ਬੈਤੂਲ : ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ’ਚ ਵਿਅਕਤੀ ਨੇ ਨਸ਼ੇ ਦੀ ਹਾਲਤ ’ਚ ਆਪਣੇ ਨਵਜੰਮੇ ਪੁੱਤਰ ਦੀ ਹੱਤਿਆ ਕਰ ਦਿੱਤੀ ਕਿਉਂਕਿ ਉਹ ਬੇਟੀ ਪੈਦਾ ਨਾ ਹੋਣ ਤੋਂ ਨਿਰਾਸ਼ ਸੀ। ਪੁਲਸ ਮੁਤਾਬਕ ਮੁਲਜ਼ਮ ਨੂੰ ਧੀ ਹੋਣ ਦੀ ਉਮੀਦ ਸੀ, ਕਿਉਂਕਿ ਉਸ ਦੇ ਪਹਿਲਾਂ ਹੀ ਦੋ ਪੁੱਤਰ ਹਨ। ਕੋਤਵਾਲੀ ਥਾਣਾ ਇੰਚਾਰਜ ਅਸੀਸ ਸਿੰਘ ਪਵਾਰ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਅਨਿਲ ਨਸ਼ੇ ’ਚ ਸੀ। ਉਸ ਨੇ ਆਪਣੀ ਪਤਨੀ ਦੀ ਕੁੱਟਮਾਰ ਕੀਤੀ ਅਤੇ 12 ਦਿਨਾਂ ਦੇ ਬੇਟੇ ਨੂੰ ਖੋਹ ਲਿਆ। ਔਰਤ ਮੌਕੇ ਤੋਂ ਭੱਜ ਗਈ, ਕਿਉਂਕਿ ਉਹ ਹੋਰ ਕੁੱਟੇ ਜਾਣ ਤੋਂ ਡਰੀ ਹੋਈ ਸੀ। ਉਹ ਬਾਅਦ ’ਚ ਘਰ ਵਾਪਸ ਆਈ ਤਾਂ ਉਸ ਨੇ ਆਪਣੀ ਝੌਂਪੜੀ ਵਿੱਚ ਬੱਚਾ ਮਰਿਆ ਦੇਖਿਆ। ਬੱਚੇ ਦੀ ਗਰਦਨ ’ਤੇ ਗਲਾ ਘੁੱਟਣ ਦੇ ਨਿਸ਼ਾਨ ਸਨ। ਭਾਰਤੀ ਦੰਡ ਸੰਹਿਤਾ ਦੀਆਂ ਸੰਬੰਧਤ ਧਾਰਾਵਾਂ ਤਹਿਤ ਮੁਲਜ਼ਮ ਵਿਰੁੱਧ ਐੱਫ ਆਈ ਆਰ ਦਰਜ ਕੀਤੀ ਗਈ ਅਤੇ ਉਸ ਨੂੰ ਗਿ੍ਰਫਤਾਰ ਕਰ ਲਿਆ ਗਿਆ। ਮੁਲਜ਼ਮ ਨੇ ਦੱਸਿਆ ਕਿ ਉਸ ਦੇ ਪਹਿਲਾਂ ਹੀ ਦੋ ਬੇਟੇ ਹਨ ਅਤੇ ਤੀਜੇ ਬੇਟੇ ਦੇ ਜਨਮ ’ਤੇ ਉਹ ਖੁਸ਼ ਨਹੀਂ ਸੀ ਤੇ ਉਹ ਧੀ ਚਾਹੁੰਦਾ ਸੀ।


