ਲੋਕ ਸਭਾ ਚੋਣਾਂ ਜਿਓਂ-ਜਿਓਂ ਨੇੜੇ ਆ ਰਹੀਆਂ ਹਨ, ਤਾਨਾਸ਼ਾਹੀ ਨੇ ਤੇਜ਼ੀ ਨਾਲ ਆਪਣੇ ਕੁਹਾੜੇ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਮੋਦੀ ਦੀ ਈ ਡੀ ਚੋਣਾਂ ਨੂੰ ਵਿਰੋਧ ਮੁਕਤ ਕਰਨ ਲਈ ਪੂਰੀ ਸਰਗਰਮੀ ਨਾਲ ਜੁਟ ਗਈ ਹੈ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਆਉਂਦੇ ਦਿਨੀਂ ਹੋਰ ਆਗੂ ਵੀ ਇਸ ਕਤਾਰ ਵਿੱਚ ਸ਼ਾਮਲ ਹੋ ਜਾਣਗੇ, ਜਿਨ੍ਹਾਂ ਦੀ ਲਿਸਟ ਬਣ ਚੁੱਕੀ ਹੈ। ਇਹ ਲਿਸਟ ਕਾਫ਼ੀ ਲੰਮੀ ਹੈ।
ਅਗਲਾ ਨੰਬਰ ਸ਼ਾਇਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਹੋਵੇਗਾ। ਉਨ੍ਹਾ ਨੂੰ ਹੁਣ ਤੱਕ ਪੰਜ ਨੋਟਿਸ ਭੇਜੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਰਾਜ ਸਭਾ ਸਾਂਸਦ ਸੰਜੇ ਸਿੰਘ ਦੀ ਗਿ੍ਰਫ਼ਤਾਰੀ ਹੋ ਚੁੱਕੀ ਹੈ। ਬਿਹਾਰ ਵਿੱਚ ਤਖਤਾ ਪਲਟ ਤੋਂ ਬਾਅਦ ਈ ਡੀ ਨੇ ਲਾਲੂ ਪ੍ਰਸਾਦ ਯਾਦਵ ਦੇ ਪਰਵਾਰ ਦੁਆਲੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਬੀਤੇ ਸੋਮਵਾਰ ਈ ਡੀ ਨੇ ਲਾਲੂ ਪ੍ਰਸਾਦ ਯਾਦਵ ਤੋਂ ਸਾਰਾ ਦਿਨ ਪੁੱਛਗਿੱਛ ਕੀਤੀ । ਅਗਲੇ ਦਿਨ ਉਸ ਦੇ ਬੇਟੇ ਤੇਜਸਵੀ ਯਾਦਵ ਤੋਂ ਕਈ ਘੰਟੇ ਪੁੱਛਗਿੱਛ ਕੀਤੀ ਗਈ। ਲਾਲੂ ਉਤੇ ਦੋਸ਼ ਹੈ ਕਿ ਉਸ ਨੇ ਰੇਲ ਮੰਤਰੀ ਹੁੰਦਿਆਂ ਜ਼ਮੀਨ ਬਦਲੇ ਨੌਕਰੀਆਂ ਵੰਡੀਆਂ ਸਨ। ਈ ਡੀ ਦੇ ਦੋਸ਼ ਪੱਤਰ ਵਿੱਚ ਉਕਤ ਦੋਵਾਂ ਤੋਂ ਇਲਾਵਾ ਲਾਲੂ ਦੀ ਪਤਨੀ ਤੇ ਬੇਟੀ ਦਾ ਨਾਂਅ ਵੀ ਸ਼ਾਮਲ ਹੈ।
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਭੁਪਿੰਦਰ ਹੁੱਡਾ ਤੋਂ ਵੀ ਮਨੀ ਲਾਂਡਰਿੰਗ ਮਾਮਲੇ ਵਿੱਚ ਈ ਡੀ ਨੇ ਸੋਮਵਾਰ ਨੂੰ 7 ਘੰਟੇ ਪੁੱਛਗਿੱਛ ਕੀਤੀ। ਬੀਤੇ 12 ਦਿਨਾਂ ਦੌਰਾਨ ਇਹ ਦੂਜੀ ਵਾਰ ਸੀ, ਜਦੋਂ ਈ ਡੀ ਨੇ ਹੁੱਡਾ ਨੂੰ ਸੱਦਿਆ ਸੀ। ਕਰਨਾਟਕ ਦੇ ਉਪ ਮੁੱਖ ਮੰਤਰੀ ਡੀ ਕੇ ਸ਼ਿਵ ਕੁਮਾਰ ਨੂੰ ਵੀ ਈ ਡੀ ਨੇ 12 ਜਨਵਰੀ ਨੂੰ ਸੱਦ ਕੇ ਪੁੱਛਗਿੱਛ ਕੀਤੀ ਸੀ। ਇਸ ਤੋਂ ਪਹਿਲਾਂ ਦੋ ਜਨਵਰੀ ਤੇ ਪਿਛਲੇ ਸਾਲ 23 ਦਸੰਬਰ ਨੂੰ ਵੀ ਉਨ੍ਹਾ ਤੋਂ ਪੁੱਛਗਿੱਛ ਕੀਤੀ ਗਈ ਸੀ।
ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਉਨ੍ਹਾ ਦੇ ਬੇਟੇ ਵੈਭਵ ਗਹਿਲੋਤ ਈ ਡੀ ਦੇ ਰਾਡਾਰ ’ਤੇ ਹਨ। ਪਿਛਲੇ ਨਵੰਬਰ ਵਿੱਚ ਈ ਡੀ ਨੇ ਵੈਭਵ ਗਹਿਲੋਤ ਤੋਂ ਪੁੱਛਗਿੱਛ ਕੀਤੀ ਸੀ। ਵੈਭਵ ਨੇ ਮੀਡੀਆ ਨੂੰ ਦੱਸਿਆ ਸੀ ਕਿ ਉਸ ਨੂੰ ਫੇਮਾ ਤਹਿਤ ਸੰਮਨ ਕੀਤਾ ਗਿਆ ਸੀ, ਜਿਸ ਨਾਲ ਉਨ੍ਹਾ ਦਾ ਕੋਈ ਵਾਸਤਾ ਨਹੀਂ ਹੈ। ਇਸ ਕੇਸ ਵਿੱਚ ਈ ਡੀ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਗੋਬਿੰਦ ਸਿੰਘ ਤੇ ਕਾਂਗਰਸੀ ਆਗੂ ਓਮ ਪਕਾਸ਼ ਹੁਡਲਾ ਦੇ ਟਿਕਾਣਿਆਂ ਉੱਤੇ ਵੀ ਛਾਪੇਮਾਰੀ ਕੀਤੀ ਸੀ।
ਈ ਡੀ ਨੇ ਸ਼ਿਵ ਸੈਨਾ ਠਾਕਰੇ ਦੇ ਆਗੂ ਸੰਜੇ ਰਾਊਤ ਦੇ ਛੋਟੇ ਭਰਾ ਸੰਦੀਪ ਰਾਊਤ ਨੂੰ ਪਿਛਲੇ ਮੰਗਲਵਾਰ ਸੱਦ ਕੇ ਪੁੱਛਗਿੱਛ ਕੀਤੀ। ਇਸ ਕੇਸ ਵਿੱਚ ਸੰਜੇ ਰਾਊਤ ਵੀ ਈ ਡੀ ਦੇ ਨਿਸ਼ਾਨੇ ਉੱਤੇ ਹਨ। ਉਨ੍ਹਾ ਨੂੰ 1 ਅਗਸਤ 2022 ਨੂੰ ਗਿ੍ਰਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ, ਪਰ ਉਨ੍ਹਾ ਦੀ ਤਿੰਨ ਮਹੀਨੇ ਬਾਅਦ ਜ਼ਮਾਨਤ ਹੋ ਗਈ ਸੀ। ਈ ਡੀ ਦੀ ਹਾਲੀਆ ਸਰਗਰਮੀ ਤੋਂ ਲਗਦਾ ਹੈ ਕਿ ਉਨ੍ਹਾ ਵਿਰੁੱਧ ਨਵੇਂ ਕੇਸ ਦੀ ਤਿਆਰੀ ਹੋ ਰਹੀ ਹੈ। ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਦੇ ਪਰਵਾਰ ’ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਉਨ੍ਹਾ ਦੇ ਪੋਤੇ ਰੋਹਿਤ ਪਵਾਰ ਵਿਧਾਇਕ ਨੂੰ ਈ ਡੀ ਨੇ 24 ਜਨਵਰੀ ਨੂੰ ਤਲਬ ਕੀਤਾ ਸੀ। ਬੀਤੇ ਮਹੀਨੇ ਰੋਹਿਤ ਪਵਾਰ ਦੀ ਕੰਪਨੀ ਬਾਰਾਮਤੀ ਐਗਰੋ ਦੇ 6 ਟਿਕਾਣਿਆਂ ਉੱਤੇ ਈ ਡੀ ਨੇ ਛਾਪੇਮਾਰੀ ਕੀਤੀ ਸੀ।
ਤਿ੍ਰਣਮੂਲ ਕਾਂਗਰਸ ਦੇ ਸਾਂਸਦ ਅਭਿਸ਼ੇਕ ਬੈਨਰਜੀ ਵੀ ਅਖੌਤੀ ਸਕੂਲ ਰੁਜ਼ਗਾਰ ਘੁਟਾਲੇ ਦੇ ਸੰਬੰਧ ਵਿੱਚ ਈ ਡੀ ਸਾਹਮਣੇ ਪੇਸ਼ ਹੋ ਚੁੱਕੇ ਹਨ। ਇਸ ਤੋਂ ਇਲਾਵਾ ਈ ਡੀ ਵੱਲੋਂ ਦਰਜ ਕੇਸ ਵਿੱਚ ਕਾਂਗਰਸ ਆਗੂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਜ਼ਮਾਨਤ ’ਤੇ ਹਨ। ਇਹ ਸਪੱਸ਼ਟ ਹੈ ਕਿ ਮੋਦੀ ਦੀਆਂ ਏਜੰਸੀਆਂ ਦੀਆਂ ਅਜਿਹੀਆਂ ਕਾਰਵਾਈਆਂ ਵਿਰੋਧੀ ਦਲਾਂ ਨੂੰ ਬਦਨਾਮ ਕਰਨ ਤੇ ਦਬਾਅ ਪਾ ਕੇ ਤੋੜਨ ਲਈ ਹੋ ਰਹੀਆਂ ਹਨ। ਇੱਕ ਸਮਾਂ ਸੀ, ਜਦੋਂ ਭਾਜਪਾ ਨੇ ਕਾਂਗਰਸੀ ਆਗੂ ਹਿਮੰਤ ਬਿਸਵਾ ਸਰਮਾ ਨੂੰ ਭਿ੍ਰਸ਼ਟ ਕਹਿ ਕੇ ਉਸ ਵਿਰੁੱਧ ਸਫੈਦ ਪੱਤਰ ਜਾਰੀ ਕੀਤਾ ਸੀ, ਪਰ ਜਦੋਂ ਉਹ ਭਾਜਪਾ ਵਿੱਚ ਸ਼ਾਮਲ ਹੋ ਗਿਆ ਤਾਂ ਦੁੱਧ-ਧੋਤਾ ਬਣ ਗਿਆ। ਅੱਜ ਉਹ ਅਸਾਮ ਦਾ ਮੁੱਖ ਮੰਤਰੀ ਹੈ। ਇਸੇ ਤਰ੍ਹਾਂ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਉੱਤੇ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਿ੍ਰਸ਼ਟਾਚਾਰ ਦੇ ਦੋਸ਼ ਲਈ ਸਨ। ਇੱਕ ਹਫ਼ਤੇ ਬਾਅਦ ਜਦੋਂ ਉਹ ਐਨ ਸੀ ਪੀ ਨੂੰ ਤੋੜ ਕੇ ਭਾਜਪਾ ਦੀ ਛਤਰੀ ਹੇਠ ਆ ਗਿਆ ਤਾਂ ਉਸ ਨੂੰ ਮਹਾਰਾਸ਼ਟਰ ਦਾ ਉਪ ਮੁੱਖ ਮੰਤਰੀ ਬਣਾ ਦਿੱਤਾ ਗਿਆ। ਬੰਗਾਲ ਦੇ ਕਈ ਆਗੂ ਹਨ, ਜਿਹੜੇ ਸ਼ਾਰਦਾ ਚਿੱਟ ਫੰਡ ਘੁਟਾਲੇ ਵਿੱਚ ਸ਼ਾਮਲ ਸਨ, ਪਰ ਹੁਣ ਉਹ ਭਾਜਪਾ ਵਿੱਚ ਹਨ, ਇਸ ਲਈ ਕੋਈ ਕਾਰਵਾਈ ਨਹੀਂ ਹੋ ਰਹੀ। ਅਸਲ ਵਿੱਚ ਇਸ ਸਮੇਂ ਭਾਜਪਾ ‘ਇੰਡੀਆ’ ਗਠਜੋੜ ਤੋਂ ਏਨਾ ਡਰ ਚੁੱਕੀ ਹੈ ਕਿ ਉਹ ਧੱਕੇਸ਼ਾਹੀ ਉੱਤੇ ਉੱਤਰ ਆਈ ਹੈ। ਚੰਡੀਗੜ੍ਹ ਦੇ ਮੇਅਰ ਦੀ ਚੋਣ ਵਿੱਚ ਜਿਸ ਤਰ੍ਹਾਂ ਲੋਕਤੰਤਰ ਦੀ ਹੱਤਿਆ ਕੀਤੀ ਗਈ, ਇਹ ਸਾਰੇ ਦੇਸ਼ ਨੇ ਦੇਖੀ ਹੈ। ਭਾਜਪਾ ਨੂੰ ਲਗਦਾ ਹੈ ਕਿ ਰਾਮ ਮੰਦਰ ਦਾ ਜਾਦੂ ਚੱਲ ਨਹੀਂ ਸਕਿਆ ਤੇ ਹਰ ਵਰਗ, ਕਿਸਾਨ, ਮਜ਼ਦੂਰ, ਨੌਜਵਾਨ ਤੇ ਔਰਤਾਂ ਉਸ ਵਿਰੁੱਧ ਸੰਘਰਸ਼ ਦੇ ਮੈਦਾਨ ਮੱਲ ਰਹੇ ਹਨ। ਈ ਡੀ ਦੀ ਦੁਰਵਰਤੋਂ ਉਸ ਅੰਦਰ ਘਰ ਕਰ ਚੁੱਕਾ ਹਾਰ ਦਾ ਡਰ ਹੈ।
-ਚੰਦ ਫਤਿਹਪੁਰੀ