ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਜਸਟਿਸ ਸੰਜੈ ਕਿਸ਼ਨ ਕੌਲ ਨੇ ਆਪਣੀ ਫੇਅਰਵੈੱਲ ਸਪੀਚ ’ਚ ਵੱਡੀਆਂ ਗੱਲਾਂ ਕਹੀਆਂ। ਉਨ੍ਹਾ ਸਾਫ਼ ਸ਼ਬਦਾਂ ’ਚ ਕਿਹਾ ਕਿ ਸੁਪਰੀਮ ਕੋਰਟ ਅਤੇ ਉਸ ਦੇ ਜਸਟਿਸ ਸਰਕਾਰ ਲਈ ਫੰਡ ਕੁਲੈਕਟਰ ਨਹੀਂ ਹਨ। ਉਨ੍ਹਾ ਕਿਹਾ ਕਿ ਕਿਸੇ ਮਾਮਲੇ ਨਾਲ ਜੁੜੇ ਖ਼ਤਰਿਆਂ ਦੀ ਤੁਲਨਾ ’ਚ ਕਾਨੂੰਨ ਦੇ ਸਿਧਾਂਤ ਜ਼ਿਆਦਾ ਜ਼ਰੂਰੀ ਹਨ। ਉੱਚ ਅਦਾਲਤ ’ਚ ਜਸਟਿਸ ਦੇ ਰੂਪ ’ਚ 6 ਸਾਲ ਅਤੇ 10 ਮਹੀਨੇ ਤੋਂ ਵੱਧ ਕਾਰਜਕਾਲ ਤੋਂ ਬਾਅਦ 25 ਦਸੰਬਰ ਨੂੰ ਜਸਟਿਸ ਕੌਲ ਰਿਟਾਇਰਡ ਹੋ ਰਹੇ ਹਨ। ਸ਼ੁੱਕਰਵਾਰ ਉਹ ਉਸ ਰਸਮੀ ਬੈਂਚ ਦਾ ਹਿੱਸਾ ਸਨ, ਜੋ ਉਨ੍ਹਾ ਨੂੰ ਵਿਦਾਈ ਦੇਣ ਲਈ ਇਕੱਠਾ ਹੋਇਆ ਸੀ। ਅਸਲ ’ਚ ਅਦਾਲਤ ’ਚ 18 ਦਸੰਬਰ ਤੋਂ 1 ਜਨਵਰੀ 2024 ਤੱਕ ਸਰਦ ਰੁੱਤ ਦੀਆਂ ਛੁੱਟੀਆਂ ਰਹਿਣੀਆਂ ਹਨ, ਇਸ ਦੌਰਾਨ ਕੌਲ ਦਾ ਕੱਲ੍ਹ ਆਖਰੀ ਦਿਨ ਸੀ।
ਜਸਟਿਸ ਕੌਲ ਨੇ ਇਸ ਗੱਲ ’ਤੇ ਜੋਰ ਦਿੱਤਾ ਕਿ ਜੱਜਾਂ ਨੂੰ ਸਾਹਸੀ ਹੋਣਾ ਚਾਹੀਦਾ ਹੈ। ਉਨ੍ਹਾ ਕਿਹਾਮੈਨੂੰ ਨਹੀਂ ਲੱਗਦਾ ਕਿ ਅਸੀਂ ਸਰਕਾਰ ਲਈ ਫੰਡ ਕੁਲੈਕਟਰ ਹਾਂ। ਕਾਨੂੰਨ ਦਾ ਸਿਧਾਂਤ ਜ਼ਰੂਰੀ ਹੈ। ਇਸ ਅਦਾਲਤ ਨੇ ਨਿਆਂ ਦਿੱਤਾ ਹੈ। ਜਿਸ ਤਰ੍ਹਾਂ ਉਮੀਦ ਹੁੰਦੀ ਹੈ, ਪੱਖਪਾਤ ਤੇ ਡਰ ਤੋਂ ਬਿਨਾ। ਕੌਲ ਨੇ ਕਿਹਾ ਕਿ ਜੇਕਰ ਜੱਜ ਦੂਜੇ ਹਿੱਤਧਾਰਕਾਂ ਅਤੇ ਸੰਸਥਾਨਾਂ ਤੋਂ ਉਮੀਦ ਕਰਦਾ ਹੈ ਤਾਂ ਉਸ ਨੂੰ ਵੀ ਨਿਡਰ ਹੋਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਅਦਾਲਤਾਂ ਇਨਸਾਫ਼ ਦਾ ਮੰਦਰ ਹਨ ਅਤੇ ਇਹਨਾਂ ਦੇ ਦੁਆਰ ਹਮੇਸ਼ਾ ਖੁੱਲ੍ਹੇ ਰਹਿਣੇ ਚਾਹੀਦੇ ਹਨ। ਉਨ੍ਹਾ ਕਿਹਾਸੁਪਰੀਮ ਕੋਰਟ ਮੁਕੱਦਮਿਆਂ ਲਈ ਆਖਰੀ ਵਿਕਲਪ ਹੁੰਦਾ ਹੈ। ਆਮ ਲੋਕ ਜਦ ਇਸ ਅਦਾਲਤ ’ਚ ਪਹੁੰਚਦੇ ਹਨ, ਉਦੋਂ ਤੱਕ ਉਹ ਮੁਕੱਦਮਾ ਲੜਦੇ-ਲੜਦੇ ਥੱਕ ਚੁੱਕੇ ਹੁੰਦੇ ਹਨ। ਹਾਲਾਂਕਿ ਵਕੀਲ ਅਤੇ ਜੱਜ ਉਨ੍ਹਾਂ ਲਈ ਮੌਜੂਦ ਹੁੰਦੇ ਹਨ।



