ਨਵੀਂ ਦਿੱਲੀ : ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਮਵਾਰ ਆਨਲਾਈਨ ਚੰਦਾ ਇਕੱਠਾ ਕਰਨ ਲਈ ‘ਦੇਸ਼ ਲਈ ਦਾਨ’ ਨਾਂਅ ਦੀ ਮੁਹਿੰਮ ਸ਼ੁਰੂ ਕੀਤੀ। ਕਾਂਗਰਸ ਇਸ ਮੁਹਿੰਮ ਰਾਹੀਂ ਲੋਕਾਂ ਨੂੰ 28 ਦਸੰਬਰ ਨੂੰ ਆਪਣੇ 138ਵੇਂ ਸਥਾਪਨਾ ਦਿਵਸ ਤੋਂ ਪਹਿਲਾਂ 138 ਰੁਪਏ, 1,380 ਰੁਪਏ, 13,800 ਰੁਪਏ ਜਾਂ ਇਸ ਤੋਂ 10 ਗੁਣਾ ਰਾਸ਼ੀ ਦਾਨ ਕਰਨ ਦੀ ਅਪੀਲ ਕਰੇਗੀ। ਪਾਰਟੀ ਸੂਤਰਾਂ ਮੁਤਾਬਕ ਪੈਸੇ ਦੀ ਤੰਗੀ ਨਾਲ ਜੂਝ ਰਹੀ ਕਾਂਗਰਸ ਨੂੰ ਭਾਜਪਾ ਦੀ ਚੋਣ ਮਸ਼ੀਨਰੀ ਨਾਲ ਲੜਨ ਲਈ ਫੰਡਾਂ ਦੀ ਸਖਤ ਲੋੜ ਹੈ। ਖੜਗੇ ਨੇ ਕਿਹਾ ਕਿ ਕਾਂਗਰਸ ਪਹਿਲੀ ਵਾਰ ਲੋਕਾਂ ਤੋਂ ਚੰਦਾ ਮੰਗ ਰਹੀ ਹੈ। ਜੇ ਤੁਸੀਂ ਸਿਰਫ ਅਮੀਰਾਂ ਦੇ ਆਸਰੇ ਚੱਲੋਗੇ ਤਾਂ ਉਨ੍ਹਾਂ ਦੀਆਂ ਨੀਤੀਆਂ ਮੁਤਾਬਕ ਚੱਲਣਾ ਪੈਣਾ। ਮਹਾਤਮਾ ਗਾਂਧੀ ਨੇ ਵੀ ਆਜ਼ਾਦੀ ਦੇ ਅੰਦੋਲਨ ਦੌਰਾਨ ਲੋਕਾਂ ਤੋਂ ਚੰਦਾ ਲਿਆ ਸੀ।





