ਚੰਡੀਗੜ੍ਹ : ਵਿਧਾਨ ਸਭਾ ਵਿਚ ਕਾਂਗਰਸ ਦੇ ਉਪ ਨੇਤਾ ਅਤੇ ਚੱਬੇਵਾਲ ਤੋਂ ਵਿਧਾਇਕ ਡਾਕਟਰ ਰਾਜ ਕੁਮਾਰ ਸ਼ੁੱਕਰਵਾਰ ਕਾਂਗਰਸ ਅਤੇ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ | ਉਨ੍ਹਾਂ ਦਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦਾ ਲੋਕ ਸਭਾ ਲਈ ਉਮੀਦਵਾਰ ਬਣਨਾ ਤੈਅ ਹੈ | ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਆਪ ‘ਚ ਸ਼ਾਮਲ ਹੋਏ ਸੀ ਤੇ ਉਨ੍ਹਾ ਨੂੰ ਫਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਦਾ ਉਮੀਦਵਾਰ ਬਣਾ ਦਿੱਤਾ ਗਿਆ | 54 ਸਾਲਾ ਦਲਿਤ ਆਗੂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਖੇਡ ਮੰਤਰੀ ਗੁਰਮੀਤ ਮੀਤ ਹੇਅਰ ਦੀ ਮੌਜੂਦਗੀ ਵਿਚ ਆਪ ਵਿਚ ਸ਼ਾਮਲ ਹੋਏ | ਚੱਬੇਵਾਲ ਨੇ ਕਿਹਾ-ਅਸੀਂ ਜ਼ਿੰਦਗੀ ਗਰੀਬੀ ਤੋਂ ਸ਼ੁਰੂ ਕੀਤੀ | ਮੇਰੇ ਪਿਤਾ ਸੇਵਾਦਾਰ ਸਨ | ਉਹ ਸਾਨੂੰ ਪੜ੍ਹਾਉਣਾ ਚਾਹੁੰਦੇ ਸਨ | ਮੈਂ ਸਿਆਸਤ ਵਿਚ ਲੋਕਾਂ ਨੂੰ ਜਾਗਰੂਕ ਕਰਨ ਤੇ ਉਨ੍ਹਾਂ ਦੇ ਭਲੇ ਵਿਚ ਕੰਮ ਕਰਨ ਲਈ ਸ਼ਾਮਲ ਹੋਇਆ ਸੀ | ਮੈਂ 12 ਸਾਲ ਕਾਂਗਰਸ ਵਿਚ ਰਿਹਾ | ਮੈਂ ਆਪ ਵਿਚ ਇਸ ਕਰਕੇ ਸ਼ਾਮਲ ਹੋ ਰਿਹਾ ਹਾਂ, ਕਿਉਂਕਿ ਇਹ ਸਿਹਤ ਤੇ ਸਿੱਖਿਆ ਨੂੰ ਤਰਜੀਹ ਦੇ ਰਹੀ ਹੈ | ਡਾ. ਚੱਬੇਵਾਲ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਗਤ ਕੀਤਾ ਹੈ | ‘ਆਪ’ ਸੂਬਾ ਇਕਾਈ ਨੇ ਐਕਸ ‘ਤੇ ਪੰਜਾਬੀ ‘ਚ ਪੋਸਟ ‘ਚ ਕਿਹਾ ਕਿ ਡਾ. ਰਾਜ ਕੁਮਾਰ ਦੇ ਸ਼ਾਮਲ ਹੋਣ ਨਾਲ ਪਾਰਟੀ ਹੋਰ ਮਜ਼ਬੂਤ ਹੋਈ ਹੈ | ਚੱਬੇਵਾਲ ਤੋਂ ਵਿਧਾਇਕ ਭਗਵੰਤ ਮਾਨ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਤ ਹੋ ਕੇ ‘ਆਪ’ ‘ਚ ਸ਼ਾਮਲ ਹੋ ਗਏ ਹਨ | ਪਾਰਟੀ ਵੱਲੋਂ ਉਨ੍ਹਾ ਨੂੰ ਬਹੁਤ-ਬਹੁਤ ਵਧਾਈਆਂ |



