ਮੱਧ ਪ੍ਰਦੇਸ਼ ਸਰਕਾਰ ਸਭ ਤੋਂ ਭ੍ਰਿਸ਼ਟ ਤੇ ਨਾਅਹਿਲ : ਰਾਹੁਲ

0
11

ਨਵੀਂ ਦਿੱਲੀ : ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ‘ਤੇ ਬਾਲਾਘਾਟ ਜ਼ਿਲ੍ਹੇ ਵਿੱਚ 30 ਤੋਂ ਵੱਧ ਆਦਿਵਾਸੀ ਬੱਚਿਆਂ ਦੀਆਂ ਹੋਈਆਂ ਮੌਤਾਂ ਨੂੰ ਲੈ ਕੇ ਹਮਲਾ ਬੋਲਿਆ ਹੈ। ਉਨ੍ਹਾ ਦੋਸ਼ ਲਗਾਇਆ ਕਿ ਬਿਮਾਰੀ, ਕੁਪੋਸ਼ਣ ਅਤੇ ਨਾਕਾਫ਼ੀ ਸਿਹਤ ਸੰਭਾਲ ਨੇ ਬੱਚਿਆਂ ਦੀ ਜਾਨ ਲਈ ਹੈ। ਉਨ੍ਹਾਂ ਮੁੱਖ ਮੰਤਰੀ ਮੋਹਨ ਯਾਦਵ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇਕਰ ਤੁਹਾਨੂੰ ਦੀਵੇ ਜਗਾਉਣ ਅਤੇ ਜਸ਼ਨ ਮਨਾਉਣ ਤੋਂ ਬਾਅਦ ਸਮਾਂ ਮਿਲਿਆ ਹੈ ਤਾਂ ਰਾਜ ਦੀ ਜ਼ਮੀਨੀ ਹਕੀਕਤ ‘ਤੇ ਇੱਕ ਨਜ਼ਰ ਮਾਰੋ । ਉਨ੍ਹਾ ਦੋਸ਼ ਲਾਇਆ ਕਿ ਬਿਮਾਰੀ ਨਿਯੰਤਰਣ ਪ੍ਰਬੰਧਾਂ ਦੀ ਨਾਕਾਮੀ, ਪੋਸ਼ਣ , ਸਾਫ਼ ਪਾਣੀ ਦੀ ਘਾਟ, ਮਾੜੀ ਸਿਹਤ ਪ੍ਰਣਾਲੀ ਕਾਰਨ ਬੱਚਿਆਂ ਦੀਆਂ ਜ਼ਿੰਦਗੀਆਂ ਜੋਖਮ ਵਿੱਚ ਪੈ ਰਹੀਆਂ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਮਿਲਾਵਟੀ ਦਵਾਈਆਂ ਅਤੇ ਗੈਰ-ਕਾਨੂੰਨੀ ਸ਼ਰਾਬ ਰਾਜ ਭਰ ਦੇ ਪਰਵਾਰਾਂ ਨੂੰ ਪ੍ਰਭਾਵਤ ਕਰ ਰਹੀਆਂ ਹਨ। ਉਨ੍ਹਾ ਕਿਹਾ, ‘ਮੈਂ ਇੰਦੌਰ ਜਾ ਰਿਹਾ ਹਾਂ ਅਤੇ ਮੈਂ ਰਾਜ ਭਰ ਦੇ ਵਿਦਿਆਰਥੀਆਂ, ਨੌਜਵਾਨਾਂ ਅਤੇ ਆਮ ਲੋਕਾਂ ਤੋਂ ਲਗਾਤਾਰ ਫੀਡਬੈਕ ਇਕੱਠਾ ਕਰ ਰਿਹਾ ਹਾਂ।’ ਉਨ੍ਹਾ ਕਿਹਾ ਕਿ ਰਾਜ ਤੋਂ ਰਿਪੋਰਟ ਕੀਤੀਆਂ ਗਈਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਇਸ ਦੀ ਸਿੱਖਿਆ ਪ੍ਰਣਾਲੀ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਮਾੜੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਮੱਧ ਪ੍ਰਦੇਸ਼ ਸਰਕਾਰ ਅੱਜ ਭਾਰਤ ਦੀ ਸਭ ਤੋਂ ਭ੍ਰਿਸ਼ਟ ਅਤੇ ਸਭ ਤੋਂ ਅਯੋਗ ਸਰਕਾਰ ਹੈ, ਇਹ ਸੱਚਾਈ ਹੈ। ਕਾਂਗਰਸ ਨੇ ਮੌਤਾਂ ਨੂੰ ਲੈ ਕੇ ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਰਾਜੇਂਦਰ ਸ਼ੁਕਲਾ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਮੱਧ ਪ੍ਰਦੇਸ਼ ਹਾਈ ਕੋਰਟ ਨੇ ਪਿਛਲੇ ਹਫ਼ਤੇ ਮੌਤਾਂ ਸੰਬੰਧੀ ਇੱਕ ਜਨਹਿੱਤ ਪਟੀਸ਼ਨ ‘ਤੇ ਰਾਜ ਸਰਕਾਰ ਤੋਂ ਜਵਾਬ ਮੰਗਿਆ ਸੀ। ਕਾਰਜਕਾਰੀ ਚੀਫ਼ ਜਸਟਿਸ ਵਿਵੇਕ ਰੂਸੀਆ ਅਤੇ ਜਸਟਿਸ ਪ੍ਰਦੀਪ ਮਿੱਤਲ ਦੀ ਇੱਕ ਡਵੀਜ਼ਨ ਬੈਂਚ ਨੇ ਸਿਹਤ ਵਿਭਾਗ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਅਤੇ ਬਾਲਾਘਾਟ ਕੁਲੈਕਟਰ ਸਮੇਤ ਹੋਰਨਾਂ ਨੂੰ ਨੋਟਿਸ ਜਾਰੀ ਕੀਤੇ। ਪਟੀਸ਼ਨ ਵਿੱਚ ਨਾਕਾਫ਼ੀ ਇਲਾਜ ਦਾ ਦੋਸ਼ ਲਗਾਇਆ ਗਿਆ ਸੀ ਅਤੇ ਦਾਅਵਾ ਕੀਤਾ ਗਿਆ ਸੀ ਕਿ 50 ਬਿਸਤਰਿਆਂ ਦੀ ਸਮਰੱਥਾ ਵਾਲੇ ਹਸਪਤਾਲ ਵਿੱਚ ਲਗਭਗ 400 ਬੱਚਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਸੀ ਕਿ ਪ੍ਰਭਾਵਤ ਖੇਤਰਾਂ ਵਿੱਚ ਹੈਂਡਪੰਪ ਪੀਲੇ ਰੰਗ ਦਾ ਪਾਣੀ ਸਪਲਾਈ ਕਰ ਰਹੇ ਸਨ ਅਤੇ ਬੱਚਿਆਂ ਅਤੇ ਔਰਤਾਂ ਨੂੰ ਕਈ ਮਹੀਨਿਆਂ ਤੋਂ ਸਮੇਂ ਸਿਰ ਪੌਸ਼ਟਿਕ ਭੋਜਨ ਨਹੀਂ ਮਿਲਿਆ ਸੀ।