ਨਵੀਂ ਦਿੱਲੀ : ਸਿਆਸੀ ਪਾਰਟੀਆਂ ਨੂੰ ਸਭ ਤੋਂ ਵੱਧ 1368 ਕਰੋੜ ਰੁਪਏ ਦਾ ਚੰਦਾ ਦੇਣ ਵਾਲੇ ਵਜੋਂ ਸਾਹਮਣੇ ਆਏ ਲਾਟਰੀ ਕਿੰਗ ਸਾਨਤਿਆਗੋ ਮਾਰਟਿਨ ਨੇ ਆਪਣੇ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਰਾਜਾਂ ਨੂੰ ਖਬਰਦਾਰ ਕਰਨ ਤੋਂ ਬਾਅਦ 2019 ਵਿਚ ਧੜਾਧੜ ਚੋਣ ਬਾਂਡ ਖਰੀਦੇ | ਕੇਂਦਰ ਨੇ ਲਾਟਰੀ ਚਲਾਉਂਦੇ 8 ਰਾਜਾਂ ਨੂੰ ਮਾਰਟਿਨ ਦੀ ਕੰਪਨੀ ਫਿਊਚਰ ਗੇਮਿੰਗ ਐਂਡ ਹੋਟਲਜ਼ ਸਰਵਸਿਜ਼ ਪ੍ਰਾਈਵੇਟ ਲਿਮਟਿਡ ਦੇ ਕਥਿਤ ਫਰਾਡਾਂ ਤੇ ਬੇਨੇਮੀਆਂ ਖਿਲਾਫ ਖਬਰਦਾਰ ਕੀਤਾ ਸੀ | 110 ਕਰੋੜ ਦੇ ਬਾਂਡ ਤਾਂ ਉਸਨੇ 10 ਦਿਨਾਂ ਵਿਚ ਹੀ ਖਰੀਦੇ |
ਉਸਨੂੰ ਲਾਟਰੀ ਕਾਨੂੰਨ ਦੀ ਉਲੰਘਣਾ ਕਰਕੇ ਪੈਸੇ ਕਮਾਉਣ ਦੇ ਦੋਸ਼ਾਂ ਹੇਠ ਈ ਡੀ ਤੇ ਇਨਕਮ ਟੈਕਸ ਦੀ ਜਾਂਚ ਦਾ ਸਾਹਮਣਾ ਕਰਨਾ ਪਿਆ | ਉਸਨੇ ਫਿਊਚਰ ਗੇਮਿੰਗ ਐਂਡ ਹੋਟਲਜ਼ ਸਰਵਸਿਜ਼ ਪ੍ਰਾਈਵੇਟ ਲਿਮਟਿਡ ਦਸੰਬਰ 1991 ਵਿਚ ਕੋਇੰਬਟੂਰ ‘ਚ ਰਜਿਸਟਰਡ ਕਰਵਾਈ ਸੀ | ਉਸਦੀ ਵੈਬਸਾਈਟ ਮੁਤਾਬਕ ਉਹ 13 ਸਾਲ ਦੀ ਉਮਰ ਵਿਚ ਕਾਰੋਬਾਰ ਵਿਚ ਸ਼ਾਮਲ ਹੋ ਗਿਆ ਸੀ ਤੇ ਉਸਨੇ ਦੇਸ਼-ਭਰ ਵਿਚ ਲਾਟਰੀ ਦਾ ਨੈਟਵਰਕ ਕਾਇਮ ਕੀਤਾ | ਉਸਦਾ ਵਪਾਰ ਪਹਿਲਾਂ ਦੱਖਣ ਵਿਚ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਉਸਨੇ ਸਿੱਕਮ, ਪੱਛਮੀ ਬੰਗਾਲ, ਪੰਜਾਬ, ਮਹਾਰਾਸ਼ਟਰ ਤੇ ਮਿਆਂਮਾਰ ਤਕ ਫੈਲਾ ਲਿਆ ਸੀ | ਲਾਟਰੀ ਤੋਂ ਇਲਾਵਾ ਸਾਨਤਿਆਗੋ ਦਾ ਰਿਅਲ ਅਸਟੇਟ, ਨਿਰਮਾਣ, ਬਦਲਵੀਂ ਊਰਜਾ, ਵਿਜ਼ੁਅਲ ਮੀਡੀਆ ਐਂਟਰਟੇਨਮੈਂਟ, ਕਪੜਾ, ਪ੍ਰਾਹੁਣਾਚਾਰੀ, ਹੈਲਥ ਕੇਅਰ, ਸਿੱਖਿਆ, ਸਾਫਟਵੇਅਰ ਤੇ ਟੈਕਨਾਲੋਜੀ, ਪ੍ਰਾਪਰਟੀ ਡਿਵੈਲਪਮੈਂਟ, ਖੇਤੀਬਾੜੀ, ਆਨਲਾਈਨ ਗੇਮਿੰਗ, ਕੈਸੀਨੋ ਤੇ ਬਿਲਡਿੰਗ ਮਟੀਰੀਅਲ ਦਾ ਕਾਰੋਬਾਰ ਹੈ | ਉਸਦੀ ਵੈੱਬਸਾਈਟ ਮੁਤਾਬਕ ਮਾਰਟਿਨ ਨੂੰ ਬਿਜ਼ਨਸ ਵਰਲਡ ਤੇ ਇਕਨਾਮਿਕ ਟਾਈਮਜ਼ ਸਣੇ ਕਈ ਅਖਬਾਰਾਂ ਦੇ ਲੇਖਾਂ, ਬਿਜ਼ਨਸ ਮੈਗਜ਼ੀਨ ਤੇ ਰਿਪੋਰਟਾਂ ਵਿਚ ਭਾਰਤ ਵਿਚ ਸਭ ਤੋਂ ਵੱਧ ਇਨਕਮ ਟੈਕਸ ਦੇਣ ਵਾਲਾ ਦੱਸਿਆ ਗਿਆ, ਜਿਸਨੇ ਇਕੱਲੇ ਨੇ ਹਰ ਸਾਲ ਇਕ ਅਰਬ ਰੁਪਏ ਤੋਂ ਵੱਧ ਦਾ ਟੈਕਸ ਦਿੱਤਾ | ਵੈੱਬਸਾਈਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਵਿਆਹ ਦੀ ਸਿਲਵਰ ਜੁਬਲੀ ‘ਤੇ ਪੋਪ ਦਾ ਅਸ਼ੀਰਵਾਦ ਮਿਲਿਆ |
ਮਾਰਟਿਨ ਖਿਲਾਫ ਪਿਛਲੇ 20 ਸਾਲਾਂ ਤੋਂ ਫਰਾਡ ਤੇ ਹੋਰ ਦੋਸ਼ਾਂ ਤਹਿਤ ਕਈ ਪੜਤਾਲਾਂ ਤੇ ਕੇਸ ਚਲ ਰਹੇ ਹਨ | ਉਸਦੀ ਅਪ੍ਰੈਲ 2022 ਵਿਚ 409.92 ਕਰੋੜ, ਜੁਲਾਈ 2022 ਵਿਚ 173 ਕਰੋੜ ਤੇ 2023 ਵਿਚ 457 ਕਰੋੜ ਦੀ ਜਾਇਦਾਦ ਅਟੈਚ ਕੀਤੀ ਗਈ ਸੀ | ਉਸ ‘ਤੇ ਕਰਨਾਟਕ, ਤਾਮਿਲਨਾਡੂ, ਕੇਰਲਾ, ਸਿੱਕਮ, ਅਰੁਣਾਚਲ, ਪੰਜਾਬ, ਹਰਿਆਣਾ ਤੇ ਮਹਾਰਾਸ਼ਟਰ ਵਿਚ ਲਾਟਰੀ ਘਪਲਿਆਂ ਦੇ ਦੋਸ਼ ਲੱਗ ਚੁੱਕੇ ਹਨ |
ਚੋਣ ਕਮਿਸ਼ਨ ਨੇ ਜਿਹੜੇ ਵੇਰਵੇ ਦੱਸੇ ਹਨ ਉਨ੍ਹਾਂ ਮੁਤਾਬਕ 12 ਅਪ੍ਰੈਲ 2019 ਤੋਂ 11 ਜਨਵਰੀ 2024 ਤਕ ਚੋਣ ਬਾਂਡਾਂ ਨਾਲ ਸਭ ਤੋਂ ਵੱਧ 6060 ਕਰੋੜ ਦਾ ਚੰਦਾ ਭਾਜਪਾ ਨੂੰ ਮਿਲਿਆ | ਦੂਜੇ ਨੰਬਰ ‘ਤੇ ਤਿ੍ਣਮੂਲ ਕਾਂਗਰਸ ਨੂੰ 1609 ਕਰੋੜ ਤੇ ਤੀਜੇ ਨੰਬਰ ‘ਤੇ ਕਾਂਗਰਸ ਨੂੰ 1421 ਕਰੋੜ ਮਿਲੇ | ਬਾਂਡ ਕੈਸ਼ ਕਰਾਉਣ ਵਾਲੀਆਂ ਹੋਰਨਾਂ ਪਾਰਟੀਆਂ ਵਿਚ ਆਮ ਆਦਮੀ ਪਾਰਟੀ, ਸਮਾਜਵਾਦੀ ਪਾਰਟੀ, ਅੰਨਾ ਡੀ ਐੱਮ ਕੇ, ਬੀ ਆਰ ਐੱਸ, ਸ਼ਿਵ ਸੈਨਾ, ਤੇਲਗੂ ਦੇਸਮ ਪਾਰਟੀ, ਵਾਈ ਐੱਸ ਆਰ ਕਾਂਗਰਸ, ਡੀ ਐੱਮ ਕੇ, ਜਨਤਾ ਦਲ ਸੈਕੂਲਰ, ਐੱਨ ਸੀ ਪੀ, ਜਨਤਾ ਦਲ ਯੂ ਤੇ ਰਾਜਦ ਸ਼ਾਮਲ ਹਨ |





