ਦੇਹਰਾਦੂਨ : ਈ ਡੀ ਨੇ ਬੁੱਧਵਾਰ ਮਨੀ ਲਾਂਡਰਿੰਗ ਜਾਂਚ ਦੇ ਸਿਲਸਿਲੇ ਵਿਚ ਕਾਂਗਰਸ ਨੇਤਾ ਅਤੇ ਸਾਬਕਾ ਮੰਤਰੀ ਹਰਕ ਸਿੰਘ ਰਾਵਤ ਨਾਲ ਜੁੜੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਸੂਤਰਾਂ ਨੇ ਦੱਸਿਆ ਕਿ ਉੱਤਰਾਖੰਡ, ਦਿੱਲੀ ਅਤੇ ਚੰਡੀਗੜ੍ਹ ’ਚ ਕਈ ਥਾਵਾਂ ’ਤੇ ਤਲਾਸ਼ੀ ਲਈ ਗਈ। ਰਾਵਤ 2022 ਦੀਆਂ ਉੱਤਰਾਖੰਡ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਛੱਡ ਕੇ ਕਾਂਗਰਸ ’ਚ ਸ਼ਾਮਲ ਹੋ ਗਏ ਸਨ। ਈ ਡੀ ਦੀ ਜਾਂਚ ਰਾਜ ਦੇ ਕਾਰਬੇਟ ਟਾਈਗਰ ਰਿਜ਼ਰਵ ’ਚ ਕਥਿਤ ਗੈਰ-ਕਾਨੂੰਨੀ ਗਤੀਵਿਧੀਆਂ ਨਾਲ ਸੰਬੰਧਤ ਮੰਨੀ ਜਾਂਦੀ ਹੈ।
ਚਿੱਲੀ ਦੇ ਸਾਬਕਾ ਰਾਸ਼ਟਰਪਤੀ ਪਿਨੇਰਾ ਦੀ ਹਾਦਸੇ ’ਚ ਮੌਤ
ਵਿਨਾ ਡੇਲ ਮਾਰ : ਚਿੱਲੀ ਦੇ ਸਾਬਕਾ ਰਾਸ਼ਟਰਪਤੀ ਸੇਬੇਸਟੀਅਨ ਪਿਨੇਰਾ (74) ਦੀ ਹੈਲੀਕਾਪਟਰ ਹਾਦਸੇ ’ਚ ਮੌਤ ਹੋ ਗਈ। ਉਹ 2010 ਤੋਂ 2014 ਅਤੇ ਫਿਰ 2018 ਤੋਂ 2022 ਤੱਕ ਰਾਸ਼ਟਰਪਤੀ ਰਹੇ ਅਤੇ ਉਨ੍ਹਾ ਦੇ ਕਾਰਜਕਾਲ ਦੌਰਾਨ ਕੋਵਿਡ-19 ਮਹਾਂਮਾਰੀ ਤੋਂ ਇਲਾਵਾ ਭੁਚਾਲ ਤੇ ਸੁਨਾਮੀ ਵਰਗੀਆਂ ਚੁਣੌਤੀਆਂ ਸਾਹਮਣੇ ਆਈਆਂ।
ਘੱਟ ਟੋਸਟ ਮਿਲਣ ’ਤੇ ਖੁਦਕੁਸ਼ੀ
ਨੋਇਡਾ (ਯੂ ਪੀ) : ਇੱਥੇੇ ਥਾਣਾ ਫੇਜ਼-2 ਇਲਾਕੇ ਦੇ ਪਿੰਡ ਭੰਗੇਲ ਵਿਚ 12ਵੀਂ ਜਮਾਤ ਦੀ ਵਿਦਿਆਰਥਣ ਨੇ ਨਾਸ਼ਤੇ ਵਿਚ ਘੱਟ ਟੋਸਟ ਮਿਲਣ ਤੋਂ ਗੁੱਸੇ ਵਿਚ ਆ ਕੇ ਬੁੱਧਵਾਰ ਸਵੇਰੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਪੂਜਾ (18) ਨੇ ਆਪਣੇ ਘਰ ਪੱਖੇ ਨਾਲ ਫਾਹਾ ਲੈ ਲਿਆ। ਪੁਲਸ ਮੁਤਾਬਕ ਮਾਂ ਨੇ ਸਵੇਰੇ ਉਸ ਨੂੰ ਚਾਹ ਅਤੇ ਟੋਸਟ ਖਾਣ ਲਈ ਦਿੱਤਾ ਸੀ। ਉਸ ਨੂੰ ਥੋੜ੍ਹਾ ਘੱਟ ਟੋਸਟ ਮਿਲਿਆ।
ਸ਼ਾਕਾਹਾਰੀ ਥਾਲੀ ਮਹਿੰਗੀ ਤੇ ਮਾਸਾਹਾਰੀ ਸਸਤੀ
ਮੁੰਬਈ : ਘਰੇਲੂ ਸ਼ਾਕਾਹਾਰੀ ਥਾਲੀ ਜਨਵਰੀ ਮਹੀਨੇ ਸਾਲਾਨਾ ਆਧਾਰ ’ਤੇ ਪੰਜ ਫੀਸਦੀ ਮਹਿੰਗੀ ਹੋ ਗਈ, ਜਦਕਿ ਮਾਸਾਹਾਰੀ ਥਾਲੀ 13 ਫੀਸਦੀ ਸਸਤੀ ਹੋ ਗਈ। ਕਿ੍ਰਸਿਲ ਮਾਰਕਿਟ ਇੰਟੈਲੀਜੈਂਸ ਵੱਲੋਂ ਜਾਰੀ ‘ਚੌਲ ਰੋਟੀ ਦੇ ਰੇਟ’ ਦੇ ਅੰਦਾਜ਼ੇ ਮੁਤਾਬਕ ਜਨਵਰੀ ’ਚ ਦਾਲਾਂ, ਚੌਲ, ਪਿਆਜ਼ ਅਤੇ ਟਮਾਟਰ ਵਰਗੀਆਂ ਚੀਜ਼ਾਂ ਦੀਆਂ ਕੀਮਤਾਂ ’ਚ ਵਾਧੇ ਕਾਰਨ ਸ਼ਾਕਾਹਾਰੀ ਥਾਲੀ ਮਹਿੰਗੀ ਹੋ ਗਈ। ਇਸ ਦੇ ਨਾਲ ਹੀ ਪੋਲਟਰੀ ਦੇ ਰੇਟਾਂ ’ਚ ਗਿਰਾਵਟ ਕਾਰਨ ਮਾਸਾਹਾਰੀ ਥਾਲੀ ਦੀਆਂ ਕੀਮਤਾਂ ’ਚ ਗਿਰਾਵਟ ਆਈ ਹੈ।




