ਠਾਣੇ : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ’ਚ ਜ਼ਮੀਨੀ ਵਿਵਾਦ ਕਾਰਨ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਆਗੂ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦੇ ਦੋਸ਼ ’ਚ ਭਾਜਪਾ ਵਿਧਾਇਕ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਭਾਜਪਾ ਦੇ ਕਲਿਆਣ ਤੋਂ ਵਿਧਾਇਕ ਗਣਪਤ ਗਾਇਕਵਾੜ ਨੇ ਸ਼ੁੱਕਰਵਾਰ ਰਾਤ ਉਲਹਾਸ ਨਗਰ ਇਲਾਕੇ ਦੇ ਹਿੱਲ ਲਾਈਨ ਥਾਣੇ ਦੇ ਸੀਨੀਅਰ ਇੰਸਪੈਕਟਰ ਦੇ ਕਮਰੇ ਦੇ ਅੰਦਰ ਸ਼ਿਵ ਸੈਨਾ ਦੇ ਕਲਿਆਣ ਵਿੰਗ ਦੇ ਮੁਖੀ ਮਹੇਸ਼ ਗਾਇਕਵਾੜ ’ਤੇ ਗੋਲੀਆਂ ਚਲਾ ਦਿੱਤੀਆਂ ਸਨ। ਭਾਜਪਾ ਤੇ ਸ਼ਿਵ ਸੈਨਾ (ਸ਼ਿੰਦੇ) ਸਰਕਾਰ ਵਿਚ ਭਾਈਵਾਲ ਹਨ। ਗਿ੍ਰਫਤਾਰੀ ਤੋਂ ਪਹਿਲਾਂ ਗਣਪਤ ਗਾਇਕਵਾੜ ਨੇ ਸਮਾਚਾਰ ਚੈਨਲ ਨੂੰ ਦੱਸਿਆਹਾਂ, ਮੈਂ 5 ਗੋਲੀਆਂ ਚਲਾਈਆਂ। ਮੈਨੂੰ ਕੋਈ ਅਫਸੋਸ ਨਹੀਂ। ਮੇਰੇ ਬੇਟੇ ਨੂੰ ਥਾਣੇ ਵਿਚ ਕੁੱਟਿਆ ਜਾ ਰਿਹਾ ਸੀ। ਮੈਂ ਕੀ ਕਰਦਾ।
ਉਸ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਮਹਾਰਾਸਟਰ ’ਚ ਅਪਰਾਧੀਆਂ ਦਾ ਸਾਮਰਾਜ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜੇ ਏਕਨਾਥ ਸ਼ਿੰਦੇ ਮੁੱਖ ਮੰਤਰੀ ਰਹਿਣਗੇ ਤਾਂ ਮਹਾਰਾਸ਼ਟਰ ਵਿਚ ਅਪਰਾਧੀ ਹੀ ਪੈਦਾ ਹੋਣਗੇ। ਉਨ੍ਹਾ ਮੇਰੇ ਵਰਗੇ ਚੰਗੇ ਬੰਦੇ ਨੂੰ ਅਪਰਾਧੀ ਬਣਾ ਦਿੱਤਾ ਹੈ। ਮੁੱਖ ਮੰਤਰੀ ਦਾ ਬੇਟਾ ਤੇ ਕਲਿਆਣ ਤੋਂ ਲੋਕ ਸਭਾ ਮੈਂਬਰ ਸ਼੍ਰੀਕਾਂਤ ਸ਼ਿੰਦੇ ਹਲਕੇ ਵਿਚ ਬੋਰਡ ਲਾ ਕੇ ਮੇਰੇ ਕੰਮਾਂ ਦਾ ਸਿਹਰਾ ਖੁਦ ਲੈ ਰਿਹਾ ਹੈ। ਮੈਂ ਆਪਣੇ ਸੀਨੀਅਰ ਆਗੂਆਂ ਨੂੰ ਕਈ ਵਾਰ ਦੱਸ ਚੁੱਕਾ ਹਾਂ ਕਿ ਸ਼ਿੰਦੇ ਦੇ ਬੰਦੇ ਮੇਰੇ ਸਾਥੀਆਂ ਵਿਰੁੱਧ ਹਿੰਸਾ ਕਰ ਰਹੇ ਹਨ।
ਗਣਪਤ ਗਾਇਕਵਾੜ ਨੇ ਕਿਹਾਮੈਂ 10 ਸਾਲ ਪਹਿਲਾਂ ਪਲਾਟ ਖਰੀਦਿਆ ਸੀ। ਕੁਝ ਕਾਨੂੰਨੀ ਮੁੱਦੇ ਸਨ, ਪਰ ਅਸੀਂ ਕੋਰਟ ਵਿਚ ਕੇਸ ਜਿੱਤ ਗਏ ਸੀ, ਪਰ ਮਹੇਸ਼ ਗਾਇਕਵਾੜ ਨੇ ਧੱਕੇ ਨਾਲ ਪਲਾਟ ’ਤੇ ਕਬਜ਼ਾ ਕਰ ਲਿਆ।
ਗਣਪਤ ਨੇ ਇਹ ਵੀ ਕਿਹਾਸ਼ਿੰਦੇ ਸਾਹਿਬ ਨੇ ਊਧਵ ਠਾਕਰੇ ਸਾਹਿਬ ਨੂੰ ਧੋਖਾ ਦਿੱਤਾ ਤੇ ਉਹ ਭਾਜਪਾ ਨੂੰ ਵੀ ਧੋਖਾ ਦੇਣਗੇ। ਉਨ੍ਹਾਂ ਤੋਂ ਮੈਂ ਕਰੋੜਾਂ ਰੁਪਏ ਲੈਣੇ ਹਨ। ਜੇ ਮਹਾਰਾਸ਼ਟਰ ਨੂੰ ਚੰਗੀ ਤਰ੍ਹਾਂ ਸੰਭਾਲਣਾ ਹੈ ਤਾਂ ਸ਼ਿੰਦੇ ਦਾ ਅਸਤੀਫਾ ਕਰਾਉਣਾ ਚਾਹੀਦਾ ਹੈ। ਮੇਰੀ ਇਹ ਦਵਿੰਦਰ ਫੜਨਵੀਸ ਤੇ ਪ੍ਰਧਾਨ ਮੰਤਰੀ ਨਰਿੰਦਰ ਨੂੰ ਬੇਨਤੀ ਹੈ। ਨਿੱਜੀ ਹਸਪਤਾਲ ਵਿਚ ਮਹੇਸ਼ ਦੀ ਸਰਜਰੀ ਕੀਤੀ ਗਈ ਤੇ ਨਾਜ਼ੁਕ ਹਾਲਤ ਕਾਰਨ ਉਸ ਨੂੰ ਵੈਂਟੀਲੇਟਰ ’ਤੇ ਰੱਖਿਆ ਜਾ ਰਿਹਾ ਸੀ। ਐਡੀਸ਼ਨਲ ਪੁਲਸ ਕਮਿਸ਼ਨਰ ਦੱਤਾਤ੍ਰਯਾ ਸ਼ਿੰਦੇ ਨੇ ਦੱਸਿਆ ਕਿ ਗਣਪਤ ਗਾਇਕਵਾੜ ਦਾ ਬੇਟਾ ਜ਼ਮੀਨੀ ਝਗੜੇ ਵਿਚ ਸ਼ਿਕਾਇਤ ਦਰਜ ਕਰਾਉਣ ਆਇਆ ਸੀ। ਮਹੇਸ਼ ਗਾਇਕਵਾੜ ਵੀ ਆਪਣੇ ਬੰਦਿਆਂ ਨਾਲ ਪਹੁੰਚ ਗਿਆ। ਫਿਰ ਗਣਪਤ ਗਾਇਕਵਾੜ ਵੀ ਆ ਗਿਆ। ਗਣਪਤ ਗਾਇਕਵਾੜ ਦੀ ਫਾਇਰਿੰਗ ਨਾਲ ਮਹੇਸ਼ ਤੇ ਉਸ ਦਾ ਸਾਥੀ ਜ਼ਖਮੀ ਹੋ ਗਏ। ਗਣਪਤ ਗਾਇਕਵਾੜ ਤੋਂ ਇਲਾਵਾ ਦੋ ਹੋਰ ਬੰਦੇ ਵੀ ਕਤਲ ਦੀ ਕੋਸ਼ਿਸ਼ ਤੇ ਮੁਜਰਮਾਨਾ ਸਾਜ਼ਿਸ਼ ਦੇ ਦੋਸ਼ ਵਿਚ ਫੜੇ ਗਏ ਹਨ।
ਇਸੇ ਦੌਰਾਨ ਉਪ ਮੁੱਖ ਮੰਤਰੀ ਤੇ ਭਾਜਪਾ ਆਗੂ ਦਵਿੰਦਰ ਫੜਨਵੀਸ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਉਨ੍ਹਾ ਕਿਹਾਘਟਨਾ ਗੰਭੀਰ ਹੈ ਤੇ ਮੈਂ ਡੀ ਜੀ ਪੀ ਨੂੰ ਜਾਂਚ ਦੇ ਹੁਕਮ ਦੇ ਦਿੱਤੇ ਹਨ। ਕਾਨੂੰਨ ਅੱਗੇ ਸਭ ਬਰਾਬਰ ਹਨ, ਭਾਵੇਂ ਉਹ ਕਿਸੇ ਪਾਰਟੀ ਦੇ ਹੋਣ। ਜਾਂਚ ਵਿਚ ਪਤਾ ਲੱਗੇਗਾ ਕਿ ਗੋਲੀਆਂ ਕਿਨ੍ਹਾਂ ਹਾਲਾਤ ਵਿਚ ਚੱਲੀਆਂ।
ਭਾਜਪਾ ਦੇ ਸੂਬਾ ਪ੍ਰਧਾਨ ਚੰਦਰਸ਼ੇਖਰ ਬਵਾਨਕੁਲੇ ਨੇ ਕਿਹਾ ਕਿ ਜੇ ਵਿਧਾਇਕ ਦੋਸ਼ੀ ਨਿਕਲਿਆ ਤਾਂ ਪਾਰਟੀ ਕਾਰਵਾਈ ਕਰੇਗੀ। ਆਪੋਜ਼ੀਸ਼ਨ ਨੇ ਸ਼ਿੰਦੇ ਦੇ ਅਸਤੀਫੇ ਦੀ ਮੰਗ ਕੀਤੀ ਹੈ। ਕਾਂਗਰਸ ਨੇ ਕਿਹਾ ਹੈ ਕਿ ਅਮਨ-ਕਾਨੂੰਨ ਦਾ ਜਨਾਜ਼ਾ ਨਿਕਲ ਗਿਆ ਹੈ। ਐੱਨ ਸੀ ਪੀ ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਕਿ ਸੱਤਾ ਦੀ ਦੁਰਵਰਤੋਂ ਦੀ ਕੋਈ ਹੱਦ ਹੁੰਦੀ ਹੈ। ਸ਼ਿਵ ਸੈਨਾ (ਠਾਕਰੇ) ਦੇ ਆਗੂ ਸੰਜੇ ਰਾਊਤ ਨੇ ਕਿਹਾ ਕਿ ਘਟਨਾ ਲਈ ਮੁੱਖ ਮੰਤਰੀ ਸ਼ਿੰਦੇ ਜ਼ਿੰਮੇਵਾਰ ਹਨ।





