ਜ਼ਹਿਰੀਲੀ ਸ਼ਰਾਬ ਨਾਲ 4 ਮਜ਼ਦੂਰਾਂ ਦੀ ਮੌਤ, 2 ਨਾਜ਼ੁਕ

0
247

ਦਿੜ੍ਹਬਾ ਮੰਡੀ : ਨੇੜਲੇ ਪਿੰਡ ਗੁੱਜਰਾਂ ’ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 4 ਮਜ਼ਦੂਰਾਂ ਦੀ ਮੌਤ ਹੋ ਗਈ ਹੈ, ਜਦਕਿ 2 ਦੀ ਹਾਲਤ ਨਾਜ਼ੁਕ ਸੀ। ਮਿ੍ਰਤਕਾਂ ਦੀ ਪਛਾਣ ਭੋਲਾ ਸਿੰਘ (50), ਨਿਰਮਲ ਸਿੰਘ (42), ਪ੍ਰਗਟ ਸਿੰਘ (42) ਅਤੇ ਜਗਜੀਤ ਸਿੰਘ (30) ਵਜੋਂ ਹੋਈ ਹੈ। ਉਹ ਦਲਿਤ ਪਰਵਾਰਾਂ ਨਾਲ ਸੰਬੰਧਤ ਸਨ। ਥਾਣਾ ਦਿੜ੍ਹਬਾ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
4 ਮਜ਼ਦੂਰਾਂ ਨੇ ਦਮ ਤੋੜਿਆ
ਰੇਵਾੜੀ (ਹਰਿਆਣਾ) : ਰੇਵਾੜੀ ਦੇ ਧਾਰੂਹੇੜਾ ਉਦਯੋਗਿਕ ਖੇਤਰ ’ਚ ਕਲਪੁਰਜ਼ੇ ਬਣਾਉਣ ਵਾਲੀ ਕੰਪਨੀ ਦੀ ਫੈਕਟਰੀ ’ਚ ਬੁਆਇਲਰ ਫਟਣ ਕਾਰਨ ਜ਼ਖਮੀ ਹੋਏ 4 ਮਜ਼ਦੂਰਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 10 ਤੋਂ ਵੱਧ ਦੀ ਹਾਲਤ ਨਾਜ਼ੁਕ ਹੈ। ਰੋਹਤਕ ਦੇ ਪੀ ਜੀ ਆਈ ਐੱਮ ਐੱਸ ਹਸਪਤਾਲ ’ਚ ਮੰਗਲਵਾਰ ਰਾਤ 3 ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਦੀ ਦਿੱਲੀ ਦੇ ਸਫਦਰਜੰਗ ਹਸਪਤਾਲ ’ਚ ਮੌਤ ਹੋ ਗਈ। ਚਾਰੋਂ ਨੌਜਵਾਨ ਮਜ਼ਦੂਰ ਯੂ ਪੀ ਦੇ ਸਨ।
ਨਾਮਜ਼ਦਗੀਆਂ ਸ਼ੁਰੂ
ਨਵੀਂ ਦਿੱਲੀ : 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 102 ਸੰਸਦੀ ਹਲਕਿਆਂ ਲਈ ਬੁੱਧਵਾਰ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋ ਗਈ। ਇਨ੍ਹਾਂ ’ਚ ਪਹਿਲੇ ਪੜਾਅ ’ਚ 19 ਅਪਰੈਲ ਨੂੰ ਵੋਟਿੰਗ ਹੋਣੀ ਹੈ।
ਜ਼ੋਮੈਟੋ ਦੀ ਪਿਛਲਖੁਰੀ
ਨਵੀਂ ਦਿੱਲੀ : ਸ਼ਾਕਾਹਾਰੀ ਉਤਪਾਦਾਂ ਦੀ ਸਪਲਾਈ ਲਈ ਵੱਖਰੀ ਸੇਵਾ ਸ਼ੁਰੂ ਕਰਨ ’ਤੇ ਆਲੋਚਨਾ ਦਾ ਸ਼ਿਕਾਰ ਹੋ ਰਹੀ ਆਨਲਾਈਨ ਫੂਡ ਡਿਲੀਵਰੀ ਕੰਪਨੀ ਜ਼ੋਮੈਟੋ ਨੇ ਬੁੱਧਵਾਰ ਕਿਹਾ ਕਿ ਉਸ ਦੇ ਸਾਰੇ ਕਰਮਚਾਰੀ ਪਹਿਲਾਂ ਵਾਂਗ ਸਿਰਫ ਲਾਲ ਰੰਗ ਦੀ ਵਰਦੀ ’ਚ ਹੀ ਨਜ਼ਰ ਆਉਣਗੇ। ਜ਼ੋਮੈਟੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੀਪਇੰਦਰ ਗੋਇਲ ਨੇ ਕਿਹਾ-ਸ਼ਾਕਾਹਾਰੀ ਉਤਪਾਦਾਂ ਦੀ ਸਪਲਾਈ ਕਰਨ ਵਾਲੇ ਕਰਮਚਾਰੀਆਂ ਨੂੰ ਹਰੀ ਵਰਦੀ ਪਹਿਨਣ ਦੇ ਵਿਚਾਰ ਨੂੰ ਛੱਡਿਆ ਜਾ ਰਿਹਾ ਹੈ ਅਤੇ ਸਾਰੇ ਸਪਲਾਇਰ ਲਾਲ ਵਰਦੀਆਂ ’ਚ ਹੀ ਰਹਿਣਗੇ।

LEAVE A REPLY

Please enter your comment!
Please enter your name here