰ ਪੁਰਕਾਇਸਥ ਤੇ ਉਸ ਦੇ ਪ੍ਰਸ਼ਾਸਨਿਕ ਅਧਿਕਾਰੀ ਅਮਿਤ ਚੱਕਰਵਰਤੀ ਨੂੰ ਯੂ ਏ ਪੀ ਏ ਹੇਠ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਪ੍ਰਬੀਰ ਦੀ ਗਿ੍ਰਫ਼ਤਾਰੀ ਨੇ ਇੰਦਰਾ ਗਾਂਧੀ ਵੱਲੋਂ ਲਾਈ ਗਈ ਐਮਰਜੈਂਸੀ ਦੀ ਯਾਦ ਤਾਜ਼ਾ ਕਰਾ ਦਿੱਤੀ ਹੈ। 25 ਸਤੰਬਰ 1975 ਨੂੰ ਵੀ ਪ੍ਰਬੀਰ ਨੂੰ ਪੁਲਸ ਨੇ ਜੇ ਐੱਨ ਯੂ ਵਿੱਚੋਂ ਚੁੱਕ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ। ਉਸ ਸਮੇਂ ਵੀ ਪ੍ਰਬੀਰ ਨੂੰ ਯੂ ਏ ਪੀ ਏ ਹੇਠ ਗਿ੍ਰਫ਼ਤਾਰ ਕੀਤਾ ਸੀ ਤੇ ਹੁਣ ਵੀ ਉਸੇ ਧਾਰਾ ਅਧੀਨ ਗਿ੍ਰਫ਼ਤਾਰ ਕੀਤਾ ਗਿਆ ਹੈ। ਪ੍ਰਬੀਰ ਦਾ 48 ਸਾਲ ਪਹਿਲਾਂ ਵੀ ਇਹੋ ਦੋਸ਼ ਸੀ ਕਿ ਉਹ ਇੰਦਰਾ ਗਾਂਧੀ ਵੱਲੋਂ ਲਾਈ ਐਮਰਜੈਂਸੀ ਦਾ ਵਿਰੋਧ ਕਰਦਾ ਸੀ ਤੇ ਅੱਜ ਉਹ ਮੋਦੀ ਦੀ ਅਣਐਲਾਨੀ ਐਮਰਜੈਂਸੀ ਦਾ ਵਿਰੋਧੀ ਹੈ।
ਇਸ ਬਜ਼ੁਰਗ ਪੱਤਰਕਾਰ ਤੇ ਉਸ ਦੇ ਸਹਿਯੋਗੀ ਦੀ ਗਿ੍ਰਫ਼ਤਾਰੀ ਦੀ ਹਾਲੇ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਈ ਡੀ ਨੇ ਆਪ ਆਗੂ ਤੇ ਸਾਂਸਦ ਸੰਜੇ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਇਨ੍ਹਾਂ ਗਿ੍ਰਫ਼ਤਾਰੀਆਂ ਸੰਬੰਧੀ ਸੁਤੰਤਰ ਸਿਆਸੀ ਟਿੱਪਣੀਕਾਰ ਰਾਕੇਸ਼ ਅਚਲ ਵੱਲੋਂ ਪੇਸ਼ ਕੀਤੇ ਗਏ ਵਿਚਾਰ ਅਸੀਂ ਸੰਖੇਪ ਰੂਪ ਵਿੱਚ ਹੇਠਾਂ ਦੇ ਰਹੇ ਹਾਂ, ਜੋ ਉਸ ਦੀ ਫੇਸਬੁਕ ਵਾਲ ਤੋਂ ਲਏ ਗਏ ਹਨ:
‘‘ਆਮ ਆਦਮੀ ਪਾਰਟੀ ਦੇ ਸਾਂਸਦ ਸੰਜੇ ਸਿੰਘ ਵੀ ਜੇਲ੍ਹ ਯਾਤਰਾ ਲਈ ਨਿਕਲ ਗਏ ਹਨ। ਕੇਂਦਰ ਸਰਕਾਰ ਦੀ ‘ਨਾ ਖਾਊਂਗਾ ਨਾ ਖਾਨੇ ਦੂੰਗਾ’ ਯੋਜਨਾ ਅਧੀਨ ਸੰਜੇ ਸਿੰਘ ਨੂੰ ਈ ਡੀ ਨੇ ਗਿ੍ਰਫ਼ਤਾਰ ਕੀਤਾ ਹੈ। ਈ ਡੀ ਦੀ ਭੈਣ ਸੀ ਬੀ ਆਈ ਪਹਿਲਾਂ ਹੀ ਸੰਜੇ ਸਿੰਘ ਦੇ ਸਾਥੀ ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਨੂੰ ਜੇਲ੍ਹ ਯਾਤਰਾ ਉੱਤੇ ਭੇਜ ਚੁੱਕੀ ਹੈ। ਸਰਕਾਰ ਦੀ ਨਜ਼ਰ ਵਿੱਚ ਇਹ ‘ਮਹਾਂਖਾਊ’ ਹਨ ਤੇ ਪਤਾ ਨਹੀਂ ਕਿੰਨਾ ਖਾ ਚੁੱਕੇ ਹਨ।’’
‘‘ਸੰਜੇ ਸਿੰਘ ਨੇ ਜੇਲ੍ਹ ਜਾਣਾ ਹੀ ਸੀ, ਉਸ ਨੇ ਆਪਣੀ ਜੇਲ੍ਹ ਯਾਤਰਾ ਦਾ ਇੰਤਜ਼ਾਮ ਖੁਦ ਕੀਤਾ ਸੀ। ਸੰਜੇ ਲਗਾਤਾਰ ਸਰਕਾਰ ਲਈ ਸੰਸਦ ਵਿੱਚ ਸਮੱਸਿਆ ਖੜ੍ਹੀ ਕਰ ਰਹੇ ਸਨ। ਸਾਡੇ ਸਹਿਣਸ਼ੀਲ ‘ਸਦਨ ਪ੍ਰਭੂ’ ਨੇ ਸੰਜੇ ਸਿੰਘ ਨੂੰ ਪਹਿਲੇ ਦਿਨ ਹੀ ਸਦਨ ਵਿੱਚੋਂ ਮੁਅੱਤਲ ਕਰ ਦਿੱਤਾ ਸੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਸਿਫ਼ਾਰਸ਼ ਦੇ ਬਾਵਜੂਦ ਸੰਜੇ ਸਿੰਘ ਨੂੰ ਬਹਾਲ ਨਹੀਂ ਕੀਤਾ ਗਿਆ। ਸੰਜੇ ਸਦਨ ਦੇ ਬਾਹਰ ਧੂਣੀ ਰਮਾ ਕੇ ਬੈਠੇ ਰਹੇ। ਸੰਜੇ ਨਾਲ ਸਾਡੀ ਹਮਦਰਦੀ ਇਸ ਲਈ ਹੈ, ਕਿਉਂਕਿ ਉਹ ਬੋਲਣ ਵਾਲੇ ਸਾਂਸਦ ਹਨ। ਜਨਤਾ ਦੀ ਅਵਾਜ਼ ਨੂੰ ਤਾਕਤ ਦੇਣ ਲਈ ਉਹ ਕਾਂਗਰਸੀਆਂ ਤੋਂ ਵੱਧ ਪ੍ਰਭਾਵਸ਼ਾਲੀ ਤੇ ਮੌਲਿਕ ਨਾਅਰੇ ਘੜਦੇ ਹਨ। ਉਨ੍ਹਾ ਦੀ ਅਵਾਜ਼ ਮਨੋਜ ਝਾਅ ਵਾਂਗ ਬੁਲੰਦ ਹੈ ਤੇ ਸੰਸਦ ਦੀਆਂ ਦੀਵਾਰਾਂ ਨਾਲ ਟਕਰਾ ਕੇ ਮੁੜਦੀ ਹੋਈ ਗੂੰਜਦੀ ਹੈ। ਅਵਾਜ਼ ਤੋਂ ਵੱਧ ਟਕਰਾਅ ਕੇ ਮੁੜਦੀ ਗੂੰਜ ਦਾ ਅਸਰ ਵੱਧ ਹੁੰਦਾ ਹੈ। ਅੰਗਰੇਜ਼ੀ ’ਚ ਇਸ ਨੂੰ ‘ਈਕੋ’ ਕਹਿੰਦੇ ਹਨ। ਤੇਜ਼ ਅਵਾਜ਼ ਵਿੱਚ ਬੋਲਣ ਵਾਲਿਆਂ ਕਾਰਨ ਸੰਸਦ ਦਾ ‘ਈਕੋ ਸਿਸਟਮ’ ਖ਼ਰਾਬ ਹੋ ਜਾਂਦਾ ਹੈ। ਇਸ ਲਈ ਸਦਨ ਦੇ ਆਗੂ ਦੀ ਕੋਸ਼ਿਸ਼ ਹੁੰਦੀ ਹੈ ਕਿ ਤੇਜ਼ ਬੋਲਣ ਵਾਲਿਆਂ ਨੂੰ ਕਾਬੂ ਵਿੱਚ ਰੱਖਿਆ ਜਾਵੇ ਤੇ ਜੇ ਨਾ ਮੰਨਣ ਤਾਂ ਮੁਅੱਤਲ ਕਰ ਦਿੱਤਾ ਜਾਵੇ। ਯਾਨੀ ਨਾ ਰਹੇਗਾ ਬਾਂਸ ਨਾ ਬਜੇਗੀ ਬਾਂਸੁਰੀ।’’
‘‘ਸਰਕਾਰ ਸੰਸਕਾਰੀ ਤੇ ਸਨਾਤਨੀ ਹੈ। ਉਸ ਨੂੰ ਪਤਾ ਹੈ ‘ਨਾ ਨੌਂ ਮਣ ਤੇਲ ਹੋਵੇਗਾ, ਨਾ ਰਾਧਾ ਨੱਚੇਗੀ’ ਇਸ ਲਈ ਜਿੱਥੇ-ਜਿੱਥੇ ਜ਼ਿਆਦਾ ਤੇਲ ਨਜ਼ਰ ਆਉਂਦਾ ਹੈ, ਸਰਕਾਰ ਉਸ ਨੂੰ ਘੱਟ ਕਰ ਦਿੰਦੀ ਹੈ। ਇਹ ਫਾਰਮੂਲਾ ਪਰਖਿਆ ਹੋਇਆ ਫਾਰਮੂਲਾ ਹੈ। ਇਸੇ ਕਾਰਨ ਇਸ ਨੂੰ ਕੇਵਲ ਸਾਂਸਦਾਂ ਉਤੇ ਹੀ ਨਹੀਂ, ਬਲਕਿ ਪੱਤਰਕਾਰਾਂ ਉੱਤੇ ਵੀ ਅਜ਼ਮਾਇਆ ਜਾ ਰਿਹਾ ਹੈ।’’
‘‘ਨਿਊਜ਼ਕਲਿੱਕ ਵਾਲਿਆਂ ਉਤੇ ਇਸ ਦੀ ਜ਼ੋਰਦਾਰ ਵਰਤੋਂ ਹੋ ਰਹੀ ਹੈ। ਉਹ ਵੀ ਸੰਜੇ ਸਿੰਘ ਵਾਂਗ ਜ਼ੋਰ-ਜ਼ੋਰ ਦੀ ਸਰਕਾਰ ਵਿਰੁੱਧ ਬੋਲਦੇ ਹਨ। ਅਭਿਸਾਰ ਸ਼ਰਮਾ ਤੇ ਉਰਮਿਲੇਸ਼ ਦੀ ਅਵਾਜ਼ ਵੀ ਸੰਜੇ ਵਾਂਗ ਤਿੱਖੀ ਤੇ ਮੋੜਵੀਂ ਗੂੰਜ ਪੈਦਾ ਕਰਨ ਵਾਲੀ ਹੈ। ਉਨ੍ਹਾਂ ਨੂੰ ਵੀ ਹਿਰਾਸਤ ’ਚ ਲੈ ਕੇ ਸੰਕੇਤ ਦਿੱਤਾ ਗਿਆ ਹੈ ਕਿ ਮੰਨ ਜਾਓ, ਨਹੀਂ ਤਾਂ ਸੰਜੇ ਸਿੰਘ ਵਾਂਗ ਜੇਲ੍ਹ ਯਾਤਰਾ ਉਤੇ ਭੇਜ ਦਿੱਤੇ ਜਾਓਗੇ।’’
‘‘ਨਿਊਜ਼ਕਲਿੱਕ’’ ਵਾਲੇ ਸਰਕਾਰ ਵਿਰੋਧੀ ਹਨ, ਤੁਸੀਂ ਉਨ੍ਹਾਂ ਨੂੰ ਦੇਸ਼-ਵਿਰੋਧੀ ਵੀ ਕਹਿ ਸਕਦੇ ਹੋ। ਉਹ ਚੀਨ ਤੋਂ ਪੈਸੇ ਲੈ ਕੇ ਭਾਰਤ ਸਰਕਾਰ ਵਿਰੁੱਧ ਕੰਮ ਕਰਦੇ ਹਨ, ਜਦੋਂ ਕਿ ਇਹ ਕੰਮ ਸਿਰਫ਼ ਸਰਕਾਰ ਦਾ ਹੈ। ਭਾਰਤ ਸਰਕਾਰ ‘ਪੀ ਐੱਮ ਕੇਅਰ ਫੰਡ’ ਲਈ ਚੀਨ ਤੋਂ ਫੰਡ ਲੈ ਸਕਦੀ ਹੈ, ਪਰ ਨਿਊਜ਼ਕਲਿੱਕ ਵਾਲੇ ਨਹੀਂ। ਨਿਊਜ਼ਕਲਿੱਕ ਵਾਲੇ ਲੈਣਗੇ ਤਾਂ ਉਨ੍ਹਾਂ ਨੂੰ ‘ਕਿੱਕ’ ਕਰ ਦਿੱਤਾ ਜਾਵੇਗਾ। ਸਰਕਾਰ ਚੀਨੀ ਪੈਸੇ ਨਾਲ ਚੱਲਣ ਵਾਲੇ ‘ਪੇਟੀਐਮ’ ਦਾ ਵਿਗਿਆਪਨ ਕਰ ਸਕਦੀ ਹੈ, ਪਰ ਚੀਨੀ ਧਨ ਦੀ ਵਰਤੋਂ ਕਰਨ ਨਹੀਂ ਦੇ ਸਕਦੀ। ਇਹ ਸਰਕਾਰ ਦੀ ਸ਼ਾਨ ਵਿਰੁੱਧ ਹੈ। ਸਰਕਾਰ ਦੀ ਸ਼ਾਨ ਬਚਾਉਣ ਲਈ ਹੀ ਈ ਡੀ ਨੂੰ ਮਿਹਨਤ ਕਰਨੀ ਪੈਂਦੀ ਹੈ।’’
‘‘ਸਾਨੂੰ ਇੱਕ ਸਾਂਸਦ ਮਿੱਤਰ ਨੇ ਦੱਸਿਆ ਕਿ ਈ ਡੀ ਤੇ ਸੀ ਬੀ ਆਈ ਤੋਂ ਬਚਣ ਦਾ ਇੱਕ ਸਾਧਨ ਹੈ। ਆਪ ਜੀ ਭਰ ਕੇ ਖਾਓ, ਖਵਾਓ, ਬਸ ਤੁਹਾਡੇ ਹੱਥਾਂ ਵਿੱਚ ਕਮਲ ਫੁੱਲ ਹੋਣਾ ਚਾਹੀਦਾ ਹੈ। ਕਮਲ ਪੁਸ਼ਪ ਪ੍ਰੇਮੀ ਨੂੰ ਈ ਡੀ ਤੇ ਸੀ ਬੀ ਆਈ ਸੁਫ਼ਨੇ ਵਿੱਚ ਵੀ ਨਹੀਂ ਬੁਲਾ ਸਕਦੀ। ਆਪ ਈ ਡੀ ਤੇ ਸੀ ਬੀ ਆਈ ਦਾ ਰੋਜ਼ਨਾਮਚਾ ਪੜ੍ਹ ਕੇ ਦੇਖ ਲਓ, ਇੱਕ ਵੀ ਕਮਲ ਪੁਸ਼ਪਧਾਰੀ ਨੇਤਾ, ਪੱਤਰਕਾਰ ਦਾ ਨਾਂਅ ਇਸ ਵਿੱਚ ਨਹੀਂ ਹੋਵੇਗਾ। ਕਮਲ ਪੁਸ਼ਪ ਸਰਕਾਰ ਦੀਆਂ ਸਭ ਗਰੰਟੀਆਂ ਵਾਂਗ ਇੱਕ ਗਰੰਟੀ ਹੈ।’’
‘‘ਅਸੀਂ ਇਨ੍ਹਾਂ ਸਭ ਗਿ੍ਰਫ਼ਤਾਰੀਆਂ ਦੇ ਵਿਰੁੱਧ ਹਾਂ। ਕਿਸੇ ਵੀ ਤੰਤਰ ਵਿੱਚ ਅਜਿਹੀਆਂ ਗਿ੍ਰਫ਼ਤਾਰੀਆਂ ਨਹੀਂ ਹੋਣੀਆਂ ਚਾਹੀਦੀਆਂ, ਪ੍ਰੰਤੂ ਸਾਡੀ ਸੁਣਦਾ ਕੌਣ ਹੈ। ਨਗਾਰਖਾਨੇ ਵਿੱਚ ਤੂਤੀਆਂ ਦੀ ਅਵਾਜ਼ ਦਾ ਕੀ ਮੁੱਲ, ਪਰ ਤੂਤੀਆਂ ਵੱਜਦੀਆਂ ਰਹਿੰਦੀਆਂ ਹਨ, ਲਗਾਤਾਰ ਵੱਜਦੀਆਂ। ਇਹ ਐਮਰਜੈਂਸੀ ਵਿੱਚ ਵੀ ਵੱਜਦੀਆਂ ਸਨ ਤੇ ਅੱਜ ਵੀ ਵੱਜ ਰਹੀਆਂ ਹਨ। ਕੱਲ੍ਹ ਵੀ ਵੱਜਣਗੀਆਂ, ਤੂਤੀਆਂ ਆਪਣਾ ਕੰਮ ਬੰਦ ਨਹੀਂ ਕਰਦੀਆਂ। ਇਹ ਹਰ ਨਗਾਰਖਾਨੇ ਵਿੱਚ ਵੱਜਦੀਆਂ ਹਨ। ਉਹ ਚਾਹੇ ਸਾਂਪਨਾਥ ਦਾ ਨਗਾਰਖਾਨਾ ਹੋਵੇ ਜਾਂ ਨਾਗਨਾਥ ਦਾ।’’



