ਸਿੱਖ ਦੁਲਹਨ ਲਈ ਡਰੈੱਸ ਕੋਡ ਤੈਅ

0
286

ਅੰਮਿ੍ਰਤਸਰ : ਗੁਰਦੁਆਰਾ ਸਾਹਿਬ ’ਚ ਆਨੰਦ ਕਾਰਜਾਂ ਦੌਰਾਨ ਸਿੱਖ ਦੁਲਹਨ ਲਈ ਡਰੈੱਸ ਕੋਡ ਤੈਅ ਕਰ ਦਿੱਤਾ ਹੈ। ਸਿੱਖਾਂ ਦੇ ਪੰਜਵੇਂ ਤਖ਼ਤ ਦੇ ਜਥੇਦਾਰਾਂ ਦੀ ਤਖ਼ਤ ਸ੍ਰੀ ਹਜੂਰ ਸਾਹਿਬ ’ਚ ਮੀਟਿੰਗ ਦੌਰਾਨ ਇੱਕ ਪ੍ਰਸਤਾਵ ਪਾਸ ਕੀਤਾ ਗਿਆ। ਨਾਲ ਹੀ ਸਖ਼ਤੀ ਨਾਲ ਅਮਲ ਕਰਨ ਨੂੰ ਵੀ ਕਿਹਾ ਗਿਆ ਹੈ। ਜੇਕਰ ਕੋਈ ਇਸ ਦੀ ਪਾਲਣ ਸਹੀ ਤਰੀਕੇ ਨਾਲ ਨਾ ਕੀਤਾ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਦੇ ਪੰਜ ਪਿਆਰੇ ਸਾਹਿਬਾਨ ਨੇ ਆਨੰਦ ਕਾਰਜਾਂ ਲਈ ਸਿੱਖ ਸੰਗਤ ਲਈ ਗੁਰਮਤਾ ਜਾਰੀ ਕੀਤਾ ਹੈ। ਜਥੇਦਾਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਹੋਈ ਸਿੰਘ ਸਾਹਿਬਾਨਾਂ ਦੀ ਇਕੱਤਰਤਾ ’ਚ ਇਹ ਫੈਸਲਾ ਲਿਆ ਗਿਆ ਹੈ।ਇਕੱਤਰਤਾ ਤੋਂ ਬਾਅਦ ਜਥੇਦਾਰ ਨੇ ਦੱਸਿਆ ਕਿ ਆਨੰਦ ਕਾਰਜ ਦੌਰਾਨ ਬੱਚੀ ਨੂੰ ਸਿਰਫ ਸਲਵਾਰ ਕਮੀਜ਼ ਦਾ ਸਾਦਾ ਪਹਿਰਾਵਾ ਪਹਿਨਾਇਆ ਜਾਵੇ ਤੇ ਲਾਵਾਂ ਫੇਰੇ ਲੈਣ ਲਈ ਲਿਆਂਦੇ ਸਮੇਂ ਗੁਰੂ ਜੀ ਦੀ ਹਾਜ਼ਰੀ ’ਚ ਬੱਚੀ ਦੇ ਉਪਰ ਚੁੰਨੀ ਜਾਂ ਫੁਲਕਾਰੀ ਤਾਣ ਕੇ ਨਾ ਲਿਆਂਦਾ ਜਾਵੇ, ਜੋ ਕਿ ਗੁਰਮਤਿ ਦੇ ਉਲਟ ਹੈ ਅਤੇ ਇਸ ਮਾਡਰਨ ਰਿਵਾਜ ’ਤੇ ਤੁਰੰਤ ਪ੍ਰਭਾਵ ਨਾਲ ਸਿੰਘ ਸਾਹਿਬਾਨਾਂ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ। ਸਿੰਘ ਸਾਹਿਬਾਨਾਂ ਨੇ ਵਿਚਾਰ ਮਗਰੋਂ ਦੱਸਿਆ ਕਿ ਅਕਸਰ ਵੇਖਣ ਨੂੰ ਮਿਲ ਰਿਹਾ ਕਿ ਫੈਸ਼ਨ ਟਰੈਂਡ ਦੇ ਚੱਲਦੇ ਅੱਜਕੱਲ੍ਹ ਲਾੜੀ ਬਹੁਤ ਭਾਰੀ ਲਹਿੰਗਾ-ਚੋਲੀ ਪਾ ਕੇ ਆਉਦੀ ਹੈ, ਜਿਸ ਕਰਕੇ ਕਈ ਵਾਰ ਉਸ ਦਾ ਗੁਰੂ ਸਾਹਿਬ ਦੀ ਹਜ਼ੂਰੀ ’ਚ ਉੱਠਣਾ-ਬੈਠਣਾ ਅਤੇ ਇੱਥੋਂ ਤੱਕ ਕਿ ਮੱਥਾ ਟੇਕਣਾ ਵੀ ਬਹੁਤ ਔਖਾ ਹੋ ਜਾਂਦਾ ਹੈ, ਜਿਸ ਨੂੰ ਮੁੱਖ ਰੱਖਦਿਆਂ ਹੁਣ ਲਾੜੀ ਨੂੰ ਸਿੱਖ ਮਰਯਾਦਾ ਮੁਤਾਬਕ ਲਹਿੰਗਾ-ਚੋਲੀ ਦੀ ਥਾਂ ਕਮੀਜ਼-ਸਲਵਾਰ ਪਾਉਣ ਦੇ ਹੁਕਮ ਦਿੱਤੇ ਗਏ ਹਨ।ਜਥੇਦਾਰ ਨੇ ਕਿਹਾ ਕਿ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਜ਼ਿਆਦਾਤਰ ਵਿਆਹ ਦੇ ਕਾਰਡਾਂ ’ਚ ਲਾੜਾ-ਲਾੜੀ ਦੇ ਨਾਂਅ ਨਾਲ ਸਿੰਘ ਜਾਂ ਕੌਰ ਨਹੀਂ ਲਿਖਿਆ ਹੁੰਦਾ। ਸਿੱਖ ਰਹੁ-ਰੀਤਾਂ ਅਨੁਸਾਰ ਇਹ ਲਾਜ਼ਮੀ ਕਰ ਦਿੱਤਾ ਗਿਆ ਕਿ ਵਿਆਹ ਵਾਲੇ ਕਾਰਡ ’ਤੇ ਲਾੜਾ-ਲਾੜੀ ਦੇ ਨਾਂਅ ਨਾਲ ‘ਸਿੰਘ’ ਤੇ ‘ਕੌਰ’ ਜ਼ਰੂਰ ਲਿਖਿਆ ਜਾਵੇ।
ਉਨ੍ਹਾਂ ਕਿਹਾ ਕਿ ਵਿਆਹ ਦੌਰਾਨ ਬੇਲੋੜੇ ਖਰਚੇ ਤੇ ਬੇਲੋੜੇ ਪ੍ਰਦਰਸ਼ਨ ਨੂੰ ਰੋਕਣ ਲਈ ਇਹ ਸਖ਼ਤ ਫੈਸਲਾ ਲਿਆ ਗਿਆ ਹੈ। ਗੁਰਮਤਾ ਨਾ ਮੰਨਣ ’ਤੇ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here