‘ਰੋਹੀ ਦਾ ਲਾਲ-ਹਰਦੇਵ ਅਰਸ਼ੀ’ ਭਰੋਸੇਯੋਗ ਇਤਿਹਾਸਕ ਦਸਤਾਵੇਜ਼ : ਡਾ. ਸਿਰਸਾ

0
318

ਬਠਿੰਡਾ (ਗਿਆਨ ਸੈਦਪੁਰੀ, ਬਖਤੌਰ ਢਿੱਲੋਂ)
ਭਾਰਤੀ ਕਮਿਊਨਿਸਟ ਪਾਰਟੀ ਦੇ ਕੇਂਦਰੀ ਕੰਟਰੋਲ ਕਮਿਸ਼ਨ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਦੀ ਜ਼ਿੰਦਗੀ ਦੀ ਬਾਤ ਪਾਉਂਦੀ ਉੱਘੇ ਲੇਖਕ ਜਸਪਾਲ ਮਾਨਖੇੜਾ ਵੱਲੋਂ ਲਿਖੀ ਪੁਸਤਕ ‘ਰੋਹੀ ਦਾ ਲਾਲ-ਹਰਦੇਵ ਅਰਸ਼ੀ’ ’ਤੇ ਹੋਈ ਵਿਚਾਰ-ਗੋਸ਼ਟੀ ਉਨ੍ਹਾ ਵੱਲੋਂ ਸਿਆਸਤ, ਸਾਹਿਤ ਤੇ ਸੱਭਿਆਚਾਰ ਦੇ ਖੇਤਰ ਵਿੱਚ ਪਾਈਆਂ ਨਿਰੋਈਆਂ ਪੈੜਾਂ ਦੇ ਨੈਣ-ਨਕਸ਼ਾਂ ਨੂੰ ਉਘਾੜਨ-ਨਿਖਾਰਨ ਵਿੱਚ ਪੂਰੀ ਤਰ੍ਹਾਂ ਸਫ਼ਲ ਰਹੀ। ਇਸ ਗੋਸ਼ਟੀ ਵਿੱਚ ਹਿੱਸਾ ਲੈਣ ਵਾਲੇ ਸਾਹਿਤਕਾਰਾਂ, ਸਿਆਸਤਦਾਨਾਂ ਤੇ ਸੱਭਿਆਚਾਰਕ ਕਾਮਿਆਂ ਨੇ ਜਿੱਥੇ ਉੱਚ ਦੁਮਾਲੜੇ ਕਮਿਊਨਿਸਟ ਆਗੂ ਹਰਦੇਵ ਅਰਸ਼ੀ ਦੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਛੋਹ ਕੇ ਉਨ੍ਹਾ ਦੇ ਵਿਅਕਤੀਤਵ ਦੇ ਵਿਕਾਸ ਦੀ ਬਾਤ ਪਾਈ, ਉੱਥੇ ਅਜੋਕੀ ਨਿਵਾਣਾਂ ਛੋਹ ਚੁੱਕੀ ਸਿਆਸਤ ਤੋਂ ਖਹਿੜਾ ਛੁਡਾਉਣ ਲਈ ਸਿਆਸੀ ਆਗੂਆਂ, ਲੇਖਕਾਂ ਤੇ ਬੁੱਧੀਜੀਵੀਆਂ ਦਾ ਇੱਕ ਮੰਚ ਉਸਾਰੇ ਜਾਣ ਦੀ ਜ਼ਰੂਰਤ ਦਾ ਸ਼ਿੱਦਤ ਨਾਲ ਅਹਿਸਾਸ ਵੀ ਕਰਵਾਇਆ।
ਬਠਿੰਡਾ ਦੇ ਟੀਚਰਜ਼ ਹੋਮ ਵਿੱਚ ਹੋਈ ਵਿਚਾਰ-ਗੋਸ਼ਟੀ ਦਾ ਆਗਾਜ਼ ਹਰਦੀਪ ਢਿੱਲੋਂ ਦੇ ਕਟਾਖਸ਼ ਭਰਪੂਰ ਕਾਵਿ ਟੋਟਿਆਂ ਨਾਲ ਹੋਇਆ। ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਅਤੇ ਜਾਣੇ-ਪਛਾਣੇ ਚਿੰਤਕ ਡਾਕਟਰ ਸੁਖਦੇਵ ਸਿਰਸਾ, ਹਰਦੇਵ ਸਿੰਘ ਅਰਸ਼ੀ, ਲੇਖਕ ਜਸਪਾਲ ਮਾਨਖੇੜਾ, ਜਗਰੂਪ ਸਿੰਘ ਗਿੱਲ ਵਿਧਾਇਕ ਬਠਿੰਡਾ, ਬੰਤ ਸਿੰਘ ਬਰਾੜ ਸਕੱਤਰ ਸੀ ਪੀ ਆਈ ਪੰਜਾਬ, ਦਲਜੀਤ ਕੌਰ ਅਰਸ਼ੀ, ਪ੍ਰੋਫੈਸਰ ਸੁਰਜੀਤ ਜੱਜ, ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਨਾਟਕਕਾਰ ਡਾ. ਕੁਲਦੀਪ ਸਿੰਘ ਦੀਪ, ਅਸ਼ੋਕ ਸਦਿਉੜਾ ਐੱਮ ਡੀ ਬਰਿਲਜ਼ ਇੰਸਟੀਚਿਊਟ, ਰਾਜਨ ਗਰਗ ਕਾਂਗਰਸ ਪ੍ਰਧਾਨ ਜ਼ਿਲ੍ਹਾ ਬਠਿੰਡਾ ’ਤੇ ਅਧਾਰਤ ਪ੍ਰਧਾਨਗੀ ਮੰਡਲ ਸਟੇਜ ’ਤੇ ਸਜ ਗਿਆ ਤਾਂ ਰਣਬੀਰ ਰਾਣਾ ਨੇ ਸਭ ਨੂੰ ਜੀ ਆਇਆਂ ਕਹਿਣ ਦੀ ਮੁਢਲੀ ਰਸਮ ਪੂਰੀ ਕੀਤੀ।
ਜਸਪਾਲ ਮਾਨਖੇੜਾ ਨੇ ਸਮਾਗਮ ਦੀ ਰੂਪ-ਰੇਖਾ ਦੱਸਦਿਆਂ ‘ਰੋਹੀ ਦਾ ਲਾਲ-ਹਰਦੇਵ ਅਰਸ਼ੀ’ ਦੀ ਲਿਖਣ ਪ੍ਰਕਿਰਿਆ ਤੋਂ ਵੀ ਜਾਣੂ ਕਰਵਾਇਆ। ਵਿਚਾਰ-ਚਰਚਾ ਦੀ ਨਿਆਰੀ ਦਿੱਖ ਬਾਰੇ ਗੱਲ ਕਰਦਿਆਂ ਉਨ੍ਹਾ ਕਿਹਾ ਕਿ ਉਹ ਜਿੱਥੇ ਸਾਹਿਤਕ ਹੈ, ਉੱਥੇ ਸਿਆਸੀ ਅਤੇ ਸਮਾਜਕ ਸਰੋਕਾਰਾਂ ਬਾਰੇ ਵੀ ਵਿਚਾਰਾਂ ਹੋਣਗੀਆਂ।
ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਬਠਿੰਡਾ ਦੇ ਜਨਰਲ ਸਕੱਤਰ ਦਮਜੀਤ ਦਰਸ਼ਨ ਨੇ ਸਟੇਜ ਸੰਭਾਲਣ ਦੀ ਮੁਢਲੀ ਕਾਰਵਾਈ ਉਪਰੰਤ ਮਾਈਕ ਟੀਚਰਜ਼ ਹੋਮ ਦੇ ਜਨਰਲ ਸਕੱਤਰ ਲਛਮਣ ਮਲੂਕਾ ਦੇ ਹਵਾਲੇ ਕੀਤਾ ਤਾਂ ਉਨ੍ਹਾ ਗੋਸ਼ਟੀ ਨੂੰ ਅੱਗੇ ਤੋਰਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੂੰ ਮੰਚ ’ਤੇ ਵਿਚਾਰ ਰੱਖਣ ਲਈ ਬੁਲਾਇਆ।
ਡਾ. ਸਿਰਸਾ ਨੇ ਲਗਭਗ ਇੱਕ ਘੰਟੇ ਦੀ ਤਕਰੀਰ ਰਾਹੀਂ ਚਰਚਾ ਅਧੀਨ ਕਿਤਾਬ ਅਤੇ ਹਰਦੇਵ ਅਰਸ਼ੀ ਦੇ ਮਨ ਦੀਆਂ ਅੰਦਰਲੀਆਂ ਤੈਹਾਂ ਫਰੋਲਦਿਆਂ ਉਨ੍ਹਾ ਦੀ ਸਮੁੱਚੀ ਸ਼ਖਸੀਅਤ ਦੇ ਦੀਦਾਰ ਕਰਵਾ ਦਿੱਤੇ। ਉਨ੍ਹਾ ਬੰਤ ਸਿੰਘ ਬਰਾੜ ਤੇ ਹੋਰ ਸ਼ਖਸੀਅਤਾਂ ਦੀ ਸਮਾਗਮ ਵਿੱਚ ਹਾਜ਼ਰੀ ਦੀ ਗੱਲ ਕਰਦਿਆਂ ਕਿਹਾ ਕਿ ਇੰਜ ਹੋਣ ਨਾਲ ਵਿਚਾਰ-ਗੋਸ਼ਟੀ ਦੀ ਮਹੱਤਤਾ ਹੋਰ ਵਧ ਗਈ ਹੈ। ਡਾ. ਸਿਰਸਾ ਨੇ ਕਿਹਾ ਕਿ ਅਰਸ਼ੀ ਹੁਰੀਂ ਬੇਸ਼ੱਕ ਕਿਸੇ ਵੱਡੇ ਘਰ ਦੇ ਚਿਰਾਗ ਨਹੀਂ ਸਨ, ਪਰ ਉਨ੍ਹਾ ਅੰਦਰ ਸਮਾਜ ਦੇ ਦਰਦ ਨੂੰ ਸਮਝ ਕੇ ਇਸ ਨੂੰ ਦੂਰ ਕਰਨ ਦੀ ਲਗਨ ਵੱਡੀ ਸੀ। ਉਨ੍ਹਾ ਉੜੀਸਾ ਦੇ ਇੱਕ ਵੱਡੇ ਲੇਖਕ ਦੇ ਹਵਾਲੇ ਨਾਲ ਕਿਹਾ ਕਿ ਅਰਸ਼ੀ ਵਰਗੇ ਲੋਕ ਭਾਵੇਂ ਹੋਣ ਤਾਂ ਘੁੱਗੀਆਂ ਵਰਗੇ ਨਿਰਮਾਣ ਤੇ ਨਰਮ ਦਿਲ, ਪਰ ਅਣਹੋਇਆਂ ਦੀ ਹੋਂਦ ਲਈ ਇਹੀ ਲੋਕ ਲੜਦੇ ਹਨ। ਉਨ੍ਹਾ ਕਿਹਾ ਕਿ ਇਹ ਸੁਦਿ੍ਰੜ੍ਹ ਤੇ ਚੇਤਨ ਤਾਂ ਹਨ ਹੀ ਨਾਲ ਦੀ ਨਾਲ ਸੰਵੇਦਨਸ਼ੀਲ ਵੀ ਹਨ। ਅਰਸ਼ੀ ਹੁਰਾਂ ਦੇ ਲੰਮੇ ਸੰਘਰਸ਼ ਨੂੰ ਬਿਆਨ ਕਰਦਿਆਂ ਡਾ. ਸਿਰਸਾ ਨੇ ਕਿਹਾ ਕਿ ਬਹੁਤ ਵਾਰ ਉਨ੍ਹਾ ਮੌਕੇ ਦੇ ਹਾਕਮਾਂ ਨਾਲ ਟੱਕਰ ਲਈ। ਪਾਰਟੀ ਦੇ ਅੰਦਰ ਵੀ ਉਨ੍ਹਾ ਯੁੱਧ ਲੜ੍ਹਿਆ। ਇਸ ਤੋਂ ਇਲਾਵਾ ਭਾਰਤੀ ਸਮਾਜ ਦੀ ਗੰੁਝਲਦਾਰ ਬਣਤਰ, ਜਿਸ ਵਿੱਚ ਜਾਤ-ਪਾਤ ਵਰਗੀਆਂ ਬਿਮਾਰੀਆਂ ਹਨ, ਨੂੰ ਬਦਲਣ ਲਈ ਵੀ ਉਹ ਨਿਰੰਤਰ ਸੰਘਰਸ਼ਤ ਹਨ। ਅਰਸ਼ੀ ਹੁਰਾਂ ਦੇ ਕੰਮ ਕਰਨ ਦੇ ਢੰਗ-ਤਰੀਕਿਆਂ ਨੂੰ ਦੱਸਣ ਲਈ ਡਾ. ਸਿਰਸਾ ਨੇ ਕਈ ਹੋਰ ਮਹਾਨ ਵਿਅਕਤੀਆਂ ਦੀਆਂ ਮਿਸਾਲਾਂ ਦਿੱਤੀਆਂ।
ਚਰਚਾ ਅਧੀਨ ਕਿਤਾਬ ਦੀ ਭਰੋਸੇਯੋਗਤਾ ਦੀ ਗੱਲ ਕਰਦਿਆਂ ਡਾ. ਸਿਰਸਾ ਨੇ ਕਿਹਾ ਕਿ ਇਹ ਛੇ ਦਹਾਕਿਆਂ ਦੀ ਸਿਆਸਤ, ਸਾਹਿਤਕ ਤੇ ਸੱਭਿਆਚਾਰਕ ਸਥਿਤੀ ਬਿਆਨ ਕਰਦਾ ਇੱਕ ਭਰੋਸੇਯੋਗ ਤੇ ਇਤਹਾਸਕ ਦਸਤਾਵੇਜ਼ ਹੈ। ਇਹ ਪੁਸਤਕ ਨਾਵਲ ਤੇ ਕਹਾਣੀ ਦੇ ਰਸ ਨੂੰ ਵੀ ਪੜ੍ਹਨ ਵਾਲੇ ਦੀ ਮਾਨਸਿਕਤਾ ਦਾ ਹਿੱਸਾ ਬਣਾਉਂਦੀ ਹੈ। ਉਨ੍ਹਾ ਕਿਹਾ ਕਿ ਸਿਆਸਤ ਦੇ ਨਿਵਾਣਾਂ ਛੋਹ ਜਾਣ ਦੇ ਅਜੋਕੇ ਦੌਰ ਵਿੱਚ ਜਸਪਾਲ ਮਾਨਖੇੜਾ ਵੱਲੋਂ ਤੱਥਾਂ ’ਤੇ ਅਧਾਰਤ ਲਿਖੀ ਇਹ ਕਿਤਾਬ ਪੜ੍ਹਨੀ ਬਹੁਤ ਜ਼ਰੂਰੀ ਹੈ।
ਸੂਬਾ ਸਕੱਤਰ ਸੀ ਪੀ ਆਈ ਪੰਜਾਬ ਬੰਤ ਸਿੰਘ ਬਰਾੜ ਨੇ ਕਿਹਾ ਕਿ ‘ਰੋਹੀ ਦਾ ਲਾਲ-ਹਰਦੇਵ ਅਰਸ਼ੀ’ ਇਤਿਹਾਸ ਤੇ ਸਾਹਿਤ ਦਾ ਸੁਮੇਲ ਹੈ। ਉਨ੍ਹਾ ਕਿਹਾ ਕਿ ਅਰਸ਼ੀ ਹੁਰਾਂ ਦੀ ਸ਼ਾਨਾਮੱਤੀ ਜ਼ਿੰਦਗੀ ਦੇ ਵਰਕੇ ਫਰੋਲਦਿਆਂ ਮਾਣ ਮਹਿਸੂਸ ਹੁੰਦਾ ਹੈ। ਬੇਬਾਕ ਤੇ ਨਿਧੜਕ ਆਗੂ ਨੇ ਸੀ ਪੀ ਆਈ ਦੇ ਵਿਰਸੇ ਨੂੰ ਸੰਭਾਲਿਆ ਹੈ। ਕਾਮਰੇਡ ਬਰਾੜ ਨੇ ਅਰਸ਼ੀ ਦੀ ਸ਼ਖਸੀਅਤ ਨੂੰ ਸਮਝਣ ਲਈ ਓਸ਼ੋ, ਭਾਈ ਲਾਲੋ ਤੇ ਜਵਾਹਰ ਲਾਲ ਨਹਿਰੂ ਦੇ ਹਵਾਲੇ ਨਾਲ ਭਾਵਪੂਰਤ ਗੱਲਾਂ ਕੀਤੀਆਂ। ਉਨ੍ਹਾ ਅਰਸ਼ੀ ਦੀ ਸੁਪਤਨੀ ਦਲਜੀਤ ਕੌਰ ਅਰਸ਼ੀ ਦੇ ਸਹਿਯੋਗ ਦੀ ਗੱਲ ਕਰਦਿਆਂ ਕਿਹਾ ਕਿ ਹਰਦੇਵ ‘ਅਰਸ਼ੀ’ ਨਾ ਬਣਦਾ ਜੇਕਰ ਦਲਜੀਤ ਕੌਰ ਉਨ੍ਹਾ ਦੀ ਜ਼ਿੰਦਗੀ ਵਿੱਚ ਨਾ ਹੁੰਦੀ।
ਨਾਟਕਕਾਰ ਡਾਕਟਰ ਕੁਲਦੀਪ ਸਿੰਘ ਦੀਪ ਨੇ ਵਿਚਾਰ-ਗੋਸ਼ਟੀ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ ਕਾਮਰੇਡ ਹਰਦੇਵ ਆਪਣੀ ਮਿੱਟੀ ’ਚ ਪੈਦਾ ਹੋਇਆ ਤੇ ਉਸੇ ’ਚ ਰਿਹਾ ਤਾਂ ਹੀ ਉਹ ‘ਅਰਸ਼ੀ’ ਬਣਿਆ। ਉਨ੍ਹਾ ਕਿਹਾ ਕਿ ‘ਰੋਹੀ ਦਾ ਲਾਲ-ਹਰਦੇਵ ਅਰਸ਼ੀ’ ਪੁਸਤਕ ਇਨਕਲਾਬੀ ਲਹਿਰਾਂ ਦਾ ਇਤਿਹਾਸ ਹੈ।
ਜਗਰੂਪ ਸਿੰਘ ਵਿਧਾਇਕ ਬਠਿੰਡਾ ਨੇ ਕਿਹਾ ਕਿ ਮੈਂ ਅਜੇ ਚਰਚਾ ਅਧੀਨ ਕਿਤਾਬ ਤਾਂ ਨਹੀਂ ਪੜ੍ਹੀ, ਪਰ ਕਾਮਰੇਡ ਅਰਸ਼ੀ ਨੂੰ ਪੜ੍ਹਿਆ ਹੋਇਆ ਹੈ। 1979 ਤੋਂ ਉਨ੍ਹਾ ਨੂੰ ਕੰਮ ਕਰਦਿਆਂ ਵੇਖ ਰਿਹਾ ਹਾਂ। ਦਾਤੇਵਾਸ (ਅਰਸ਼ੀ ਦਾ ਪਿੰਡ) ਦੀ ਮਿੱਟੀ ਹੀ ਖਾਸ ਹੈ, ਜਿਸ ਵਿੱਚ ਪੈਦਾ ਹੋਏ ਅਰਸ਼ੀ ਹੁਣ ਤੱਕ ਸਿਆਸਤ ਤੇ ਸਮਾਜ ਨੂੰ ਸੇਧ ਦੇ ਰਹੇ ਹਨ। ਪ੍ਰੋਫੈਸਰ ਸੁਰਜੀਤ ਜੱਜ ਨੇ ਅਰਸ਼ੀ ਦੀ ਸ਼ਖਸੀਅਤ ਦੀ ਵਿਆਖਿਆ ਵਜੋਂ ਦਾਗ ਦੇਹਲਵੀ ਦਾ ਸ਼ੇਅਰ, ‘ਸਭ ਲੋਗ, ਜਿਧਰ ਵੋਹ ਹੈਂ, ਉਧਰ ਦੇਖ ਰਹੇ ਹੈਂ, ਕੁਛ ਦੇਖਨੇ ਵਾਲੋਂ ਕੀ ਨਜ਼ਰ ਦੇਖ ਰਹੇ ਹੈਂ, ਕੁਛ ਦੇਖ ਰਹੇਂ ਹੈਂ, ਦਿਨੇ-ਬਿਸਮਿਲ ਕਾ ਤੜਪਣਾ, ਕੁਛ ਗੌਰ ਸੇ ਕਾਤਿਲ ਕਾ ਹੁਨਰ ਦੇਖ ਰਹੇ ਹੈਂ।’ ਪੜ੍ਹਨ ਤੋਂ ਇਲਾਵਾ ਹੋਰ ਵੀ ਮੁੱਲਵਾਨ ਗੱਲਾਂ ਕੀਤੀਆਂ।
ਵਿਚਾਰ-ਗੋਸ਼ਟੀ ਵਿੱਚ ਉੱਘੇ ਲੇਖਕ ਰਾਜਪਾਲ ਸਿੰਘ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸੁਖਵਿੰਦਰ ਸਿੰਘ ਔਲਖ ਸਾਬਕਾ ਵਿਧਇਕ, ਰਾਜਨ ਗਰਗ ਕਾਂਗਰਸੀ ਆਗੂ ਅਤੇ ਅਜੈਬ ਟਿਵਾਣਾ ਨੇ ਵੀ ਸੰਬੋਧਨ ਕੀਤਾ। ਵਿਚਾਰ ਗੋਸ਼ਟੀ ਨੂੰ ਸਮੇਟਦਿਆਂ ਹਰਦੇਵ ਅਰਸ਼ੀ ਨੇ ਕਿਹਾ ਕਿ 1963 ਤੋਂ ਲਾਲ ਝੰਡੇ ਦੀ ਲਾਟ ਉੱਚੀ ਕਰਨ ਲਈ ਯਤਨਸ਼ੀਲ ਹਾਂ। ਕਦੇ ਕਦਮ ਲੜਖੜਾਏ ਨਹੀਂ। ਪਾਰਟੀ ਦੇ ਸਿਧਾਂਤ ’ਤੇ ਮੇਰਾ ਅਟੁੱਟ ਵਿਸ਼ਵਾਸ ਹੈ। ਸਿਆਸੀ ਜ਼ਿੰਦਗੀ ਵਿੱਚ ਕਦੇ ਅਹੁਦੇ ਨੂੰ ਪਹਿਲ ਨਹੀਂ, ਸਗੋਂ ਆਦਰਸ਼ ਨੂੰ ਪਹਿਲ ਦਿੱਤੀ ਹੈ। ਵਿਚਾਰ-ਗੋਸ਼ਟੀ ਵਿੱਚ ਇਜ਼ਰਾਈਲ ਵੱਲੋਂ ਫਲਸਤੀਨ ਦੇ ਲੋਕਾਂ ਉੱਤੇ ਕੀਤੇ ਜਾ ਰਹੇ ਤਸ਼ੱਦਦ ਵਿਰੁੱਧ ਮਤਾ ਵੀ ਪਾਸ ਕੀਤਾ ਗਿਆ।

LEAVE A REPLY

Please enter your comment!
Please enter your name here