‘ਰਾਮ ਭਗਤਾਂ’ ਦਾ ਵਿਦੇਸ਼ੀ ਵਿਦਿਆਰਥੀਆਂ ’ਤੇ ਹਮਲਾ

0
190

ਅਹਿਮਦਾਬਾਦ : ਸ਼ਨੀਵਾਰ ਦੇਰ ਰਾਤ ਗੁਜਰਾਤ ਯੂਨੀਵਰਸਿਟੀ ਦੇ ਹੋਸਟਲ ਵਿਚ ਨਮਾਜ਼ ਅਦਾ ਕਰ ਰਹੇ ਵਿਦੇਸ਼ੀ ਵਿਦਿਆਰਥੀਆਂ ’ਤੇ ਹਮਲਾ ਕਰ ਦਿੱਤਾ ਗਿਆ, ਜਿਸ ’ਚ 5 ਵਿਦਿਆਰਥੀ ਜ਼ਖਮੀ ਹੋ ਗਏ। ਤਾਜ਼ਿਕਸਤਾਨ, ਅਫਗਾਨਿਸਤਾਨ, ਉਜ਼ਬੇਕਿਸਤਾਨ, ਬੰਗਲਾਦੇਸ਼, ਭੂਟਾਨ, ਸੀਰੀਆ, ਦੱਖਣੀ ਅਫਰੀਕਾ ਤੇ ਸ੍ਰੀਲੰਕਾ ਦੇ ਵਿਦਿਆਰਥੀ ਨਮਾਜ਼ ਪੜ੍ਹ ਰਹੇ ਸਨ ਤਾਂ ਗਮਛੇ ਪਾਈ ਤੇ ਜੈ ਸ੍ਰੀ ਰਾਮ ਦੇ ਨਾਅਰੇ ਲਾਉਦੀ ਭੀੜ ਹੋਸਟਲ ਵਿਚ ਆਣ ਵੜੀ ਤੇ ਵਿਦਿਆਰਥੀਆਂ ਨੂੰ ਕੁੱਟ ਦਿੱਤਾ। ਪਥਰਾਅ ਤੇ ਭੰਨਤੋੜ ਵੀ ਹੋਈ। ਅਫਗਾਨੀ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਰਮਜ਼ਾਨ ਦੀ ਰਾਤ ਉਹ ਏ ਬਲਾਕ ਵਿਚ ਤਰਾਵੀਹ (ਨਮਾਜ਼) ਪੜ੍ਹ ਰਹੇ ਸਨ ਕਿ ਬੀ ਬਲਾਕ ਵਿੱਚੋਂ ਆਏ ਤਿੰਨ ਵਿਦਿਆਰਥੀਆਂ ਨੇ ਵਿਰੋਧ ਕੀਤਾ। ਉਨ੍ਹਾਂ ਦੇ ਜਾਣ ਦੇ ਬਾਅਦ ਕਰੀਬ 200 ਲੋਕਾਂ ਦੀ ਭੀੜ ਪੁੱਜ ਗਈ ਤੇ ਜੈ ਸ੍ਰੀ ਰਾਮ ਦੇ ਨਾਅਰੇ ਲਾਉਦਿਆਂ ਹਮਲਾ ਸ਼ੁਰੂ ਕਰ ਦਿੱਤਾ। ਕੁਝ ਨੇ ਹੋਸਟਲ ਦੇ ਕਮਰਿਆਂ ਵਿਚ ਪਥਰਾਅ ਕੀਤਾ। ਕੁਝ ਹੋਸਟਲ ਵਿਚ ਵੜ ਗਏ ਅਤੇ ਲੈਪਟਾਪ, ਏ ਸੀ, ਅਲਮਾਰੀ, ਟੇਬਲ, ਦਰਵਾਜ਼ੇ ਤੇ ਮਿਊਜ਼ਿਕ ਸਿਸਟਮ ਤੋੜ ਦਿੱਤੇ। ਬਾਹਰ ਖੜ੍ਹੇ ਪੰਜ ਟੂ-ਵੀਲ੍ਹਰਾਂ ਦੀ ਵੀ ਭੰਨਤੋੜ ਕੀਤੀ। ਹਮਲਾ ਕਰਦੇ ਲੋਕ ਵੀਡੀਓ ਵਿਚ ਸਾਫ ਨਜ਼ਰ ਆ ਰਹੇ ਹਨ।
ਐਡੀਸ਼ਨਲ ਪੁਲਸ ਕਮਿਸ਼ਨਰ ਨੀਰਜ ਕੁਮਾਰ ਬੜਗੁਜਰ ਨੇ ਕਿਹਾ ਕਿ ਐੱਫ ਆਈ ਆਰ ਦਰਜ ਕਰ ਲਈ ਗਈ ਹੈ ਤੇ ਹਮਲਾਵਰ ਛੇਤੀ ਫੜ ਲਏ ਜਾਣਗੇ। ਪੁਲਸ ਕਮਿਸ਼ਨਰ ਜੀ ਐੱਸ ਮਲਿਕ ਨੇ ਦੱਸਿਆ ਕਿ ਯੂਨੀਵਰਸਿਟੀ ਵਿਚ ਕਰੀਬ 300 ਵਿਦੇਸ਼ੀ ਵਿਦਿਆਰਥੀ ਹਨ ਅਤੇ 75 ਏ ਬਲਾਕ ਹੋਸਟਲ ਵਿਚ ਰਹਿੰਦੇ ਹਨ। ਰਾਤੀਂ ਕਰੀਬ ਸਾਢੇ 10 ਵਜੇ ਉਹ ਨਮਾਜ਼ ਪੜ੍ਹ ਰਹੇ ਸਨ ਤਾਂ 20-25 ਲੋਕਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਇੱਥੇ ਕਿਉ ਨਮਾਜ਼ ਪੜ੍ਹ ਰਹੇ ਹਨ, ਮਸਜਿਦ ਵਿਚ ਜਾ ਕੇ ਪੜ੍ਹੋ। ਬਹਿਸ ਤੋਂ ਬਾਅਦ ਪੱਥਰਬਾਜ਼ੀ ਹੋ ਗਈ ਅਤੇ ਬਾਹਰੋਂ ਆਏ ਲੋਕਾਂ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਕਮਰਿਆਂ ਨੂੰ ਭੰਨਤੋੜ ਦਿੱਤਾ। ਪੁਲਸ ਨੇ 20-25 ਲੋਕਾਂ ਖਿਲਾਫ ਐੱਫ ਆਈ ਆਰ ਦਰਜ ਕੀਤੀ ਹੈ ਤੇ ਘੱਟੋ-ਘੱਟ ਇਕ ਦੀ ਪਛਾਣ ਕਰ ਲਈ ਹੈ। ਹਮਲਾਵਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਤਾਜ਼ਿਕਸਤਾਨ ਤੇ ਸ੍ਰੀਲੰਕਾ ਦੇ ਦੋ ਵਿਦਿਆਰਥੀਆਂ ਨੂੰ ਐੱਸ ਵੀ ਪੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਅਫਗਾਨੀ ਵਿਦਿਆਰਥੀ ਨੇ ਦੱਸਿਆ ਕਿ ਪੁਲਸ ਹਮਲਾਵਰਾਂ ਦੇ ਭੱਜ ਜਾਣ ਤੋਂ ਬਾਅਦ ਪੁੱਜੀ। ਪੀੜਤ ਵਿਦਿਆਰਥੀਆਂ ਨੇ ਕਿਹਾ ਕਿ ਜੇ ਇਹੀ ਹਾਲਤ ਹੈ ਤਾਂ ਸਰਕਾਰ ਵੀਜ਼ਾ ਕਿਉ ਦਿੰਦੀ ਹੈ। ਉਹ ਤਮਾਮ ਤਿਉਹਾਰਾਂ ਵਿਚ ਹਿੱਸਾ ਲੈਂਦੇ ਹਨ। ਸਭ ਨੂੰ ਭਰਾ ਸਮਝਦੇ ਹਨ। ਅਜਿਹੀ ਉਮੀਦ ਨਹੀਂ ਸੀ।

LEAVE A REPLY

Please enter your comment!
Please enter your name here