ਨਵੀਂ ਦਿੱਲੀ : ਸ਼ੋ੍ਰਮਣੀ ਅਕਾਲੀ ਦਲ ਦੀ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਸੰਸਦ ਦੇ ਬਾਹਰ ਕਿਹਾਮੇਰੇ ਕੋਲ ਸ਼ਬਦ ਨਹੀਂ ਹਨ। ਇਸ ਨਵੇਂ ਸੰਸਦ ਭਵਨ ਦੀ ਉਸਾਰੀ ਤੋਂ ਪਹਿਲਾਂ ਉਨ੍ਹਾ ਕੀ ਸੋਚਿਆ ਸੀ? ਉਹ ਇਸ ਨੂੰ ਲੋਕਤੰਤਰ ਦਾ ਕਬਰਿਸਤਾਨ ਬਣਾਉਣਾ ਚਾਹੁੰਦੇ ਹਨ। ਤੁਸੀਂ ਪੂਰੀ ਆਪੋਜ਼ੀਸ਼ਨ ਨੂੰ ਬਾਹਰ ਕਰ ਦਿੱਤਾ ਹੈ। ਸੁਰੱਖਿਆ ’ਚ ਸੰਨ੍ਹ ਲਾਉਣ ਵਾਲਿਆਂ ਨੂੰ ਪਾਸ ਜਾਰੀ ਕਰਨ ਵਾਲੇ ਸਾਂਸਦ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਨਵੀਂ ਸੰਸਦ ਲਈ ਇਕ ਨਵਾਂ ਨਿਯਮ ਤੈਅ ਕੀਤਾ ਜਾ ਰਿਹਾ ਹੈ। ਨੀਂਦ ਦੀਆਂ ਗੋਲੀਆਂ ਖਾਓ, ਕਿਉਕਿ ਤੁਹਾਨੂੰ ਆਪਣਾ ਮੂੰਹ ਖੋਲ੍ਹਣ ਤੇ ਸਵਾਲ ਪੁੱਛਣ ਦੀ ਆਗਿਆ ਨਹੀਂ। ਆਪੋਜ਼ੀਸ਼ਨ ਸਾਂਸਦਾਂ ਦਾ ਕੰਮ ਸਵਾਲ ਪੁੱਛਣਾ ਹੁੰਦਾ ਹੈ, ਪਰ ਨਵੇਂ ਇੰਡੀਆ ਵਿਚ ਉਨ੍ਹਾਂ ਨਾਲ ਕੀ ਹੋ ਰਿਹਾ ਹੈ, ਤੁਸੀਂ ਦੇਖ ਰਹੇ ਹੋ। ਕਾਂਗਰਸ ਦੇ ਕਾਰਤੀ ਚਿਦੰਬਰਮ ਨੇ ਕਿਹਾਸੰਸਦ ਛੇਤੀ ਹੀ ਉੱਤਰੀ ਕੋਰੀਆ ਦੀ ਅਸੰਬਲੀ ਵਰਗੀ ਨਜ਼ਰ ਆਏਗੀ। ਸਿਰਫ ਫਰਕ ਇਹ ਹੋਵੇਗਾ ਕਿ ਅਸੀਂ ਪ੍ਰਧਾਨ ਮੰਤਰੀ ਦੀ ਆਮਦ ਵੇਲੇ ਤਾੜੀਆਂ ਨਹੀਂ ਮਾਰ ਰਹੇ ਹੋਵਾਂਗੇ, ਨਾਂਅ ਦੀ ਹੀ ਸੰਸਦ ਰਹਿ ਜਾਣੀ ਹੈ। ਸ਼ਸ਼ੀ ਥਰੂਰ ਨੇ ਕਿਹਾ ਕਿ ਹਾਕਮ ਆਪੋਜ਼ੀਸ਼ਨ-ਮੁਕਤ ਲੋਕ ਸਭਾ ਚਾਹੁੰਦੇ ਹਨ।
ਮਨੀਸ਼ ਤਿਵਾੜੀ ਨੇ ਕਿਹਾ ਕਿ ਅਜਿਹਾ ਦੇਸ਼ ਨੂੰ ਪੁਲਸ ਰਾਜ ਵਿਚ ਬਦਲਣ ਵਾਲਾ ਕਾਨੂੰਨ ਪਾਸ ਕਰਨ ਲਈ ਕੀਤਾ ਜਾ ਰਿਹਾ ਹੈ। ਜੇ ਇਹ ਫਿਰ ਜਿੱਤ ਗਏ ਤਾਂ ਡਾ. ਬੀ ਆਰ ਅੰਬੇਡਕਰ ਦਾ ਸੰਵਿਧਾਨ ਖਤਮ ਸਮਝੋ।




