ਭਾਜਪਾ ਦਾ 2024 ਦੀ ਲੋਕ ਸਭਾ ਚੋਣ ਦਾ ਨਾਅਰਾ ਹੈ ‘ਅਬ ਕੀ ਬਾਰ 400 ਪਾਰ’। ਉਸ ਨੇ 2019 ਵਿਚ 303 ਸੀਟਾਂ ਜਿੱਤੀਆਂ ਸਨ। ਦੋ ਸਾਲਾਂ ਦੌਰਾਨ ਸੂਬਾਈ ਅਸੰਬਲੀਆਂ ਦੀਆਂ ਹੋਈਆਂ ਚੋਣਾਂ ਦੇ ਨਤੀਜੇ ਦੱਸਦੇ ਹਨ ਕਿ ਭਾਜਪਾ ਲਈ ਬਹੁਮਤ ਦਾ 272 ਦਾ ਅੰਕੜਾ ਪਾਰ ਕਰਨਾ ਵੀ ਮੁਸ਼ਕਲ ਹੋਵੇਗਾ। ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਦੀਆਂ ਅਸੰਬਲੀ ਚੋਣਾਂ ਵਿਚ ਭਾਜਪਾ ਦੀ ਜਿੱਤ ਤੋਂ ਬਾਅਦ ਮੋਦੀ ਨੂੰ ਤੀਜੀ ਵਾਰ ਸੱਤਾ ਵਿਚ ਲਿਆ ਰਹੇ ਸੱਜਣਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ 2019 ਵਿਚ ਭਾਜਪਾ ਨੂੰ ਮਿਲੀਆਂ 303 ਸੀਟਾਂ ਵਿੱਚ ਮਹਾਰਾਸ਼ਟਰ, ਬਿਹਾਰ ਤੇ ਕਰਨਾਟਕ ਦੀਆਂ 65 ਸੀਟਾਂ ਸ਼ਾਮਲ ਸਨ। ਭਾਜਪਾ ਨੇ ਉਹ ਚੋਣਾਂ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਅਤੇ ਬਿਹਾਰ ਵਿਚ ਜਨਤਾ ਦਲ (ਯੂ) ਨਾਲ ਮਿਲ ਕੇ ਲੜੀਆਂ ਸਨ। ਹੁਣ ਇਹ ਦੋਨੋਂ ਪਾਰਟੀਆਂ ਐੱਨ ਡੀ ਏ ਦਾ ਹਿੱਸਾ ਨਹੀਂ। ਕਰਨਾਟਕ ਵਿਚ ਕਾਂਗਰਸ ਦੀ ਸਰਕਾਰ ਬਣ ਗਈ ਹੈ। ਮਹੂਆ ਮੋਇਤਰਾ ਨੂੰ ਲੋਕ ਸਭਾ ਵਿੱਚੋਂ ਕੱਢ ਕੇ ਭਾਜਪਾ ਪੱਛਮੀ ਬੰਗਾਲ ਦੀਆਂ 18 ਸੀਟਾਂ ਵਿੱਚੋਂ ਕਿੰਨੀਆਂ ਬਚਾ ਸਕੇਗੀ, ਇਹ ਵੀ ਸੋਚ ਦਾ ਵਿਸ਼ਾ ਹੈ। ਉਸ ਦੀਆਂ ਤਿਲੰਗਾਨਾ ਦੀਆਂ ਚਾਰ, ਹਿਮਾਚਲ ਦੀਆਂ ਚਾਰ ਤੇ ਝਾਰਖੰਡ ਦੀਆਂ 11 ਸੀਟਾਂ ਦਾ ਭਵਿੱਖ ਕੀ ਹੋਵੇਗਾ, ਜਿੱਥੇ ਕਿ ਹੁਣ ਆਪੋਜ਼ੀਸ਼ਨ ਦੀਆਂ ਸਰਕਾਰਾਂ ਹਨ। ਭਾਜਪਾ ਨੇ ਜਿਨ੍ਹਾਂ ਤਿੰਨ ਰਾਜਾਂ (ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ) ਵਿਚ ਜਿੱਤ ਹਾਸਲ ਕੀਤੀ ਹੈ, ਉਥੋਂ ਦੀਆਂ 65 ਲੋਕ ਸਭਾ ਸੀਟਾਂ ਵਿੱਚੋਂ 61 ਉਸ ਕੋਲ ਪਹਿਲਾਂ ਹੀ ਹਨ। ਪੁੱਛਿਆ ਜਾਣਾ ਬਣਦਾ ਹੈ ਕਿ ਭਾਜਪਾ ਜੇ 2024 ਨੂੰ ਲੈ ਕੇ ਚਿੰਤਤ ਨਹੀਂ ਤਾਂ ਉਸ ਨੇ ਏਨੀ ਵੱਡੀ ਗਿਣਤੀ ਵਿਚ ਸਾਂਸਦਾਂ ਨੂੰ ਅਸੰਬਲੀ ਚੋਣਾਂ ਕਿਉ ਲੜਵਾਈਆਂ ਤੇ ਸੰਸਦ ਤੋਂ ਅਸਤੀਫੇ ਕਿਉ ਦਿਵਾਏ ਗਏ? ਅਸੰਬਲੀ ਚੋਣਾਂ ਦੇ ਤਿੰਨ ਦਸੰਬਰ ਨੂੰ ਨਤੀਜੇ ਨਿਕਲ ਆਉਣ ਦੇ ਹਫਤਾ ਬਾਅਦ ਛੱਤੀਸਗੜ੍ਹ ਦੇ ਮੁੱਖ ਮੰਤਰੀ ਦਾ ਐਲਾਨ ਕੀਤਾ ਗਿਆ। ਜੇ ਪਾਰਟੀ ਵਿਚ ਸਭ ਠੀਕ ਚੱਲ ਰਿਹਾ ਹੈ ਤਾਂ ਤਿੰਨੇ ਮੁੱਖ ਮੰਤਰੀ ਝੱਬੇ ਐਲਾਨ ਦਿੱਤੇ ਜਾਂਦੇ। ਅਸਲ ਵਿਚ ਰਾਜਾਂ ਵਿਚ ਸਥਾਪਤ ਆਗੂਆਂ ਨੇ ਹਾਈਕਮਾਨ ਨੂੰ ਚੈਲੰਜ ਕਰਨਾ ਸ਼ੁਰੂ ਕਰ ਦਿੱਤਾ ਹੈ। ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਨਵੇਂ ਮੁੱਖ ਮੰਤਰੀਆਂ ਦਾ ਫੈਸਲਾ ਹੋਣ ਤੋਂ ਪਹਿਲਾਂ ਸ਼ਿਵਰਾਜ ਸਿੰਘ ਚੌਹਾਨ ਤੇ ਵਸੁੰਧਰਾ ਰਾਜੇ, ਜਿਹੜੇ ਅੰਦਾਜ਼ ਵਿਚ ਪੇਸ਼ ਆਏ, ਉਸ ਤੋਂ ਟੋਹ ਲਾਈ ਜਾ ਸਕਦੀ ਹੈ ਕਿ ਮੋਦੀ ਲਈ ਆਉਣ ਵਾਲੇ ਦਿਨ ਕਿਹੋ ਜਿਹੇ ਹੋਣਗੇ। ਜਿਹੜੇ ਅਲੋਚਕ ਅਸੰਬਲੀ ਚੋਣਾਂ ਤੋਂ ਬਾਅਦ ਆਪੋਜ਼ੀਸ਼ਨ ਦੇ ਗੱਠਜੋੜ ‘ਇੰਡੀਆ’ ਵਿਚ ਮਤਭੇਦਾਂ ਦੀਆਂ ਦਰਾੜਾਂ ਲੱਭ ਰਹੇ ਹਨ, ਉਨ੍ਹਾਂ ਨੂੰ ਇਹ ਵੀ ਪਤਾ ਲਾਉਣਾ ਚਾਹੀਦਾ ਹੈ ਕਿ ਕੀ ਮੋਦੀ ਦਾ ਤਲਿੱਸਮ ਹੁਣ ਕਮਜ਼ੋਰ ਪੈਣ ਲੱਗਾ ਹੈ? ਕੀ ਵੋਟਰਾਂ ਨੇ ਉਨ੍ਹਾ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਹੈ? ਇਸ ਦਾ ਸੰਕੇਤ ਰਾਜਸਥਾਨ ਦੇ ਬਾੜਮੇਰ ਦੇ ਬਾਯਤੂ ਹਲਕੇ ਦੇ ਨਤੀਜੇ ਤੋਂ ਮਿਲ ਜਾਂਦਾ ਹੈ। ਬਾਯਤੂ ਵਿਚ ਮੋਦੀ ਨੇ ਵੋਟਰਾਂ ਨੂੰ ਸੱਦਾ ਦਿੱਤਾ ਸੀ ਕਿ ਉਹ ਕਮਲ ਦੇ ਬਟਨ ਨੂੰ ਇੰਜ ਦਬਾਉਣ ਜਿਵੇਂ (ਕਾਂਗਰਸ ਨੂੰ) ਫਾਂਸੀ ਦੇ ਰਹੇ ਹੋਣ। ਉਥੇ ਭਾਜਪਾ ਉਮੀਦਵਾਰ ਤੀਜੇ ਨੰਬਰ ’ਤੇ ਰਿਹਾ। ਕਾਂਗਰਸ ਜੇਤੂ ਰਹੀ। ਅਜਿਹੇ ਹੀ ਨਤੀਜੇ ਰਾਜਸਥਾਨ ਦੇ ਤਾਰਾਨਗਰ, ਪੀਲੀਬੰਗਾ, ਹਨੂੰਮਾਨਗੜ੍ਹ, ਸੂਰਤਗੜ੍ਹ, ਝੁਨਝੁਨੂ ਆਦਿ ਹਲਕਿਆਂ ਦੇ ਆਏ ਹਨ, ਜਿੱਥੇ ਮੋਦੀ ਨੇ ਰੈਲੀਆਂ ਕੀਤੀਆਂ ਸਨ। ਹਨੂੰਮਾਨਗੜ੍ਹ ਵਿਚ ਆਜ਼ਾਦ ਉਮੀਦਵਾਰ ਜਿੱਤਿਆ ਤੇ ਹੋਰਨਾਂ ਹਲਕਿਆਂ ਵਿਚ ਕਾਂਗਰਸੀ ਉਮੀਦਵਾਰ ਜਿੱਤੇ। ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ‘ਇੰਡੀਆ’ ਵਿਚ ਪਈਆਂ ਕਥਿਤ ਦਰਾੜਾਂ ਦਾ ਸੰਬੰਧ ਭਾਜਪਾ ਨਾਲ ਮੁਕਾਬਲੇ ਨੂੰ ਲੈ ਕੇ ਨਹੀਂ ਹੈ, ਸਗੋਂ ਸੀਟਾਂ ਦੀ ਸਨਮਾਨਜਨਕ ਵੰਡ ਨਾਲ ਹੈ। ਇਹ ਜਾਨਣਾ ਵੀ ਦਿਲਚਸਪ ਹੋਵੇਗਾ ਕਿ ਤਿੰਨ ਰਾਜਾਂ ਵਿਚ ਜਿੱਤ ਤੋਂ ਬਾਅਦ ਐੱਨ ਡੀ ਏ ਨਾਲ ਹੋਰ ਕਿੰਨੀਆਂ ਪਾਰਟੀਆਂ ਜੁੜੀਆਂ? ਹੁਣ ਬਹਿਸ ਇਹ ਹੋਵੇਗੀ ਕਿ ਭਾਜਪਾ ਤੇ ਐੱਨ ਡੀ ਏ ਦਾ ਭਵਿੱਖ ਕੀ ਰਹੇਗਾ? ਸ਼ਿਵਰਾਜ ਨੇ ਭੋਪਾਲ ਵਿਚ ਇਹ ਕਹਿ ਕੇ ਸੰਕੇਤ ਦੇ ਦਿੱਤੇ ਹਨ : ‘ਮਰ ਜਾਵਾਂਗਾ, ਪਰ ਕੰਮ ਮੰਗਣ ਦਿੱਲੀ ਨਹੀਂ ਜਾਵਾਂਗਾ।’ ਭਜਨ ਲਾਲ ਸ਼ਰਮਾ ਨੂੰ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਵਸੁੰਧਰਾ ਰਾਜੇ ਕੀ ਕਰੇਗੀ, ਇਹ ਦੇਖਣਾ ਵੀ ਦਿਲਸਚਪੀ ਤੋਂ ਖਾਲੀ ਨਹੀਂ ਹੋਵੇਗਾ।



