ਬੇਂਗਲੁਰੂ : ਭਾਜਪਾ ਦੇ ਸੀਨੀਅਰ ਆਗੂ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ ਐੱਸ ਯੇਦੀਯੁਰੱਪਾ ਖਿਲਾਫ 17 ਸਾਲਾ ਕੁੜੀ ਦੀ ਮਾਂ ਦੀ ਸ਼ਿਕਾਇਤ ‘ਤੇ ਪੋਕਸੋ (ਬਾਲ ਜਿਨਸੀ ਅਪਰਾਧਾਂ ਤੋਂ ਸੁਰੱਖਿਆ) ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ | ਪੀੜਤਾ ਦੀ ਮਾਂ ਨੇ ਦੋਸ਼ ਲਾਇਆ ਹੈ ਕਿ 81 ਸਾਲਾ ਯੇਦੀਯੁਰੱਪਾ ਨੇ 2 ਫਰਵਰੀ ਨੂੰ ਬੇਂਗਲੁਰੂ ‘ਚ ਮੁਲਾਕਾਤ ਦੌਰਾਨ ਉਸ ਦੀ ਧੀ ਦਾ ਜਿਨਸੀ ਸ਼ੋਸ਼ਣ ਕੀਤਾ | ਪੁਲਸ ਮੁਤਾਬਕ ਭਾਜਪਾ ਆਗੂ ‘ਤੇ ਪੋਕਸੋ ਐਕਟ ਦੀ ਧਾਰਾ 8 ਅਤੇ ਭਾਰਤੀ ਦੰਡਾਵਲੀ ਦੀ ਧਾਰਾ 354 ਏ (ਜਿਨਸੀ ਸ਼ੋਸ਼ਣ) ਤਹਿਤ ਸਥਾਨਕ ਸਦਾਸ਼ਿਵ ਨਗਰ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਹੈ |
ਐੱਫ ਆਈ ਆਰ ਮੁਤਾਬਕ ਕੁੜੀ ਇੱਥੇ ਯੇਦੀਯੁਰੱਪਾ ਦੇ ਡਾਲਰਜ਼ ਕਾਲੋਨੀ ਸਥਿਤ ਘਰ ਉਸ ਨਾਲ ਜਿਸਮਾਨੀ ਜ਼ਬਰਦਸਤੀ ਦੇ ਇਕ ਮਾਮਲੇ ਵਿਚ ਮਦਦ ਮੰਗਣ ਗਈ ਸੀ | ਯੇਦੀਯੁਰੱਪਾ ਨੇ ਉਸ ਨੂੰ ਹੱਥ ਪਾਇਆ ਤਾਂ ਉਹ ਕਮਰੇ ਵਿੱਚੋਂ ਬਾਹਰ ਭੱਜਾ ਤੇ ਮਾਂ ਨੂੰ ਛੇੜਛਾੜ ਬਾਰੇ ਦੱਸਿਆ | ਕੁੜੀ ਦੀ ਮਾਂ ਨੇ ਇਹ ਵੀ ਦੋਸ਼ ਲਾਇਆ ਕਿ ਜਦੋਂ ਉਸ ਨੇ ਯੇਦੀਯੁਰੱਪਾ ਤੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾ ਕਿਹਾ ਕਿ ਉਹ ਜਾਂਚ ਕਰ ਰਹੇ ਸਨ ਕਿ ਕੁੜੀ ਨਾਲ ਰੇਪ ਹੋਇਆ ਕਿ ਨਹੀਂ | ਬਾਅਦ ਵਿਚ ਯੇਦੀਯੁਰੱਪਾ ਨੇ ਕਥਿਤ ਤੌਰ ‘ਤੇ ਮੁਆਫੀ ਮੰਗੀ ਤੇ ਉਸ ਨੂੰ ਇਸ ਬਾਰੇ ਕਿਸੇ ਨੂੰ ਨਾ ਦੱਸਣ ਲਈ ਕਿਹਾ |
ਉਧਰ, ਯੇਦੀਯੁਰੱਪਾ ਨੇ ਕਿਹਾ ਹੈ-ਕੁਝ ਦਿਨ ਪਹਿਲਾਂ ਇਕ ਮਹਿਲਾ ਮੇਰੇ ਘਰ ਆਈ | ਉਹ ਰੋਂਦਿਆਂ ਕਹਿ ਰਹੀ ਸੀ ਕਿ ਕੁਝ ਸਮੱਸਿਆ ਹੈ | ਮੈਂ ਮਾਮਲਾ ਸੁਣ ਕੇ ਪੁਲਸ ਕਮਿਸ਼ਨਰ ਨੂੰ ਫੋਨ ਕੀਤਾ ਤੇ ਮਦਦ ਕਰਨ ਲਈ ਕਿਹਾ | ਬਾਅਦ ਵਿਚ ਮਹਿਲਾ ਮੇਰੇ ਖਿਲਾਫ ਹੀ ਬੋਲਣ ਲੱਗੀ | ਵੀਰਵਾਰ ਪੁਲਸ ਨੇ ਮੇਰੇ ਖਿਲਾਫ ਸ਼ਿਕਾਇਤ ਦਰਜ ਕਰ ਲਈ | ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ | ਮੈਂ ਇਹ ਨਹੀਂ ਕਹਿ ਸਕਦਾ ਕਿ ਇਸ ਦੇ ਪਿੱਛੇ ਕੋਈ ਸਿਆਸੀ ਮਕਸਦ ਹੈ | ਮੈਂ ਪੀੜਤਾ ਦੀ ਪੈਸੇ ਨਾਲ ਮਦਦ ਕੀਤੀ ਸੀ | ਐੱਫ ਆਈ ਆਰ ਦਾ ਸਮਾਂ ਸ਼ੱਕੀ ਹੈ, ਕਿਉਂਕਿ ਇਹ ਚੋਣਾਂ ਤੋਂ ਠੀਕ ਪਹਿਲਾਂ ਹੋਈ ਹੈ | ਯੇਦੀਯੁਰੱਪਾ ਦੇ ਦਫਤਰ ਨੇ ਕੁਝ ਦਸਤਾਵੇਜ਼ ਜਾਰੀ ਕੀਤੇ ਹਨ, ਜਿਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਐੱਫ ਆਈ ਆਰ ਕਰਾਉਣ ਵਾਲੀ ਮਹਿਲਾ ਵੱਖ-ਵੱਖ ਲੋਕਾਂ ‘ਤੇ 53 ਕੇਸ ਕਰ ਚੁੱਕੀ ਹੈ |
ਯੇਦੀਯੁਰੱਪਾ 2007 ਵਿਚ 7 ਦਿਨ ਮੁੱਖ ਮੰਤਰੀ ਰਹੇ | ਫਿਰ 2008 ਤੋਂ 2011 ਤੱਕ, ਮਈ 2018 ਵਿਚ ਤਿੰਨ ਦਿਨ ਅਤੇ ਫਿਰ ਜੁਲਾਈ 2019 ਤੋਂ ਜੁਲਾਈ 2021 ਤਕਿ ਮੁੱਖ ਮੰਤਰੀ ਰਹੇ | ਉਹ ਕਿਸੇ ਦੱਖਣੀ ਰਾਜ ਵਿਚ ਮੁੱਖ ਮੰਤਰੀ ਬਣਨ ਵਾਲੇ ਭਾਜਪਾ ਦੇ ਪਹਿਲੇ ਆਗੂ ਹਨ | ਇਸ ਵੇਲੇ ਸ਼ਿਕਾਰੀਪੁਰਾ ਤੋਂ ਵਿਧਾਇਕ ਹਨ | ਲਿੰਗਾਯਤ ਭਾਈਚਾਰੇ ਦੇ ਸਭ ਤੋਂ ਵੱਡੇ ਆਗੂ ਹਨ | ਇਸ ਭਾਈਚਾਰੇ ਦੀ ਸੂਬੇ ਵਿਚ 17 ਫੀਸਦੀ ਆਬਾਦੀ ਹੈ | ਉਹ 15 ਸਾਲ ਦੀ ਉਮਰ ਵਿਚ ਆਰ ਐੱਸ ਐੱਸ ਨਾਲ ਜੁੜੇ |
ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਕਿਹਾ ਕਿ ਮਾਮਲਾ ਬਹੁਤ ਸੰਵੇਦਨਸ਼ੀਲ ਹੈ, ਕਿਉਂਕਿ ਸਾਬਕਾ ਮੁੱਖ ਮੰਤਰੀ ਸ਼ਾਮਲ ਹਨ | ਉਨ੍ਹਾ ਨੂੰ ਨਹੀਂ ਲੱਗਦਾ ਕਿ ਇਸ ਵਿਚ ਸਿਆਸੀ ਐਂਗਲ ਹੈ | ਉਹ ਮਹਿਲਾ ਨੂੰ ਨਹੀਂ ਜਾਣਦੇ | ਪੁਲਸ ਨੇ ਉਸ ਨੂੰ ਮਨ੍ਹਾਂ ਨਹੀਂ ਕੀਤਾ ਤੇ ਮਾਮਲਾ ਦਰਜ ਕਰ ਲਿਆ |





