ਨਵੀਂ ਦਿੱਲੀ : ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਦਿੱਲੀ ਵਿਚ ਲੋਕ ਸਭਾ ਦੀਆਂ 7 ਸੀਟਾਂ ਦੀ ਵੰਡ ਨੂੰ ਅੰਤਮ ਰੂਪ ਦੇ ਦਿੱਤਾ ਹੈ। ਸੂਤਰਾਂ ਮੁਤਾਬਕ ‘ਆਪ’ ਚਾਰ ਤੇ ਕਾਂਗਰਸ ਤਿੰਨ ਸੀਟਾਂ ਲੜੇਗੀ। ਆਪ ਦੱਖਣੀ ਦਿੱਲੀ, ਉੱਤਰ-ਪੱਛਮੀ ਦਿੱਲੀ, ਨਵੀਂ ਦਿੱਲੀ ਤੇ ਪੱਛਮੀ ਦਿੱਲੀ ਦੀਆਂ ਸੀਟਾਂ ਲੜ ਸਕਦੀ ਹੈ, ਜਦਕਿ ਕਾਂਗਰਸ ਪੂਰਬੀ ਦਿੱਲੀ, ਉਤਰ-ਪੂਰਬੀ ਤੇ ਚਾਂਦਨੀ ਚੌਕ ਲੜ ਸਕਦੀ ਹੈ। ਭਾਜਪਾ ਵੱਲੋਂ ਗੌਤਮ ਗੰਭੀਰ, ਹੰਸ ਰਾਜ ਹੰਸ ਤੇ ਮੀਨਾਕਸ਼ੀ ਲੇਖੀ ਨੂੰ ਇਸ ਵਾਰ ਟਿਕਟ ਨਾ ਦੇਣ ਦੀ ਸੰਭਾਵਨਾ ਹੈ। ਇਸੇ ਕਰਕੇ ਕਾਂਗਰਸ ਦੇ ਆਗੂਆਂ ਵੱਲੋਂ ਇਨ੍ਹਾਂ ਦੇ ਹਲਕਿਆਂ ’ਚ ਸਰਗਰਮੀਆਂ ਵਧਾਈਆਂ ਗਈਆਂ ਹਨ। ਇਸ ਵੇਲੇ ਦਿੱਲੀ ਦੀਆਂ ਸਾਰੀਆਂ ਸੀਟਾਂ ਭਾਜਪਾ ਕੋਲ ਹਨ। ਗੁਜਰਾਤ ਵਿਚ ਆਪ ਭਰੂਚ ਤੇ ਭਾਵਨਗਰ ਦੀਆਂ ਸੀਟਾਂ ਲੜ ਸਕਦੀ ਹੈ। ਇਹ ਦੋਨੋਂ ਭਾਜਪਾ ਕੋਲ ਹਨ। ਪਾਰਟੀ ਭਰੂਚ ਤੋਂ ਚੈਤਰ ਵੈਸਵਾ ਤੇ ਭਾਵਨਗਰ ਤੋਂ ਉਮੇਸ਼ ਭਾਈ ਮਕਵਾਨਾ ਨੂੰ ਪਹਿਲਾਂ ਹੀ ਉਮੀਦਵਾਰ ਐਲਾਨ ਚੁੱਕੀ ਹੈ। ਚੰਡੀਗੜ੍ਹ ਸੀਟ ਕਾਂਗਰਸ ਦੇ ਖਾਤੇ ਵਿਚ ਆਉਣ ਦੀ ਸੰਭਾਵਨਾ ਹੈ। ਇੱਥੇ ਭਾਜਪਾ ਦੀ ਕਿਰਨ ਖੇਰ 2014 ਤੇ 2019 ਵਿਚ ਜਿੱਤੀ ਸੀ। ਕਾਂਗਰਸ ਦੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਉਸ ਤੋਂ ਪਹਿਲਾਂ ਤਿੰਨ ਵਾਰ ਜਿੱਤੇ ਸਨ।
ਆਪ ਨੇ ਐਲਾਨਿਆ ਸੀ ਕਿ ਦੱਖਣੀ ਗੋਆ ਦੀ ਸੀਟ ਵੈਂਜ਼ੀ ਵੀਗਾਸ ਲੜਨਗੇ, ਪਰ ਹੁਣ ਉਹ ਇਹ ਸੀਟ ਕਾਂਗਰਸ ਨੂੰ ਦੇ ਸਕਦੀ ਹੈ। ਇੱਥੋਂ 2019 ਵਿਚ ਕਾਂਗਰਸ ਦੇ ਫਰਾਂਸਿਸਕੋ ਸਰਦੀਨਹਾ ਜਿੱਤੇ ਸਨ।




