ਮੁਰਾਦਾਬਾਦ : ਕਾਂਗਰਸ ਦੀ ‘ਭਾਰਤ ਜੋੜੋ ਨਿਆਏ ਯਾਤਰਾ’ ਦਾ ਦੂਜਾ ਗੇੜ ਮੁਰਾਦਾਬਾਦ ਤੋਂ ਸ਼ਨੀਵਾਰ ਨੂੰ ਫਿਰ ਤੋਂ ਸ਼ੁਰੂ ਹੋਇਆ। ਕਾਂਗਰਸ ਸਾਂਸਦ ਰਾਹੁਲ ਗਾਂਧੀ ਅਤੇ ਪਾਰਟੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਖੁੱਲ੍ਹੀ ਜੀਪ ’ਚ ਸਵਾਰ ਹੋ ਕੇ ਨਿਕਲੇ। ਵਰਕਰਾਂ ਨੇ ਦੋਵਾਂ ਨੇਤਾਵਾਂ ’ਤੇ ਫੁੱਲ ਬਰਸਾ ਕੇ ਸਵਾਗਤ ਕੀਤਾ। ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਨੇ ਇਸ ਦੌਰਾਨ ਭਾਜਪਾ ਸਰਕਾਰ ’ਤੇ ਹਮਲਾ ਬੋਲਦਿਆਂ ਕਿਹਾ ਕਿ ਵਾਰ-ਵਾਰ ਕੇਂਦਰ ਅਤੇ ਸੂਬੇ ’ਚ ਭਾਜਪਾ ਸਰਕਾਰ ਆ ਰਹੀ ਹੈ, ਤੁਹਾਡੀ ਬੇਰੁਜ਼ਗਾਰੀ ਵਧ ਰਹੀ ਹੈ। ਦੋ ਸਾਲ ਪਹਿਲਾਂ ਕਿਸਾਨ ਅੰਦੋਲਨ ਕਰ ਰਹੇ ਸਨ, ਅੱਜ ਵੀ ਕਿਸਾਨ ਅੰਦੋਲਨ ਕਰ ਰਹੇ ਹਨ। ਉਦੋਂ ਵੀ ਉਨ੍ਹਾ ਦੀ ਸੁਣਵਾਈ ਨਹੀਂ ਹੋਈ, ਅੱਜ ਵੀ ਨਹੀਂ ਹੋ ਰਹੀ। ਪਿ੍ਰਅੰਕਾ ਨੇ ਕਿਹਾ ਕਿ ਕੇਂਦਰ ਅਤੇ ਸੂਬੇ ’ਚ ਭਾਜਪਾ ਦੀ ਸਰਕਾਰ ਬਣਦੇ ਹੀ ਬੇਰੁਜ਼ਗਾਰੀ ਦਰ ਵਧ ਗਈ ਹੈ। ਜਦੋਂ ਤੱਕ ਤੁਹਾਨੂੰ ਰੁਜ਼ਗਾਰ ਨਹੀਂ ਮਿਲੇਗਾ, ਸੁਵਿਧਾਵਾਂ ਨਹੀਂ ਮਿਲਣਗੀਆਂ, ਪੇਪਰ ਲੀਕ ਨਹੀਂ ਰੁਕਣਗੇ, ਵਿਕਾਸ ਨਹੀਂ ਹੋਵੇਗਾ। ਉਨ੍ਹਾ ਕਿਹਾ ਕਿ ਬਦਲਾਅ ਉਦੋਂ ਹੋਵੇਗਾ, ਜਦ ਤੁਸੀਂ ਆਪਣੇ ਤਜਰਬੇ ਮੁਤਾਬਿਕ ਵੋਟ ਪਾਓਗੇ। ਉਹਨਾ ਕਿਹਾ, ਜਦ ਬੁਲਡੋਜ਼ਰ ਚਲਦਾ ਹੈ ਤਾਂ ਗਰੀਬ ਦਾ ਘਰ ਢਾਹਿਆ ਜਾਂਦਾ ਹੈ। ਉਨ੍ਹਾ ਕਿਹਾ ਕਿ ਛੇ ਕਿਸਾਨਾਂ ਨੂੰ ਮਾਰਨ ਵਾਲਿਆਂ ਦੇ ਘਰ ’ਤੇ ਕਿਉਂ ਨਹੀਂ ਬੁਲਡੋਜ਼ਰ ਚੱਲਿਆ। ਰਾਹੁਲ ਨੇ ਕਿਹਾ ਕਿ ਇੱਕ ਧਿਆਨ ਭਟਕਾਉਂਦਾ ਹੈ, ਦੂਜਾ ਜੇਬ ਕੱਟਣਾ ਹੈ ਅਤੇ ਤੀਜਾ ਡੰਡਾ ਦਿਖਾਉਂਦਾ ਹੈ। ਉਨ੍ਹਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਅਡਾਨੀ ’ਤੇ ਵੀ ਹਮਲਾ ਬੋਲਿਆ। ਉਨ੍ਹਾ ਕਿਹਾ ਕਿ ਪੱਛੜੇ ਅਤੇ ਦਲਿਤਾਂ ਨੂੰ ਇਸ ਸਰਕਾਰ ’ਚ ਇਨਸਾਫ਼ ਨਹੀਂ ਮਿਲ ਰਿਹਾ। ਅਗਨੀਵੀਰ ਯੋਜਨਾ ਨੂੰ ਸ਼ੁਰੂ ਕਰਨ ਦਾ ਮਕਸਦ ਇੱਕ ਉਦਯੋਗਪਤੀ ਨੂੰ ਲਾਭ ਪਹੁੰਚਾਉਣਾ ਸੀ। ਨਫ਼ਰਤ ਦੇ ਬਾਜ਼ਾਰ ’ਚ ਮੁਹੱਬਤ ਦੀ ਦੁਕਾਨ ਖੋਲ੍ਹਣੀ ਹੈ। ਦੇਸ਼ ਭਗਤ ਦੇਸ਼ ਨੂੰ ਜੋੜਦਾ ਹੈ, ਤੋੜਦਾ ਨਹੀਂ। ਅਸੀਂ ਦੇਸ਼ ਦਾ ਭਾਈਚਾਰਾ ਖ਼ਤਮ ਨਹੀਂ ਹੋਣ ਦੇਵਾਂਗੇ। ਨਫ਼ਰਤ ਨੂੰ ਨਫ਼ਰਤ ਨਾਲ ਨਹੀਂ ਕੱਟਿਆ ਜਾ ਸਕਦਾ। ਅਸੀਂ ਡਰਾਂਗੇ ਨਹੀਂ, ਨਫ਼ਰਤ ਨੂੰ ਮੁਹੱਬਤ ਨਾਲ ਕੱਟਾਂਗੇ। ਇਸ ਤੋਂ ਪਹਿਲਾਂ ਰਾਹੁਲ ਅਤੇ ਪਿ੍ਰਅੰਕਾ ਨੇ ਖੁੱਲ੍ਹੀ ਜੀਪ ’ਚ ਸਵਾਰ ਹੋ ਕੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਆਪਣੇ ਭਾਸ਼ਣ ਦੌਰਾਨ ਕਿਸਾਨ ਅੰਦੋਲਨ, ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦਿਆਂ ਨੂੰ ਉਠਾ ਕੇ ਭਾਜਪਾ ਨੂੰ ਘੇਰਿਆ। ਯਾਤਰਾ ਦੌਰਾਨ ਸਭ ਵਰਕਰਾਂ ਨੇ ਵੀ ਦੋਵਾਂ ਦਾ ਸਵਾਗਤ ਕੀਤਾ। ਕਾਂਗਰਸ ਨੇ ਪੱਛਮੀ ਉੱਤਰ ਪ੍ਰਦੇਸ਼ ’ਚ ਨਿਆਏ ਯਾਤਰਾ ਦੀ ਸ਼ੁਰੂਆਤ ਲਈ ਮੁਰਾਦਾਬਾਦ ਨੂੰ ਹੀ ਕੇਂਦਰ ਬਣਾਇਆ ਹੈ। ਸ਼ਨੀਵਾਰ ਸਵੇਰ ਤੋਂ ਹੀ ਪ੍ਰੋਗਰਾਮ ਸਥਾਨ ’ਤੇ ਵੱਡੀ ਗਿਣਤੀ ’ਚ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ।





