ਲੋਕ ਸਭਾ ਦੇ 49 ਹੋਰ ਮੈਂਬਰ ਮੁਅੱਤਲ

0
156

ਨਵੀਂ ਦਿੱਲੀ : ਸੰਸਦ ਦੀ ਸੁਰੱਖਿਆ ਵਿਚ ਸੰਨ੍ਹ ਦੇ ਮਾਮਲੇ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੀ ਮੰਗ ਨੂੰ ਲੈ ਕੇ ਸੰਸਦ ਦੇ ਦੋਹਾਂ ਸਦਨਾਂ ਵਿਚ ਹੰਗਾਮਾ ਹੋਇਆ ਅਤੇ ਧੜਾਧੜ ਮੁਅੱਤਲ ਕੀਤੇ ਗਏ ਆਪੋਜ਼ੀਸ਼ਨ ਸਾਂਸਦਾਂ ਨੂੰ ਲੈ ਕੇ ਸੰਸਦ ਦੇ ਬਾਅਦ ਮੁਜ਼ਾਹਰਾ ਹੋਇਆ। ਹੰਗਾਮੇ ਨੂੰ ਲੈ ਕੇ ਲੋਕ ਸਭਾ ਦੇ ਫਾਰੂਕ ਅਬਦੁੱਲਾ, ਸ਼ਸ਼ੀ ਥਰੂਰ ਤੇ ਮਨੀਸ਼ ਤਿਵਾੜੀ ਸਣੇ 49 ਹੋਰ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ।
ਸੋਮਵਾਰ ਤੇ ਮੰਗਲਵਾਰ ਕੁਲ 141 ਸਾਂਸਦ ਮੁਅੱਤਲ ਕੀਤੇ ਗਏ। ਇਨ੍ਹਾਂ ਵਿਚ ਸਭ ਤੋਂ ਵੱਧ 57 ਕਾਂਗਰਸ ਦੇ ਹਨ। ਸੀ ਪੀ ਆਈ ਦੇ ਲੋਕ ਸਭਾ ਵਿੱਚੋਂ ਇਕ ਤੇ ਰਾਜ ਸਭਾ ਵਿੱਚੋਂ ਦੋ ਸਾਂਸਦਾਂ ਨੂੰ ਮੁਅੱਤਲ ਕੀਤਾ ਗਿਆ ਹੈ। 18 ਦਸੰਬਰ ਨੂੰ 78 ਮੈਂਬਰ ਮੁਅੱਤਲ ਕੀਤੇ ਗਏ ਸਨ। ਆਜ਼ਾਦੀ ਦੇ ਬਾਅਦ ਪਹਿਲੀ ਵਾਰ ਏਨੇ ਮੈਂਬਰ ਮੁਅੱਤਲ ਕੀਤੇ ਗਏ ਹਨ। 1989 ਵਿਚ ਰਾਜੀਵ ਸਰਕਾਰ ਵੇਲੇ 63 ਸਾਂਸਦ ਮੁਅੱਤਲ ਕੀਤੇ ਗਏ ਸਨ। ਮੁਅੱਤਲ ਕੀਤੇ ਜਾਣ ਵਾਲਿਆਂ ਵਿਚ ਪੰਜਾਬ ਦੇ 6 ਲੋਕ ਸਭਾ ਮੈਂਬਰ ਜਸਬੀਰ ਡਿੰਪਾ, ਮਨੀਸ਼ ਤਿਵਾੜੀ, ਮੁਹੰਮਦ ਸਦੀਕ, ਰਵਨੀਤ ਬਿੱਟੂ, ਗੁਰਜੀਤ ਸਿੰਘ ਔਜਲਾ ਤੇ ਸੁਸ਼ੀਲ ਰਿੰਕੂ ਵੀ ਹਨ। ਮੁਅੱਤਲ ਸਾਂਸਦਾਂ ਨੇ ਸੰਸਦ ਕੰਪਲੈਕਸ ’ਚ ਮਹਾਤਮਾ ਗਾਂਧੀ ਦੇ ਬੁੱਤ ਸਾਹਮਣੇ ਪ੍ਰਦਰਸ਼ਨ ਕੀਤਾ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਵੀ ਸ਼ਮੂਲੀਅਤ ਕੀਤੀ। ਸਾਂਸਦਾਂ ਨੇ ਤਖਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ’ਤੇ ਜਮਹੂਰੀਅਤ ਗੁਲਾਮ ਬਣਾਈ, ਗ੍ਰਹਿ ਮੰਤਰੀ ਅਸਤੀਫਾ ਦੇਣ ਵਰਗੇ ਨਾਅਰੇ ਲਿਖੇ ਸਨ। ਖੜਗੇ ਨੇ ਕਿਹਾ-ਅਸੀਂ ਸਿਰਫ ਇਹ ਚਾਹੁੰਦੇ ਹਾਂ ਕਿ ਗ੍ਰਹਿ ਮੰਤਰੀ ਸਦਨ ’ਚ ਆਉਣ ਅਤੇ ਸੁਰੱਖਿਆ ’ਚ ਖਾਮੀ ਬਾਰੇ ਬਿਆਨ ਦੇਣ। ਪਤਾ ਨਹੀਂ ਉਹ ਕਿਉਂ ਭੱਜ ਰਹੇ ਹਨ। ਸੰਸਦ ਦਾ ਸੈਸ਼ਨ ਚੱਲ ਰਿਹਾ ਹੈ, ਪਰ ਉਹ ਸਦਨ ਦੇ ਬਾਹਰ ਬਿਆਨ ਦੇ ਰਹੇ ਹਨ। ਅਜਿਹਾ ਕਦੇ ਨਹੀਂ ਹੁੰਦਾ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਇਹ ਅਫਸੋਸਨਾਕ ਹੈ ਕਿ ਦਰਸ਼ਕ ਗੈਲਰੀ ਤੋਂ ਛਾਲ ਮਾਰਨ ਵਾਲੇ ਵਿਅਕਤੀਆਂ ਨੂੰ ਲੋਕ ਸਭਾ ਵਿਚ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਜਪਾ ਸੰਸਦ ਮੈਂਬਰ ਪ੍ਰਤਾਪ ਸਿਮਹਾ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ, ਪਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੀ ਮੰਗ ਕਰ ਰਹੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੀ ਸੰਸਦੀ ਕਮੇਟੀ ਦੀ ਮੀਟਿੰਗ ਦੌਰਾਨ ਕਿਹਾ ਕਿ ਵਿਰੋਧੀ ਗੱਠਜੋੜ ‘ਇੰਡੀਆ’ ਦਾ ਉਦੇਸ਼ ਸਰਕਾਰ ਨੂੰ ਡੇਗਣਾ ਹੈ, ਪਰ ਕੇਂਦਰ ਸਰਕਾਰ ਦਾ ਉਦੇਸ਼ ਦੇਸ਼ ਦੇ ਸੁਨਹਿਰੇ ਭਵਿੱਖ ਦੀ ਸਿਰਜਣਾ ਕਰਨਾ ਹੈ। ਉਨ੍ਹਾ ਕਿਹਾ ਕਿ ਜਿਸ ਤਰ੍ਹਾਂ ਕੁਝ ਪਾਰਟੀਆਂ ਸੰਸਦ ਸੁਰੱਖਿਆ ’ਚ ਸੰਨ੍ਹ ਦਾ ਸਮਰਥਨ ਕਰ ਰਹੀਆਂ ਹਨ, ਉਹ ਸੁਰੱਖਿਆ ’ਚ ਸੰਨ੍ਹ ਜਿੰਨਾ ਹੀ ਖਤਰਨਾਕ ਹੈ। ਲੋਕਤੰਤਰ ’ਚ ਵਿਸ਼ਵਾਸ ਰੱਖਣ ਵਾਲੇ ਹਰ ਵਿਅਕਤੀ ਨੂੰ ਸੰਸਦ ਦੀ ਸੁਰੱਖਿਆ ’ਚ ਸੰਨ੍ਹ ਦੀ ਸਾਂਝੇ ਤੌਰ ’ਤੇ ਨਿੰਦਾ ਕਰਨੀ ਚਾਹੀਦੀ ਹੈ। ਉਨ੍ਹਾ ਕਿਹਾ, ਵਿਧਾਨ ਸਭਾ ਚੋਣਾਂ ਹਾਰਨ ਬਾਅਦ ਵਿਰੋਧੀ ਧਿਰ ਪ੍ਰੇਸ਼ਾਨ ਹੈ ਤੇ ਨਿਰਾਸ਼ਾ ਦੇ ਆਲਮ ’ਚ ਸੰਸਦ ਦੀ ਕਾਰਵਾਈ ਦੌਰਾਨ ਅੜਿੱਕੇ ਪਾ ਰਹੀ ਹੈ।

LEAVE A REPLY

Please enter your comment!
Please enter your name here