ਮਮਤਾ ਦੀ ਸੱਟ ਬਾਰੇ ਹਸਪਤਾਲ ਦੇ ਡਾਇਰੈਕਟਰ ਵੱਲੋਂ ਸਫਾਈ

0
174

ਕੋਲਕਾਤਾ : ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਮੱਥੇ ‘ਤੇ ਲੱਗੀ ਸੱਟ ਦੇ ਸੰਬੰਧ ‘ਚ ਸਰਕਾਰੀ ਐੱਸ ਐੱਸ ਕੇ ਐੱਮ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਸਪੱਸ਼ਟੀਕਰਨ ਜਾਰੀ ਕੀਤਾ | ਵੀਰਵਾਰ ਨੂੰ ਹਸਪਤਾਲ ਦੇ ਡਾਇਰੈਕਟਰ ਮਨੀਮੋਏ ਬੰਦੋਪਾਧਿਆਏ ਨੇ ਕਿਹਾ ਸੀ ਕਿ ਸੱਟ ਉਨ੍ਹਾ ਦੇ ਘਰ ਦੇ ਨੇੜੇ ਪਿੱਛੇ ਤੋਂ ਧੱਕਾ ਦੇਣ ਕਾਰਨ ਹੋਈ ਹੋ ਸਕਦੀ ਹੈ | ਮਨੀਮੋਏ ਨੇ ਦਾਅਵਾ ਕੀਤਾ ਕਿ ਉਨ੍ਹਾ ਵੱਲੋਂ ਵੀਰਵਾਰ ਨੂੰ ਦਿੱਤੇ ਗਏ ਬਿਆਨ ਦੀ ਗਲਤ ਵਿਆਖਿਆ ਕੀਤੀ ਗਈ | ਉਨ੍ਹਾ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ—ਮੈਂ ਜੋ ਕਹਿਣਾ ਚਾਹੁੰਦਾ ਸੀ ਉਹ ਇਹ ਸੀ ਕਿ ਮੁੱਖ ਮੰਤਰੀ ਨੂੰ ਲੱਗਿਆ ਹੋਵੇਗਾ ਕਿ ਪਿੱਛੇ ਤੋਂ ਕੋਈ ਧੱਕਾ ਮਾਰ ਰਿਹਾ ਹੈ | ਹਾਲਾਂਕਿ, ਉਨ੍ਹਾ ਆਪਣੇ ਨਵੇਂ ਸਪੱਸ਼ਟੀਕਰਨ ਬਾਰੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ | ਉਨ੍ਹਾ ਕਿਹਾ ਕਿ ਉਨ੍ਹਾ ਦਾ ਕੰਮ ਸਿਰਫ ਮਰੀਜ਼ਾਂ ਦਾ ਇਲਾਜ ਕਰਨਾ ਹੈ | ਤਿ੍ਣਮੂਲ ਦੇ ਸੂਤਰਾਂ ਨੇ ਦੱਸਿਆ ਕਿ ਫਿਲਹਾਲ ਮੁੱਖ ਮੰਤਰੀ ਦੱਖਣੀ ਕੋਲਕਾਤਾ ਦੇ ਕਾਲੀਘਾਟ ਸਥਿਤ ਆਪਣੀ ਰਿਹਾਇਸ਼ ‘ਤੇ ਹੈ | ਹਾਲਤ ਸਥਿਰ ਹੈ | ਉਸਨੂੰ ਦੁਬਾਰਾ ਹਸਪਤਾਲ ਲਿਆਂਦਾ ਜਾਵੇਗਾ, ਜਿੱਥੇ ਇੱਕ ਮੈਡੀਕਲ ਟੀਮ ਉਸਦੀ ਜਾਂਚ ਕਰੇਗੀ | ਮੁੱਖ ਮੰਤਰੀ ਨੂੰ ਵੀਰਵਾਰ ਸ਼ਾਮ ਕਰੀਬ 7.30 ਵਜੇ ਹਸਪਤਾਲ ‘ਚ ਦਾਖਲ ਕਰਵਾਉਣ ਤੋਂ ਬਾਅਦ ਨਿਊਰੋਸਰਜਰੀ, ਜਨਰਲ ਮੈਡੀਸਨ ਅਤੇ ਕਾਰਡੀਓਲੋਜੀ ਵਿਭਾਗਾਂ ਦੇ ਮਾਹਰ ਡਾਕਟਰਾਂ ਦੀ ਟੀਮ ਨੇ ਉਨ੍ਹਾ ਦਾ ਇਲਾਜ ਕੀਤਾ | ਇਲੈਕਟ੍ਰੋਕਾਰਡੀਓਗਰਾਮ ਅਤੇ ਸੀਟੀ ਸਕੈਨ ਵਰਗੇ ਕਈ ਟੈਸਟ ਵੀ ਕੀਤੇ ਗਏ | ਹਸਪਤਾਲ ਦੇ ਅਧਿਕਾਰੀਆਂ ਨੇ ਉਸ ਨੂੰ ਹਸਪਤਾਲ ‘ਚ ਰੱਖਣ ਦੀ ਸਲਾਹ ਦਿੱਤੀ | ਪਰ ਉਹ ਘਰ ਪਰਤਣ ‘ਤੇ ਅੜੀ ਰਹੀ | ਵੀਰਵਾਰ ਨੂੰ ਤਿ੍ਣਮੂਲ ਕਾਂਗਰਸ ਵੱਲੋਂ ਦੱਸਿਆ ਗਿਆ ਕਿ ਮੁੱਖ ਮੰਤਰੀ ਆਪਣੀ ਰਿਹਾਇਸ਼ ‘ਤੇ ਸੈਰ ਕਰਦੇ ਸਮੇਂ ਤਿਲਕ ਕੇ ਡਿੱਗ ਪਈ ਸੀ | ਤਿ੍ਣਮੂਲ ਦੇ ਇੰਟਰਨੈੱਟ ਮੀਡੀਆ ਸੈੱਲ ਨੇ ਵੀ ਇੱਕ ਤਸਵੀਰ ਜਾਰੀ ਕੀਤੀ, ਜਿਸ ਵਿੱਚ ਮੁੱਖ ਮੰਤਰੀ ਦੇ ਮੱਥੇ ਤੋਂ ਖੂਨ ਨਿਕਲਦਾ ਦੇਖਿਆ ਜਾ ਸਕਦਾ ਹੈ | ਹੁਣ ਬੰਗਾਲ ਪੁਲਸ ਦੀ ਐਸਆਈਟੀ ਟੀਮ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਮੱਥੇ ‘ਤੇ ਲੱਗੀ ਸੱਟ ਦੀ ਜਾਂਚ ਕਰੇਗੀ | ਪੁਲਸ ਕਮਿਸ਼ਨਰ ਵਿਨੀਤ ਕੁਮਾਰ ਗੋਇਲ ਨੇ ਕਿਹਾ ਕਿ ਐਸ ਆਈ ਟੀ ‘ਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹੋਣਗੇ ਜੋ ਮਾਮਲੇ ਦੀ ਜਾਂਚ ਕਰਨਗੇ | ਐੱਸ ਆਈ ਟੀ ਦੱਖਣੀ ਕੋਲਕਾਤਾ ਦੇ ਕਾਲੀਘਾਟ ਸਥਿਤ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦੇ ਆਲੇ-ਦੁਆਲੇ ਸੀ ਸੀ ਟੀ ਵੀ ਫੁਟੇਜ ਦੀ ਜਾਂਚ ਕਰੇਗੀ | ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਤੋਂ ਵੀ ਪੁੱਛਗਿੱਛ ਕਰੇਗੀ | ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਮੌਜੂਦਾ ਸੁਰੱਖਿਆ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਜਾਵੇਗਾ | ਮਮਤਾ ਦੇ ਮੱਥੇ ਅਤੇ ਨੱਕ ‘ਤੇ ਟਾਂਕੇ ਲੱਗੇ ਹਨ |

LEAVE A REPLY

Please enter your comment!
Please enter your name here